National
ਕਾਲ ਬਣੇ ਮੋਮੋਸ ਕਾਲ, ਲੈ ਲਈ ਔਰਤ ਦੀ ਜਾਨ!
ਸੁਆਦਾਂ ਸੁਆਦਾਂ ਨਾਲ ਮੋਮਸ ਖਾਣ ਦੇ ਸ਼ੌਕੀਨੋ ਧਿਆਨ ਨਾਲ ਸੁਣ ਲਓ ਇਹ ਖ਼ਬਰ, ਜਾਣ ਕੇ ਤੁਹਾਨੂੰ ਵੀ ਹੈਰਾਨੀ ਜ਼ਰੂਰ ਹੋਵੇਗੀ। ਦਰਅਸਲ ਮੋਮਸ ਖਾਣ ਨਾਲ ਇਕ ਔਰਤ ਦੀ ਮੌਤ ਹੋ ਗਈ ਜਦਕਿ ਕਈ ਲੋਕ ਹਾਲੇ ਵੀ ਬੀਮਾਰ ਨੇ। ਇਹ ਖਬਰ ਤੇਲੰਗਾਨਾ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਹੈਦਰਾਬਾਦ ਵਿੱਚ ਮੋਮਸ ਇਕ ਔਰਤ ਲਈ ਕਾਲ ਬਣ ਗਏ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਹੈਰਾਨ ਹੈ। ਮ੍ਰਿਤਕ ਔਰਤ ਦੇ ਪਰਿਵਾਰ ਵਾਲਿਆਂ ਨੇ ਪੁਲਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ। ਆਓ ਜਾਣਦੇ ਹਾਂ ਇਸ ਪੂਰੀ ਘਟਨਾ ਬਾਰੇ ਵਿਸਥਾਰ ਨਾਲ।
ਹੈਦਰਾਬਾਦ ਦੇ ਬੰਜਾਰਾ ਹਿੱਲਸ ਵਿਚ ਸੜਕ ਕੰਢੇ ਇਕ ਠੇਲੇ ਵਾਲਾ ਮੋਮੋਸ ਵੇਚ ਰਿਹਾ ਸੀ, ਜਿੱਥੇ ਬੀਤੇ ਸ਼ੁੱਕਰਵਾਰ ਨੂੰ 31 ਸਾਲ ਦੀ ਰੇਸ਼ਮਾ ਬੇਗਮ, ਉਨ੍ਹਾਂ ਦੇ ਬੱਚੇ ਤੇ ਸਿੰਗਦਕੁੰਤਾ ਬਸਤੀ ਦੇ ਕੋਈ ਹੋਰ ਲੋਕਾਂ ਨੇ ਸ਼ੁੱਕਰਵਾਰ ਨੂੰ ਮੋਮੋਜ ਖਾਧੇ ਸੀ। ਸ਼ਨੀਵਾਰ ਨੂੰ ਉਨ੍ਹਾਂ ਨੂੰ ਪੇਟ ਖਰਾਬ, ਉਲਟੀਆਂ ਅਤੇ ਕਈ ਹੋਰ ਤਰ੍ਹਾਂ ਦੀਆਂ ਸਮੱਸਿਆਵਾਂ ਹੋਣੀਆਂ ਸ਼ੁਰੂ ਹੋ ਗਈਆਂ। ਉਨ੍ਹਾਂ ਸਭ ਨੂੰ ਇਲਾਜ ਲਈ ਬੰਜਾਰਾ ਹਿੱਲਸ ਦੇ ਵੱਖ-ਵੱਖ ਹਸਪਤਾਲਾਂ ਵਿਚ ਲਿਜਾਇਆ ਗਿਆ। ਰੇਸ਼ਮਾ ਬੇਗਮ ਦੀ ਹਾਲਤ ਗੰਭੀਰ ਹੋਣ ’ਤੇ ਉਸ ਨੂੰ ਨਿਜਾਮ ਇੰਸਟੀਚਿਊਟ ਆਫ ਮੈਡੀਕਲ ਸਾਇੰਸੇਜ਼ ਵਿਚ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਮੋਮੋਜ ਤੋਂ ਇਲਾਵਾ ਮਿਊਨਿਸ ਤੇ ਚਟਨੀ ਦੇ ਕਾਰਣ ਵੀ ਭੋਜਨ ਜ਼ਹਿਰੀਲਾ ਹੋ ਸਕਦਾ ਹੈ।
ਦੂਜੇ ਪਾਸੇ ਇਸ ਘਟਨਾ ਤੋਂ ਬਾਅਦ ਜ਼ਿਲ੍ਹੇ ਦੇ ਅਧਿਕਾਰੀ ਤਰੁੰਤ ਹਰਕਤ ਵਿੱਚ ਆਏ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਮੋਮੋਜ ਵੇਚਣ ਵਾਲੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕੁਝ ਪੀੜਿਤਾਂ ਨੇ ਬੰਜਾਰਾ ਹਿੱਲਸ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਇਸ ਤੋਂ ਇਲਾਵਾ ਗ੍ਰੇਟਰ ਹੈਦਰਾਬਾਦ ਮਿਉਂਸਪਲ ਕਾਰਪੋਰੇਸ਼ਨ ਨੇ ਇਸ ਸਬੰਧ ਵਿੱਚ ਇੱਕ ਬਿਆਨ ਜਾਰੀ ਕੀਤਾ ਹੈ। ਰੀਲੀਜ਼ ਦੇ ਅਨੁਸਾਰ, ਫੂਡ ਸੇਫਟੀ ਅਧਿਕਾਰੀਆਂ ਨੇ ਪੁਲਸ ਦੀ ਮਦਦ ਨਾਲ ਘਟਨਾ ਵਿੱਚ ਸ਼ਾਮਲ ਸਟ੍ਰੀਟ ਵਿਕਰੇਤਾ ਦਾ ਪਤਾ ਲਗਾਇਆ। ਇੱਥੇ ਪਤਾ ਲੱਗਾ ਕਿ ਇਹ ਬਿਨਾਂ ਲਾਇਸੈਂਸ ਤੋਂ ਚਲਾਇਆ ਜਾ ਰਿਹਾ ਸੀ। ਨਿਗਮ ਅਧਿਕਾਰੀਆਂ ਨੇ ਭੋਜਨ ਦੇ ਨਮੂਨੇ ਜਾਂਚ ਲਈ ਲੈਬਾਰਟਰੀ ਭੇਜ ਦਿੱਤੇ ਹਨ। ਇਸ ਦੇ ਨਾਲ ਹੀ ਦੁਕਾਨਦਾਰ ਦਾ ਕਾਰੋਬਾਰ ਬੰਦ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ।