Punjab
ਰਾਏਕੋਟ ਵਿੱਚ ਕਿਉਂ ਬਣਿਆ ਖ਼ਾਲਿਸਤਾਨੀਆਂ ਦਾ ਖ਼ੌਫ ?
ਰਾਏਕੋਟ ਦੇ ਤਹਿਸੀਲ ਕੰਪਲੈਕਸ ਤੇ ਸਰਕਾਰੀ ਹਸਪਤਾਲ ਤੇ ਲਹਿਰਾਇਆ ਖ਼ਾਲਿਸਤਾਨੀ ਝੰਡਾ

ਰਾਏਕੋਟ ਦੇ ਤਹਿਸੀਲ ਕੰਪਲੈਕਸ ਤੇ ਸਰਕਾਰੀ ਹਸਪਤਾਲ ਤੇ ਲਹਿਰਾਇਆ ਖ਼ਾਲਿਸਤਾਨੀ ਝੰਡਾ
ਲੋਕਾਂ ਵਿੱਚ ਬਣਿਆ ਖ਼ੌਫ ਦਾ ਮਾਹੌਲ
CITU ਜੱਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਰੋਸ ਪ੍ਰਦਰਸ਼ਨ
ਰਾਏਕੋਟ, 4 ਸਤੰਬਰ:ਪੰਜਾਬ ਵਿੱਚ ਖ਼ਾਲਿਸਤਾਨੀ ਝੰਡੇ ਲਹਿਰਾਉਣ ਦੀ ਘਟਨਾਵਾਂ ਵੱਧਦੀਆਂ ਹੀ ਜਾਂਦੀਆਂ। ਮੋਗੇ ਦੇ ਮਾਮਲੇ ਵਿੱਚ ਤਾਂ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਉਸਦੇ ਬਾਅਦ ਬਠਿੰਡਾ ਦੀ ਭੂੱਚੋ ਮੰਡੀ ‘ਚ ਮਾਰਕਿਟ ਕਮੇਟੀ ਦੇ ਦਫਤਰ ਤੇ ਵੀ ਖ਼ਾਲਿਸਤਾਨੀ ਝੰਡਾ ਲਹਿਰਾਇਆ ਗਿਆ ਸੀ ਅਤੇ ਹੁਣ ਰਾਏਕੋਟ ਸ਼ਹਿਰ ‘ਚ ਤਹਿਸੀਲ ਕੰਪਲੈਕਸ ਅਤੇ ਸਰਕਾਰੀ ਹਸਪਤਾਲ ਵਿਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਖਾਲਿਸਤਾਨੀ ਝੰਡਾ ਲਹਿਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਜਾਣਕਾਰੀ ਲੋਕਾਂ ਨੂੰ ਸਵੇਰੇ 9 ਵਜੇ ਦੇ ਕਰੀਬ ਉਸ ਸਮੇਂ ਮਿਲੀ, ਜਦੋਂ ਟਾਈਪਿਸਟ ਯੂਨੀਅਨ ਤਹਿਸੀਲ ਰਾਏਕੋਟ ਦੇ ਪ੍ਰਧਾਨ ਭੁਪਿੰਦਰ ਸਿੰਘ ਗੋਬਿੰਦਗੜ ਤਹਿਸੀਲ ਕੰਪਲੈਕਸ ਵਿਚ ਆਪਣੀ ਦੁਕਾਨ ‘ਤੇ ਆਏ। ਉਨਾਂ ਦੇਖਿਆ ਕਿ ਤਹਿਸੀਲ ਕੰਪਲੈਕਸ ਦੇ ਗੇਟ ‘ਤੇ ਸੀਟੂ ਵੱਲੋਂ 1 ਮਈ ਨੂੰ ਲਹਿਰਾਇਆ ਗਿਆ ਝੰਡਾ ਕਿਸੇ ਨੇ ਪਾੜ ਕੇ ਉਤਾਰ ਦਿੱਤਾ ਅਤੇ ਉਸ ਜਗ੍ਹਾ ਕੇਸਰੀ ਝੰਡਾ ਲਹਿਰਾ ਦਿੱਤਾ ਗਿਆ। ਉੱਥੇ ਹੀ ਸਰਕਾਰੀ ਹਸਪਤਾਲ ਦੀ ਬਿਲਡਿੰਗ ਦੇ ਉੱਪਰ ਲੱਗੀ ਪਾਣੀ ਵਾਲੀ ਟੈਂਕੀ ‘ਤੇ ਵੀ ਇਹ ਕੇਸਰੀ ਝੰਡਾ ਲਹਿਰਾਇਆ ਗਿਆ ਸੀ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਅਤੇ ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਥਾਣਾ ਸਿਟੀ ਰਾਏਕੋਟ ਦੇ ਐੱਸਐੱਚਓ ਹੀਰਾ ਸਿੰਘ ਸੰਧੂ ਅਤੇ ਐੱਸਆਈ ਲਖਵੀਰ ਸਿੰਘ ਦੀ ਅਗਵਾਈ ਵਿਚ ਆਈ ਪੁਲਿਸ ਪਾਰਟੀ ਨੇ ਝੰਡੇ ਨੂੰ ਉਤਾਰ ਕੇ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਚੈੱਕ ਕਰਕੇ ਉਕਤ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਧਰ ਤਹਿਸੀਲ ਕੰਪਲੈਕਸ ਵਿਚ ਸੀਟੂ ਦਾ ਝੰਡਾ ਪਾੜ ਕੇ ਉਤਾਰੇ ਜਾਣ ਖਿਲਾਫ਼ ਸੀਟੂ ਨਾਲ ਸਬੰਧਿਤ ਜੱਥੇਬੰਦੀਆਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਤਹਿਸੀਲ ਟਾਈਪਿਸਟ ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ ਗੋਬਿੰਦਗੜ ਨੇ ਨਿਖੇਧੀ ਕਰਦਿਆ ਪ੍ਰਸ਼ਾਸਨ ਤੋਂ ਇਸ ਸਬੰਧ ਵਿਚ ਸ਼ਰਾਰਤੀ ਅਨਸਰਾਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਥਾਣਾ ਮੁੱਖੀ ਹੀਰਾ ਸਿੰਘ ਨੇ ਆਖਿਆ ਕਿ ਇਹ ਝੰਡਾ ਸਿੱਖਾਂ ਦਾ ਆਮ ਕੇਸਰੀ ਝੰਡਾ ਹੈ, ਇਸ ਨੂੰ ਖਾਲਿਸਤਾਨ ਦੇ ਝੰਡੇ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ, ਬਲਕਿ ਕੁਝ ਸ਼ਰਾਰਤੀ ਅਨਸਰਾਂ ਨੇ ਇਸ ਸ਼ਹਿਰ ਦਾ ਮਾਹੌਲ ਖਰਾਬ ਕਰਨ ਲਈ ਇਹ ਕੰਮ ਕੀਤਾ ਹੈ। ਇਸ ਲਈ ਉਨਾਂ ਦੀ ਭਾਲ ਕਰਕੇ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।ਇਸ ਘਟਨਾ ਦੀ ਰਾਏਕੋਟ ਇਲਾਕੇ ਵਿਚ ਕਾਫੀ ਚਰਚਾ ਚੱਲ ਰਹੀ ਹੈ।
Continue Reading