Connect with us

International

ਕਿਉਂ 4 ਫਰਵਰੀ ਨੂੰ ਮਨਾਇਆ ਜਾਂਦਾ ‘ਵਿਸ਼ਵ ਕੈਂਸਰ ਦਿਵਸ’?

Published

on

World Cancer Day 2025- 4 ਫਰਵਰੀ ਨੂੰ ‘ਵਿਸ਼ਵ ਕੈਂਸਰ ਦਿਵਸ’ ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮੰਤਵ ਲੋਕਾਂ ‘ਚ ਇਸ ਬਿਮਾਰੀ ਬਾਰੇ ਜਾਗਰੁਕਤਾ ਫੈਲਾਉਣ ਸਬੰਧੀ ਜੁੜਿਆ ਹੋਇਆ ਹੈ। ਕੈਂਸਰ ਵਰਗੀ ਜਾਨਲੇਵਾ ਬਿਮਾਰੀ ਨਾ ਉਮਰ ਦੇਖਦੀ ਹੈ ਅਤੇ ਨਾ ਹੀ ਕਿਸੇ ਹੋਰ ਚੀਜ਼ ਦਾ ਫ਼ਰਕ ਕਰਦੀ ਹੈ, ਪਰ ਜ਼ਿੰਦਗੀ ‘ਤੇ ਡੂੰਘੇ ਪ੍ਰਭਾਵ ਜ਼ਰੂਰ ਛੱਡ ਜਾਂਦੀ ਹੈ। ਹਰ ਸਾਲ 4 ਫਰਵਰੀ ਨੂੰ ਭਾਰਤ ਸਮੇਤ ਦੁਨੀਆ ਦੇ ਵੱਖ-ਵੱਖ ਦੇਸ਼ਾਂ ‘ਚ ਕੈਂਸਰ ਦੇ ਵੱਧ ਰਹੇ ਮਾਮਲਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਕੈਂਸਰ ਨੂੰ ਵਧਣ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ, ਇਸ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਵਿਸ਼ਵ ਕੈਂਸਰ ਦਿਵਸ ਮਨਾਉਣ ਦੀ ਸ਼ੁਰੂਆਤ ਯੂਨੀਅਨ ਫਾਰ ਇੰਟਰਨੈਸ਼ਨਲ ਕੈਂਸਰ ਕੰਟਰੋਲ (UICC)ਦੁਆਰਾ ਕੀਤੀ ਗਈ ਸੀ।

ਭਾਰਤ ਦੀ ਗੱਲ ਕਰੀਏ ਤਾਂ WHO ਦੀ ਰਿਪੋਰਟ ਅਨੁਸਾਰ ਹਰ 10 ‘ਚੋਂ ਇੱਕ ਭਾਰਤੀ ਨੂੰ ਕੈਂਸਰ ਦਾ ਖ਼ਤਰਾ ਹੈ। ਤੁਹਾਨੂੰ ਦੱਸ ਦੇਈਏ ਕਿ ਕੈਂਸਰ ਦੀਆਂ ਕਈ ਕਿਸਮਾਂ ਹੋ ਸਕਦੀਆਂ ਹਨ, ਇਸ ਦਾ ਖਤਰਾ ਹਰ ਉਮਰ ਭਾਵ ਬੱਚਾ ਹੋਵੇ, ਨੌਜਵਾਨ ਹੋਵੇ ਜਾਂ ਫਿਰ ਕੋਈ ਬਜ਼ੁਰਗ ਹੋਵੇ, ਕੋਈ ਔਰਤ ਹੋਵੇ ਜਾਂ ਫਿਰ ਮਰਦ ਸਭ ਵਿੱਚ ਦੇਖਿਆ ਜਾ ਰਿਹਾ ਹੈ। ਲੱਛਣਾਂ ਦੀ ਸਮੇਂ ਸਿਰ ਪਛਾਣ ਅਤੇ ਇਲਾਜ ਕੈਂਸਰ ਤੋਂ ਮੌਤ ਦੇ ਖ਼ਤਰੇ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦਾ ਹੈ।

ਵਿਸ਼ਵ ਕੈਂਸਰ ਦਿਵਸ 2024 ਦਾ ਇਤਿਹਾਸ-
ਵਿਸ਼ਵ ਸਿਹਤ ਸੰਗਠਨ ਦੀ ਪਹਿਲਕਦਮੀ ‘ਤੇ 1933 ‘ਚ ਸਵਿਟਜ਼ਰਲੈਂਡ ਦੇ ਜਨੇਵਾ ‘ਚ ਪਹਿਲਾ ਕੈਂਸਰ ਦਿਵਸ ਮਨਾਇਆ ਗਿਆ ਸੀ। ਉਦੋਂ ਤੋਂ, ਹਰ ਸਾਲ ਕੈਂਸਰ ਦਿਵਸ ‘ਤੇ ਇੱਕ ਨਵੀਂ ਥੀਮ ਜਾਰੀ ਕੀਤੀ ਜਾਂਦੀ ਹੈ। ਹਰ ਸਾਲ ਇਹ ਬਿਮਾਰੀ ਲੱਖਾਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੀ ਹੈ। ਅਜਿਹੇ ‘ਚ ਸਮੇਂ ‘ਤੇ ਇਸ ਦੇ ਲੱਛਣਾਂ ਦੀ ਪਛਾਣ ਕਰਕੇ ਜਾਨਾਂ ਬਚਾਈਆਂ ਜਾ ਸਕਦੀਆਂ ਹਨ।

ਵਿਸ਼ਵ ਕੈਂਸਰ ਦਿਵਸ ਦਾ ਉਦੇਸ਼-
ਇਸ ਦਿਨ ਦਾ ਉਦੇਸ਼ ਨਾ ਸਿਰਫ ਕੈਂਸਰ ਨਾਲ ਜੁੜੇ ਸਾਰੇ ਮੁੱਦਿਆਂ ਸਮੇਤ ਦੁਨੀਆ ਦੇ ਕੋਨੇ-ਕੋਨੇ ‘ਚ ਇਸ ਬਿਮਾਰੀ ਦੇ ਕਾਰਨਾਂ, ਲੱਛਣਾਂ ਅਤੇ ਇਲਾਜ ਬਾਰੇ ਜਾਗਰੂਕਤਾ ਫੈਲਾਉਣਾ ਹੈ, ਬਲਕਿ ਇਸ ਕੰਮ ਨੂੰ ਸਰਲ ਬਣਾਉਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਨਾ ਵੀ ਹੈ, ਕਿਉਂਕਿ ਕੋਸ਼ਿਸ਼ਾਂ ਕੈਂਸਰ ਦੇ ਵਿਸ਼ਵਵਿਆਪੀ ਪ੍ਰਭਾਵ ਨੂੰ ਘਟਾਉਣ ਅਤੇ ਇਸ ਕਾਰਨ ਹੋਣ ਵਾਲੇ ਜਾਨੀ ਨੁਕਸਾਨ ਨੂੰ ਘਟਾਉਣ ‘ਚ ਇੱਕ ਲੰਮਾ ਸਫ਼ਰ ਤੈਅ ਕਰ ਸਕਦੀਆਂ ਹਨ। ਵਿਸ਼ਵ ਕੈਂਸਰ ਦਿਵਸ ਦੇ ਮੌਕੇ ‘ਤੇ ਹਰ ਤਰ੍ਹਾਂ ਦੇ ਕੈਂਸਰ ਦੇ ਨਿਦਾਨ ਅਤੇ ਖਾਤਮੇ ਬਾਰੇ ਜਾਗਰੂਕਤਾ ਫੈਲਾਉਣ ਅਤੇ ਇਸ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕਰਨ ਲਈ ਨਾ ਸਿਰਫ਼ ਡਾਕਟਰਾਂ, ਸਗੋ ਸਰਕਾਰੀ, ਸਮਾਜਿਕ ਅਤੇ ਸਿਹਤ ਨਾਲ ਸਬੰਧਤ ਸੰਸਥਾਵਾਂ ਨੂੰ ਇੱਕ ਪਲੇਟਫਾਰਮ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸਰਕਾਰ, ਗੈਰ-ਸਰਕਾਰੀ, ਸਮਾਜਿਕ, ਵਿਦਿਅਕ ਅਤੇ ਸਿਹਤ ਨਾਲ ਸਬੰਧਤ ਸੰਸਥਾਵਾਂ ਵੱਲੋਂ ਵੀ ਕਈ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ।

ਕੈਂਸਰ ਦੀਆਂ ਕਿਸਮਾਂ ਅਤੇ ਖ਼ਤਰੇ
ਕਾਰਸੀਨੋਮਾ, ਸਾਰਕੋਮਾ, ਲਿੰਫੋਮਾ ਜਾਂ ਮਾਈਲੋਮਾ, ਲਿਊਕੇਮੀਆ, ਦਿਮਾਗ, ਰੀੜ੍ਹ ਦੀ ਹੱਡੀ ਦਾ ਕੈਂਸਰ ਇਸ ਦੀਆਂ ਕੁਝ ਆਮ ਕਿਸਮਾਂ ਹਨ। ਇਸ ਤੋਂ ਇਲਾਵਾ ਬਲੱਡ ਕੈਂਸਰ, ਫੇਫੜਿਆਂ ਦਾ ਕੈਂਸਰ, ਸਰਵਾਈਕਲ ਕੈਂਸਰ, ਬ੍ਰੈਸਟ ਕੈਂਸਰ ਉਹ ਖਤਰਨਾਕ ਕਿਸਮਾਂ ਹਨ ਜੋ ਲੋਕਾਂ ਨੂੰ ਲਗਾਤਾਰ ਪ੍ਰਭਾਵਿਤ ਕਰ ਰਹੀਆਂ ਹਨ। ਬਹੁਤ ਸਾਰੇ ਕੈਂਸਰ ਮਾੜੀ ਜੀਵਨ ਸ਼ੈਲੀ ਦੀਆਂ ਆਦਤਾਂ ਜਿਵੇਂ ਕਿ ਬਹੁਤ ਜ਼ਿਆਦਾ ਸ਼ਰਾਬ ਪੀਣਾ, ਮੋਟਾਪਾ, ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਅਤੇ ਸਰੀਰਕ ਗਤੀਵਿਧੀ ਦੀ ਕਮੀ ਕਾਰਨ ਹੁੰਦੇ ਹਨ। ਕੁਝ ਲੋਕ ਜੈਨੇਟਿਕ ਤੌਰ ‘ਤੇ ਵੀ ਕੈਂਸਰ ਲਈ ਸੰਵੇਦਨਸ਼ੀਲ ਹੁੰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਇਸ ਬਿਮਾਰੀ ਦਾ ਵਧੇਰੇ ਖ਼ਤਰਾ ਹੁੰਦਾ ਹੈ। ਘੱਟ ਪ੍ਰਤੀਰੋਧਕ ਸਮਰੱਥਾ ਵਾਲੇ ਲੋਕ ਆਪਣੇ ਆਪ ਨੂੰ ਵਧੇਰੇ ਜੋਖ਼ਮ ‘ਚ ਪਾਉਂਦੇ ਹਨ। ਕੈਂਸਰ ਪੈਦਾ ਕਰਨ ਲਈ ਕੁੱਝ ਸੰਕਰਮਣ ਵੀ ਜ਼ਿੰਮੇਵਾਰ ਹੋ ਸਕਦੇ ਹਨ ਅਤੇ ਹਰ ਸਾਲ ਲਗਭਗ 2.2 ਮਿਲੀਅਨ ਕੈਂਸਰ ਮੌਤਾਂ ਇਨ੍ਹਾਂ ਕਾਰਨ ਹੁੰਦੀਆਂ ਹਨ।

ਇਨ੍ਹਾਂ ਗੱਲ੍ਹਾਂ ਦਾ ਰੱਖੋ ਧਿਆਨ-
ਸਿਰਫ਼ ਕੈਂਸਰ ਹੀ ਨਹੀਂ, ਬਲਕਿ ਜ਼ਿਆਦਾਤਰ ਬਿਮਾਰੀਆਂ ਤੋਂ ਬਚਣ ਲਈ ਸਿਹਤਮੰਦ ਜੀਵਨ ਸ਼ੈਲੀ ਅਤੇ ਸਿਹਤ ਪ੍ਰਤੀ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ। ਇਸ ਲਈ ਸਾਬਤ ਅਨਾਜ, ਹਰੀਆਂ ਸਬਜ਼ੀਆਂ ਅਤੇ ਫਲਾਂ ਵਾਲੀ ਪੌਸ਼ਟਿਕ ਅਤੇ ਸੰਤੁਲਿਤ ਖੁਰਾਕ ਖਾਣਾ, ਅਨੁਸ਼ਾਸਿਤ ਅਤੇ ਕਿਰਿਆਸ਼ੀਲ ਜੀਵਨ ਸ਼ੈਲੀ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ, ਨਿਯਮਤ ਸਿਹਤ ਜਾਂਚ ਕਰਵਾਓ। ਸਰੀਰ ‘ਚ ਲਗਾਤਾਰ ਹੋਣ ਵਾਲੀ ਕਿਸੇ ਵੀ ਸਮੱਸਿਆ ਨੂੰ ਨਜ਼ਰਅੰਦਾਜ਼ ਨਾ ਕਰੋ ਅਤੇ ਡਾਕਟਰ ਦੀ ਸਲਾਹ ਲਓ। ਸਿਗਰਟਨੋਸ਼ੀ ਅਤੇ ਨਸ਼ੇ ਤੋਂ ਬਚੋ। ਜਿਨ੍ਹਾਂ ਲੋਕਾਂ ਦੇ ਪਰਿਵਾਰ ਵਿੱਚ ਕੈਂਸਰ ਦਾ ਇਤਿਹਾਸ ਹੈ, ਉਨ੍ਹਾਂ ਲਈ ਨਿਯਮਤ ਸਿਹਤ ਜਾਂਚ ਕਰਵਾਉਣਾ ਬਹੁਤ ਮਹੱਤਵਪੂਰਨ ਹੈ।