Punjab
ਵੇਰਕਾ ਪਟਿਆਲਾ ਡੇਅਰੀ ਵੱਲੋਂ ’ਵਿਸ਼ਵ ਦੁੱਧ ਦਿਵਸ’ ਮਨਾਇਆ ਗਿਆ

ਪਟਿਆਲਾ: ਵੇਰਕਾ ਪਟਿਆਲਾ ਡੇਅਰੀ ਵੱਲੋਂ ਅੱਜ ਧੰਨਾ ਭਗਤ ਬਿਰਧ ਆਸ਼ਰਮ, ਪਟਿਆਲਾ ਵਿਖੇ ਰਹਿੰਦੇ ਬਜ਼ੁਰਗਾਂ ਨਾਲ “ਵਿਸ਼ਵ ਦੁੱਧ ਦਿਵਸ” ਮਨਾਇਆ ਗਿਆ। ਇਸ ਮੌਕੇ ’ਤੇ ਵੇਰਕਾ ਮਿਲਕ ਪਲਾਂਟ ਪਟਿਆਲਾ ਦੇ ਜਨਰਲ ਮੈਨੇਜਰ ਡਾ. ਸੁਰਜੀਤ ਸਿੰਘ ਭਦੌੜ, ਰਜਤ ਖੰਨਾ, ਮੈਨੇਜਰ ਪ੍ਰੋਡਕਸ਼ਨ, ਗੁਰਪ੍ਰੀਤ ਸਿੰਘ, ਇੰਚਾਰਜ ਮਾਰਕੀਟਿੰਗ ਅਤੇ ਤਰਸੇਮ ਲਾਲ ਮੌਜੂਦ ਸਨ।
ਮਿਲਕ ਪਲਾਂਟ ਦੇ ਅਧਿਕਾਰੀਆਂ ਵੱਲੋਂ ਬਿਰਧ ਆਸ਼ਰਮ ਵਿੱਚ ਰਹਿੰਦੇ ਬਜ਼ੁਰਗਾਂ ਨੂੰ ਦੁੱਧ ਦੀ ਮਹੱਤਤਾ ਅਤੇ ਗੁਣਵੱਤਾ ਬਾਰੇ ਜਾਣੂ ਕਰਵਾਉਂਦੇ ਹੋਏ ਵੇਰਕਾ ਮਿਲਕ ਪਲਾਂਟ, ਪਟਿਆਲਾ ਵਿਖੇ ਦੁੱਧ ਪਾਸੁਚਰਾਇਜਡ ਕਰਨ ਅਤੇ ਦੁੱਧ ਪਦਾਰਥ ਤਿਆਰ ਕਰਨ ਦੀ ਪ੍ਰਕ੍ਰਿਆ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਵੇਰਕਾ ਦੁਆਰਾ ਤਿਆਰ ਕੀਤੇ ਜਾਂਦੇ ਪੀਓ ਦੁੱਧ ਅਤੇ ਹੋਰ ਦੁੱਧ ਪਦਾਰਥ ਵੀ ਵਰਤਾਏ ਗਏ।
ਇਸ ਮੌਕੇ ਜਨਰਲ ਮੈਨੇਜਰ ਡਾ.ਸੁਰਜੀਤ ਸਿੰਘ ਭਦੌੜ ਨੇ ਦੱਸਿਆ ਕਿ ਵੇਰਕਾ ਇੱਕ ਸਹਿਕਾਰੀ ਅਦਾਰਾ ਹੈ ਅਤੇ ਦੁੱਧ ਉਤਪਾਦਕਾਂ/ਉਪਭੋਗਤਾਵਾਂ ਦੀ ਭਲਾਈ ਲਈ ਹਮੇਸ਼ਾ ਵਚਨਬੱਧ ਹੈ। ਵੇਰਕਾ ਵੱਲੋਂ ਪੰਜਾਬ ਦੇ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ/ਫਾਰਮਾਂ ਤੋਂ ਵਧੀਆ ਕੁਆਲਿਟੀ ਦਾ ਦੁੱਧ ਖਰੀਦ ਕੀਤਾ ਜਾਂਦਾ ਹੈ ਅਤੇ ਇਸ ਦੁੱਧ ਤੋਂ ਘਿਓ ਅਤੇ ਹੋਰ ਪਦਾਰਥ ਤਿਆਰ ਕਰਕੇ ਉਪਭੋਗਤਾਵਾਂ ਨੂੰ ਸਪਲਾਈ ਕੀਤੇ ਜਾਂਦੇ ਹਨ। ਧੰਨਾ ਭਗਤ ਬਿਰਧ ਆਸ਼ਰਮ ਦੇ ਮੁੱਖ ਸੇਵਾਦਾਰ ਗੁਰਸੇਵਕ ਸਿੰਘ ਨੋਲੱਖਾ ਵੱਲੋਂ ਵੇਰਕਾ ਮਿਲਕ ਪਲਾਂਟ ਦੇ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਪਲਾਂਟ ਦੀ ਤਰੱਕੀ ਲਈ ਸ਼ੁਭ-ਕਾਮਨਾਵਾਂ ਦਿੱਤੀਆਂ ਗਈਆਂ।