Uncategorized
ਜੈਪਾਲ ਭੁੱਲਰ ਦੀ ਦੁਬਾਰਾ ਪੋਸਟਮਾਰਟਮ ਦੀ ਪਟੀਸ਼ਨ ਕੀਤੀ ਹਾਈ ਕੋਰਟ ਨੇ ਖਾਰਜ, ਪਰਿਵਾਰ ਨੂੰ ਝਟਕਾ
ਕੋਲਕਾਤਾ ਵਿਚ 9 ਜੂਨ ਨੂੰ ਪੰਜਾਬ ਦੇ ਗੈਂਗਸਟਰ ਜੈਪਾਲ ਭੁੱਲਰ ਦੇ ਐਨਕਾਉਂਟਰ ਤੋਂ ਬਾਅਦ ਉਸ ਦੇ ਪਿਤਾ ਭੁਪਿੰਦਰ ਨੇ ਆਪਣੇ ਪੁੱਤਰ ਦੇ ਮੁੜ ਏਮਜ਼ ਜਾਂ ਪੀਜੀਆਈ ਸਣੇ ਕਿਸੇ ਹੋਰ ਹਸਪਤਾਲ ਤੋਂ ਪੋਸਟਮਾਰਟਮ ਕਰਾਉਣ ਦੀ ਮੰਗ ਨੂੰ ਲੈ ਕੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਅੱਜ ਹਾਈ ਕੋਰਟ ਨੇ ਖਾਰਜ ਕਰ ਦਿੱਤਾ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਕਹਿਣਾ ਹੈ ਕਿ ਇਹ ਸਾਡੇ ਅਧਿਕਾਰ ਖੇਤਰ ਵਿਚ ਨਹੀਂ। ਜਿਥੇ ਐਨਕਾਉਂਟਰ ਹੋਇਆ ਉਸ ਸੂਬੇ ਦੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਜਾਵੇ।
ਮ੍ਰਿਤਕ ਜੈਪਾਲ ਭੁੱਲਰ ਦੇ ਪਿਤਾ ਜਿਨ੍ਹਾਂ ਨੇ ਬਤੌਰ ਪੰਜਾਬ ਪੁਲਿਸ ਇੰਸਪੈਕਟਰ ਵੱਜੋਂ ਸੇਵਾ ਨਿਭਾਈ ਹੈ ਜੋ ਕਿ ਹੁਣ ਰਿਟਾਇਰਡ ਹਨ, ਨੇ ਮੰਗਲਵਾਰ ਨੂੰ ਹਾਈ ਕੋਰਟ ‘ਚ ਪਟੀਸ਼ਨ ‘ਚ ਦੋਸ਼ ਲਾਏ ਹਨ ਕਿ ਉਸ ਦੇ ਮੁੰਡੇ ਨੂੰ ਪਹਿਲਾਂ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ ਸੀ। ਉਸ ਦੇ ਮੁੰਡੇ ਦੇ ਮ੍ਰਿਤਕ ਦੇਹ ‘ਤੇ ਕਈ ਜ਼ਖ਼ਮਾਂ ਦੇ ਨਿਸ਼ਾਨ ਸਨ ਤੇ ਹੱਡੀਆਂ ਟੁੱਟੀਆਂ ਹੋਈਆਂ ਸਨ ਤੇ ਉਸ ਦੇ ਸਰੀਰ ‘ਤੇ ਗੋਲ਼ੀ ਦੇ ਨਿਸ਼ਾਨ ਨੂੰ ਦੇਖ ਕੇ ਸਾਫ਼ ਹੋ ਜਾਂਦਾ ਹੈ ਕਿ ਉਸ ਦੇ ਬੇਟੇ ਨੂੰ ਪੁਆਇੰਟ ਬਲੈਂਕ ਰੇਂਜ ਨਾਲ ਗੋਲ਼ੀ ਮਾਰੀ ਗਈ ਹੈ ਤੇ ਇਹ ਇਕ ਨਕਲੀ ਐਨਕਾਊਂਟਰ ਸੀ।
ਉਹ ਪਹਿਲਾਂ ਹੀ 13 ਜੂਨ ਨੂੰ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਪੱਤਰ ਲਿਖ ਕੇ ਆਪਣੇ ਬੇਟੇ ਦਾ ਦੁਬਾਰਾ ਪੋਸਟਮਾਰਟਮ ਕਰਵਾਏ ਜਾਣ ਦੀ ਮੰਗ ਕਰ ਚੁੱਕੇ ਹਨ। ਪਟੀਸ਼ਨ ਕਰਤਾ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਮੁੰਡੇ ਦਾ ਮ੍ਰਿਤਕ ਸਰੀਰ ਹੁਣ ਉਨ੍ਹਾਂ ਦੇ ਘਰ ‘ਤੇ ਹੈ ਤੇ ਪੁਲਿਸ ਉਨ੍ਹਾਂ ‘ਤੇ ਉਨ੍ਹਾਂ ਦੇ ਮੁੰਡੇ ਦੇ ਮ੍ਰਿਤਕ ਸਰੀਰ ਦਾ ਜਲਦ ਤੋਂ ਜਲਦ ਸੰਸਕਾਰ ਕਰਨ ਦਾ ਦਬਾਅ ਪਾ ਰਹੀ ਹੈ ਪਰ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਮੁੰਡੇ ਦੀ ਮ੍ਰਿਤਕ ਸਰੀਰ ਦਾ ਦੁਬਾਰਾ ਪੋਸਟਮਾਰਟਮ ਕਰਵਾਇਆ ਜਾਵੇ ਤਾਂ ਕਿ ਸੱਚਾਈ ਸਭ ਦੇ ਸਾਹਮਣੇ ਆ ਸਕੇ।