Punjab
ਕੀ ਇਸ ਵਾਰ ਕਿਸਾਨਾਂ ਦੇ ਚਿਹਰੇ ਖਿੜਾਏਗਾ ਮੌਸਮ, ਖ਼ਤਮ ਹੋ ਰਿਹੈ ਅਲ ਨੀਨੋ ਦਾ ਪ੍ਰਭਾਵ

1 ਮਾਰਚ 2024: ਕਿਸਾਨ ਫਸਲਾਂ ਦੀ ਐਮਐਸਪੀ ਨੂੰ ਲੈ ਕੇ ਭਾਵੇਂ ਸੰਘਰਸ਼ ਕਰ ਰਹੇ ਹਨ, ਪਰ ਆਉਣ ਵਾਲੇ ਸਮੇਂ ਵਿੱਚ ਫਸਲਾਂ ਨੂੰ ਲੈ ਕੇ ਉਨ੍ਹਾਂ ਲਈ ਇਕ ਚੰਗੀ ਗੱਲ ਸਾਹਮਣੇ ਆਈ ਹੈ। ਮੌਮਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਵਾਰ ਹਾੜੀ ਦੀ ਫਸਲ ਲਈ ਕਿਸਾਨਾਂ ਨੂੰ ਬਹੁਤੀਆਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਯਾਨੀ, ਇਸ ਸਾਲ ਸੋਕਾ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸਦਾ ਕਾਰਣ ਘਟ ਰਿਹਾ ਅਲਨੀਨੋ ਦਾ ਪ੍ਰਭਾਵ ਮੰਨਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਅਲਨੀਨੋ ਦਾ ਸੰਬੰਧ ਮੌਸਮਾਂ ਦੀ ਤਬਦੀਲੀ ਨਾਲ ਹੈ। ਦਰਅਸਲ, ਇਸਦੇ ਪ੍ਰਭਾਵ ਨਾਲ ਮੌਸਮ ਵਿੱਚ ਅਣਕਿਆਸੀਆਂ ਤਬਦੀਲੀਆਂ ਵਾਪਰਦੀਆਂ ਹਨ, ਜਿਹਨਾਂ ਦਾ ਵਾਤਾਵਰਨ ਤੇ ਬੁਰਾ ਪ੍ਰਭਾਵ ਪੈਂਦਾ ਹੈ। ਕਦੇ ਗਰਮੀਆਂ ਸਮੇਂ ਤੋਂ ਪਹਿਲਾਂ ਆ ਜਾਂਦੀਆਂ ਹਨ ਤੇ ਕਦੇ ਸਰਦੀਆਂ ਦੇਰ ਤੱਕ ਨਹੀਂ ਜਾਂਦੀਆਂ। ਮੌਸਮ ਦੇ ਬਦਲਣ ਦਾ ਕੋਈ ਤੈਅ ਸਮਾਂ ਨਹੀਂ ਰਹਿੰਦਾ। ਜਿਸ ਕਾਰਣ ਮਨੁੱਖਾਂ ਦੀ ਸਿਹਤ ਤੋਂ ਲੈ ਕੇ ਫਸਲਾਂ ਤੱਕ ਇਸਦਾ ਪ੍ਰਭਾਵ ਪੈਂਦਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਸਾਲ ਅਲਨੀਨੋ ਦਾ ਅਸਰ ਘਟ ਰਿਹਾ ਹੈ, ਜਿਸ ਕਾਰਣ ਮਾਨਸੂਨ ਸਮੇਂ ਸਿਰ ਅਤੇ ਸਹੀ ਮਾਤਰਾ ਵਿੱਚ ਹੋਣ ਦੀ ਉਮੀਦ ਹੈ। ਇਸਦਾ ਸਿੱਧਾ ਅਸਰ ਅਗਲੀ ਫਸਲ ’ਤੇ ਪਵੇਗਾ।
ਕੀ ਹੈ ਅਲਨੀਨੋ?
ਅਲ ਨੀਨੋ ਪ੍ਰਭਾਵ ਮੱਧ ਅਤੇ ਪੂਰਬੀ ਪ੍ਰਸ਼ਾਂਤ ਮਹਾਸਾਗਰ ਵਿੱਚ ਸਾਧਾਰਨ ਸਮੁੰਦਰੀ ਤਾਪਮਾਨਾਂ ਤੋਂ ਵੱਧ ਹੋਣ ਦੀ ਵਿਸ਼ੇਸ਼ਤਾ ਹੈ। ਜੇਕਰ ਸਰਲ ਭਾਸ਼ਾ ਵਿੱਚ ਸਮਝੀਏ ਤਾਂ ਇਸ ਪ੍ਰਭਾਵ ਕਾਰਨ ਤਾਪਮਾਨ ਬਹੁਤ ਵਧ ਜਾਂਦਾ ਹੈ। ਇਸ ਕਾਰਨ ਪੱਛਮੀ ਪ੍ਰਸ਼ਾਂਤ ਖੇਤਰ ਵਿੱਚ ਮੌਜੂਦ ਗਰਮ ਸਤਹ ਦਾ ਪਾਣੀ ਭੂਮੱਧ ਰੇਖਾ ਦੇ ਨਾਲ ਪੂਰਬ ਵੱਲ ਵਧਣਾ ਸ਼ੁਰੂ ਹੋ ਜਾਂਦਾ ਹੈ, ਜਿਸ ਨਾਲ ਭਾਰਤ ਦਾ ਮੌਸਮ ਪ੍ਰਭਾਵਿਤ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸੋਕੇ ਦੀ ਸਥਿਤੀ ਪੈਦਾ ਹੋ ਜਾਂਦੀ ਹੈ। ਪਿਛਲੇ ਕੁਝ ਸਾਲਾਂ ਵਿੱਚ ਅਜਿਹੀਆਂ ਤਬਦੀਲੀਆਂ ਸਾਹਮਣੇ ਆਉਂਦੀਆਂ ਰਹੀਆਂ ਹਨ।
ਅਲਨੀਨੋ ਦਾ ਅਸਰ
ਐਲ ਨੀਨੋ ਕਿਸੇ ਇੱਕ ਸਥਾਨ ਨੂੰ ਪ੍ਰਭਾਵਿਤ ਨਹੀਂ ਕਰਦਾ ਸਗੋਂ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰਦਾ ਹੈ। ਇਸ ਕਾਰਨ ਕੁਝ ਇਲਾਕਿਆਂ ‘ਚ ਸੋਕਾ ਪੈ ਰਿਹਾ ਹੈ ਅਤੇ ਕੁਝ ਇਲਾਕਿਆਂ ‘ਚ ਭਾਰੀ ਮੀਂਹ। ਖ਼ਾਸ ਤੌਰ ’ਤੇ ਇਸਦਾ ਵਿਸ਼ਵ ਭਰ ਦੇ ਖੇਤੀ ਉਤਪਾਦਨ, ਜਲ ਸਰੋਤਾਂ ਅਤੇ ਮਨੁੱਖੀ ਆਬਾਦੀ ‘ਤੇ ਗੰਭੀਰ ਪ੍ਰਭਾਵ ਪੈਂਦਾ ਹੈ। ਹਾਲਾਂਕਿ ਇਸ ਕਾਰਨ ਕੁਝ ਸਕਾਰਾਤਮਕ ਘਟਨਾਵਾਂ ਵੀ ਵਾਪਰਦੀਆਂ ਹਨ। ਉਦਾਹਰਣ ਵਜੋਂ, ਅਟਲਾਂਟਿਕ ਮਹਾਸਾਗਰ ਵਿੱਚ ਤੂਫ਼ਾਨ ਦੀਆਂ ਘਟਨਾਵਾਂ ਘਟਦੀਆਂ ਹਨ।
ਇਸ ਵਾਰ ਮੌਸਮ ਤੇ ਕੀ ਰਹੇਗਾ ਪ੍ਰਭਾਵ?
ਪਿਛਲੇ ਕੁਝ ਸਮੇਂ ਤੋਂ ਅਲ ਨੀਨੋ ਦੇ ਪ੍ਰਭਾਵ ਕਾਰਣ ਮੌਸਮ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਵੇਖੀਆਂ ਗਈਆਂ। ਕਈ ਥਾਵਾਂ ’ਤੇ ਸੋਕਾ ਅਤੇ ਕਈ ਥਾਵਾਂ ’ਤੇ ਹੜ੍ਹ ਆਉਂਦੇ ਰਹੇ। ਇਸਦਾ ਅਸਰ ਦੇਸ਼ ਦੇ ਕਈ ਖੇਤਰਾਂ ਵਿੱਚ ਵੀ ਦੇਖਣ ਨੂੰ ਮਿਲਿਆ। ਜਿਸ ਤਰ੍ਹਾਂ ਦੀ ਬਾਰਿਸ਼ ਕਈ ਸਾਲ ਪਹਿਲਾਂ ਦੇਸ਼ ਵਿਚ ਹੁੰਦੀ ਸੀ ਅਤੇ ਜਿਸ ਤਰ੍ਹਾਂ ਦੇ ਬਦਲਦੇ ਮੌਸਮ ਨਾਲ ਤਾਪਮਾਨ ਵਿਚ ਬਦਲਾਅ ਦੇਖਿਆ ਜਾਂਦਾ ਸੀ, ਉਹ ਨਹੀਂ ਹੋ ਰਿਹਾ ਸੀ। ਭਾਰਤ ਦੇ ਮਾਨਸੂਨ ਅਤੇ ਮੌਸਮ ਨਾਲ ਸਬੰਧਤ ਸਾਰੀਆਂ ਗਤੀਵਿਧੀਆਂ ‘ਤੇ ‘ਅਲ ਨੀਨੋ’ ਅਤੇ ‘ਲਾ ਨੀਨਾ’ ਦਾ ਪ੍ਰਭਾਵ ਪਿਛਲੇ ਕੁਝ ਦਹਾਕਿਆਂ ਤੋਂ ਵੱਧਦਾ ਨਜ਼ਰ ਆ ਰਿਹਾ ਸੀ।
ਭਾਰਤ ਤੋਂ ਮਾਨਸੂਨ ਫਿਲਹਾਲ 3 ਮਹੀਨੇ ਦੂਰ ਹੈ। ਭਾਰਤੀ ਅਰਥਵਿਵਸਥਾ ‘ਤੇ ਇਸ ਦੇ ਡੂੰਘੇ ਪ੍ਰਭਾਵ ਕਾਰਨ, ਸਰਕਾਰ ਤੋਂ ਲੈ ਕੇ ਕਾਰੋਬਾਰੀਆਂ ਤੱਕ ਹਰ ਕੋਈ ਪਹਿਲਾਂ ਹੀ ਮਾਨਸੂਨ ਦੇ ਸੰਕੇਤਾਂ ‘ਤੇ ਨਜ਼ਰ ਰੱਖ ਰਿਹਾ ਹੈ। ਫਿਲਹਾਲ ਜੋ ਵੀ ਸੰਕੇਤ ਮਿਲ ਰਹੇ ਹਨ, ਉਨ੍ਹਾਂ ਮੁਤਾਬਕ ਇਸ ਸਾਲ ਭਾਰੀ ਮੀਂਹ ਪੈ ਸਕਦਾ ਹੈ। ਜਿਸ ਤੋਂ ਇਹ ਸਾਫ਼ ਸਾਫ਼ ਨਜ਼ਰ ਆ ਰਿਹਾ ਹੈ ਕਿ ਇਸ ਸਾਲ ਅਲ ਨੀਨੋ ਦਾ ਪ੍ਰਭਾਵ ਖ਼ਤਮ ਹੁੰਦਾ ਨਜ਼ਰ ਆ ਰਿਹਾ ਹੈ। ਐਲ ਨੀਨੋ ਕਾਰਨ ਸਾਲ 2023 ਵਿੱਚ ਔਸਤ ਤੋਂ ਘੱਟ ਮੀਂਹ ਦਰਜ ਕੀਤਾ ਗਿਆ ਸੀ।
ਅੰਦਾਜ਼ਾ ਕੀ ਹੈ
ਇਕ ਮੀਡਿਆ ਰਿਪੋਰਟ ਦੇ ਮੁਤਾਬਿਕ, ਪਿਛਲੇ ਹਫਤੇ ਸਿਰਫ ਦੋ ਅੰਤਰਰਾਸ਼ਟਰੀ ਮੌਸਮ ਏਜੰਸੀਆਂ ਨੇ ਕਿਹਾ ਸੀ ਕਿ ਅਲ ਨੀਨੋ ਦਾ ਪ੍ਰਭਾਵ ਘੱਟ ਰਿਹਾ ਹੈ ਅਤੇ ਲਾ ਨੀਨੋ ਦਾ ਪ੍ਰਭਾਵ ਅਗਸਤ ਵਿਚ ਦੇਖਿਆ ਜਾ ਸਕਦਾ ਹੈ। ਰਿਪੋਰਟ ਮੁਤਾਬਕ ਜੇਕਰ ਜੂਨ ਤੋਂ ਅਗਸਤ ਦਰਮਿਆਨ ਲਾ ਨੀਨਾ ਹਾਲਾਤ ਬਣੇ ਰਹਿੰਦੇ ਹਨ ਤਾਂ ਮੀਂਹ ਪਿਛਲੇ ਸਾਲ ਨਾਲੋਂ ਬਿਹਤਰ ਹੋ ਸਕਦਾ ਹੈ। ਇਸ ਦੇ ਨਾਲ ਹੀ ਭਾਰਤ ਮੌਸਮ ਵਿਭਾਗ ਦੇ ਇੱਕ ਸੀਨੀਅਰ ਵਿਗਿਆਨੀ ਨੇ ਪੀਟੀਆਈ ਨੂੰ ਦੱਸਿਆ ਕਿ ਫਿਲਹਾਲ ਲਾ ਨੀਨਾ ਬਾਰੇ ਯਕੀਨ ਨਾਲ ਕੁਝ ਨਹੀਂ ਕਿਹਾ ਜਾ ਸਕਦਾ। ਹਾਲਾਂਕਿ ਹੁਣ ਤੱਕ ਦੇ ਸਾਰੇ ਮਾਡਲ ਦਿਖਾ ਰਹੇ ਹਨ ਕਿ ਐਲ ਨੀਨੋ ਦਾ ਪ੍ਰਭਾਵ ਖਤਮ ਹੋਣ ਵਾਲਾ ਹੈ। ਇਸ ਦੇ ਨਾਲ ਹੀ, ਮਾਹਰ ਇਹ ਮੰਨ ਰਹੇ ਹਨ ਕਿ ਕੀ ਲਾ ਨੀਨਾ ਸਥਿਤੀ ਬਣੀ ਰਹਿੰਦੀ ਹੈ ਜਾਂ ਹਾਲਾਤ ਆਮ ਰਹਿੰਦੇ ਹਨ। ਐਲ ਨੀਨੋ ਦਾ ਪ੍ਰਭਾਵ ਖਤਮ ਹੋਣ ਤੋਂ ਬਾਅਦ ਇਸ ਸਾਲ ਬਾਰਿਸ਼ ਪਿਛਲੇ ਸਾਲ ਦੇ ਮੁਕਾਬਲੇ ਬਿਹਤਰ ਹੋਵੇਗੀ।
ਭਾਰਤ ਲਈ ਮਾਨਸੂਨ ਦੀ ਭਵਿੱਖਬਾਣੀ ਮਹੱਤਵਪੂਰਨ ਕਿਉਂ ਹੈ?
ਭਾਰਤ ਵਰਗੇ ਦੇਸ਼ ਲਈ ਮਾਨਸੂਨ ਦੀ ਭਵਿੱਖਬਾਣੀ ਕਿਸਾਨਾਂ ਲਈ ਮਹੱਤਵਪੂਰਨ ਹੈ ਕਿਉਂਕਿ ਇਸ ਦੀ ਮਦਦ ਨਾਲ ਖੇਤੀ ਲਈ ਸਹੀ ਰਣਨੀਤੀ ਬਣਾਈ ਜਾ ਸਕਦੀ ਹੈ। ਭਾਰਤ ਵਿੱਚ ਖੇਤੀ ਦਾ ਇੱਕ ਵੱਡਾ ਹਿੱਸਾ ਮਾਨਸੂਨ ‘ਤੇ ਨਿਰਭਰ ਕਰਦਾ ਹੈ। ਖੇਤੀਬਾੜੀ ਖੇਤਰ ਦੀ ਸਮੁੱਚੀ ਆਰਥਿਕਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ।
ਸਾਲ 2023 ਵਿੱਚ ਮਾਨਸੂਨ ਦੀ ਬਾਰਿਸ਼ ਔਸਤ ਨਾਲੋਂ 820 ਮਿਲੀਮੀਟਰ ਘੱਟ ਸੀ। ਲੰਬੀ ਮਿਆਦ ਦੀ ਔਸਤ 868.6 ਮਿਲੀਮੀਟਰ ਹੈ। ਐਲ ਨੀਨੋ ਦੇ ਪ੍ਰਭਾਵ ਕਾਰਨ ਬਾਰਸ਼ ਵਿੱਚ ਕਮੀ ਦੇਖੀ ਗਈ।