Corona Virus
ਮੈਰੀਟੋਰੀਅਸ ਸਕੂਲ ‘ਚ ਕੁਆਰੰਟੀਨ ਕੀਤੇ 246 ਲੋਕਾਂ ਨੂੰ ਤਨਾਅ ਮੁਕਤ ਕਰਨ ‘ਚ ਯੋਗਾ ਨਿਭਾ ਰਿਹਾ ਅਹਿਮ ਭੂਮਿਕਾ

ਮਾਹਿਰਾਂ ਵਲੋਂ ਮਾਨਸਿਕ ਤੇ ਸਰੀਰਿਕ ਮਜ਼ਬੂਤੀ ਲਈ ਦਿੱਤੇ ਜਾ ਰਹੇ ਟਿਪਸ
ਜਲੰਧਰ, 08 ਮਈ 2020: ਜਲੰਧਰ ਦੇ ਮੈਰੀਟੋਰੀਅਸ ਸਕੂਲ ਵਿਖੇ ਬਣਾਏ ਗਏ ਕੁਆਰੰਟੀਨ ਸੈਂਟਰ ਵਿਖੇ ਸ਼ਰਧਾਲੂਆਂ ਅਤੇ ਹੋਰ ਲੋਕਾਂ ਨੂੰ ਤਨਾਅ ਮੁਕਤ ਤੇ ਸਿਹਤਮੰਦ ਵਾਤਾਵਰਣ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਯਤਨਾਂ ਨੂੰ ਜਾਰੀ ਰੱਖਦਿਆਂ ਯੋਗਾ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ।
ਡਾਕਟਰਾਂ ਦੀ ਟੀਮ ਜਿਸ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਡਾ.ਰਮਨ ਸ਼ਰਮਾ ਅਤੇ ਡਾ.ਜਗਦੀਸ਼ ਕੁਮਾਰ, ਡਾ.ਅਨੀਤਾ ਅਤੇ ਡਾ.ਮੋਨਿਕਾ ਸ਼ਾਮਿਲ ਹਨ ਵਲੋਂ ਲੋਕਾਂ ਨੂੰ ਸਿਹਤਮੰਦ ਜਿੰਦਗੀ ਲਈ ਯੋਗਾ ਅਭਿਆਸ ਬਾਰੇ ਦੱਸਿਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਦੱਸਿਆ ਕਿ ਯੋਗਾ ਨੂੰ ਮਾਨਸਿਕ ਤੇ ਸਰੀਰਿਕ ਤੰਦਰੁਸਤੀ ਲਈ ਜਿੰਦਗੀ ਦਾ ਅਹਿਮ ਹਿੱਸਾ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਲੋਕ ਯੋਗਾ ਨੂੰ ਅਪਣਾ ਕੇ ਖੁਸ਼ਹਾਲ ਤੇ ਸਿਹਤਮੰਦ ਜਿੰਦਗੀ ਜੀਅ ਸਕਦੇ ਹਨ।
ਡਾ.ਰਮਨ ਸ਼ਰਮਾ ਨੇ ਦੱਸਿਆ ਕਿ ਸਦੀਆਂ ਤੋਂ ਯੋਗਾ ਭਾਰਤ ਵਿੱਚ ਸਿਹਤਮੰਦੀ ਅਤੇ ਖ਼ੁਸ਼ਹਾਲ ਜਿੰਦਗੀ ਦਾ ਅਧਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਜਦੋਂ ਕੋਵਿਡ-19 ਅਪਣੇ ਪੈਰ ਪਸਾਰ ਰਿਹਾ ਹੈ ਤਾਂ ਇਸ ਸਮੇਂ ਯੋਗਾ ਸਿਹਤਮੰਦ ਰਹਿਣ ਅਤੇ ਤਨਾਅ ਨੂੰ ਘੱਟ ਕਰਨ ਵਿੱਚ ਬਹੁਤ ਮਦਦਗਾਰ ਸਾਬਿਤ ਹੋ ਰਿਹਾ ਹੈ। ਸੀਨੀਅਰ ਮੈਡੀਕਲ ਅਫ਼ਸਰ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਘੱਟੋ-ਘੱਟ ਰੋਜ਼ਾਨਾ ਇਕ ਘੰਟਾ ਯੋਗਾ ਅਭਿਆਸ ਕਰਨ ਤਾਂ ਕਿ ਉਹ ਸਿਹਤਮੰਦ ਜਿੰਦਗੀ ਦਾ ਲਾਭ ਉਠਾ ਸਕਣ।
ਡਾ.ਰਮਨ ਸ਼ਰਮਾ ਨੇ ਦੱਸਿਆ ਕਿ ਸਰੀਰਿਕ ਤੇ ਮਾਨਸਿਕ ਮਜ਼ਬੂਤੀ ਲਈ ਯੋਗਾ ਅਭਿਆਸ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਪੂਰੀ ਤਰਾਂ ਤੰਦਰੁਸਤ ਰਹਿਣ ਲਈ ਰੋਜ਼ਾਨਾ ਯੋਗਾ ਅਭਿਆਸ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਦੀਆਂ ਤੋਂ ਚਲਿਆ ਆ ਰਿਹਾ ਯੋਗਾ ਅਭਿਆਸ ਉਨਾਂ ਲਈ ਵਰਦਾਨ ਸਿੱਧ ਹੋ ਸਕਦਾ ਹੈ। ਡਾ.ਰਮਨ ਸ਼ਰਮਾ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਰਕੇ ਹਰੇਕ ਵਿਅਕਤੀ ਦੇ ਮਨ ਵਿੱਚ ਕੁਝ ਸ਼ੰਕਾਵਾਂ ਹਨ ਅਤੇ ਸੁਭਾਵਿਕ ਹੈ ਇਹ 246 ਲੋਕ ਜੋ ਪਿਛਲੇ ਕਾਫ਼ੀ ਸਮੇਂ ਤੋਂ ਆਪਣੇ ਘਰਾਂ ਤੋਂ ਦੂਰ ਹਨ ਤਨਾਅ ਹੇਠ ਹੋਣ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਯੋਗਾ ਅਭਿਆਸ ਉਨਾਂ ਨੂੰ ਤਨਾਅ ਮੁਕਤ ਰੱਖਣ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ।