Connect with us

punjab

ਨਕਲ ਮਾਰ ਕੇ ਪਾਸ ਹੋਣ ਦੀ ਖਵਾਹਿਸ਼ ਰੱਖਣ ਵਾਲੇ ਵਿਦਿਆਰਥੀਆਂ ਦੀਆਂ ਉਮੀਦਾਂ ਤੇ ਫਿਰਿਆ ਪਾਣੀ

Published

on

ਲੁਧਿਆਣਾ – ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਦੀਆਂ ਅਗਲੇ ਸਾਲ 2025 ’ਚ ਹੋਣ ਵਾਲੀਆਂ ਸਾਲਾਨਾ ਬੋਰਡ ਪ੍ਰੀਖਿਆਵਾਂ ’ਤੇ ਤੀਜੀ ਅੱਖ ਦੀ ਨਜ਼ਰ ਰਹੇਗੀ ਕਿਉਂਕਿ ਸੀ.ਬੀ.ਐੱਸ.ਈ. ਨੇ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਸੁਰੱਖਿਅਤ ਅਤੇ ਪਾਰਦਰਸ਼ੀ ਬਣਾਉਣ ਲਈ ਪ੍ਰੀਖਿਆ ਕੇਂਦਰਾਂ ’ਚ ਸੀ.ਸੀ.ਟੀ.ਵੀ. ਕੈਮਰੇ ਲਾਉਣ ਦਾ ਨਿਰਦੇਸ਼ ਜਾਰੀ ਕੀਤਾ ਹੈ। ਇਸ ਤਹਿਤ ਹੁਣ ਹਰ ਪ੍ਰੀਖਿਆ ਕੇਂਦਰ ’ਚ 10 ਕਮਰਿਆਂ ਜਾਂ 240 ਵਿਦਿਆਰਥੀਆਂ ’ਤੇ ਇਕ ਵਿਅਕਤੀ ਨੂੰ ਪ੍ਰੀਖਿਆ ਦੇ ਨਿਰਪੱਖ ਸੰਚਾਲਨ ’ਤੇ ਪੂਰੀ ਨਿਗਰਾਨੀ ਰੱਖਣ ਦੀ ਜ਼ਿੰਮੇਵਾਰੀ ਸੌਂਪੀ ਜਾਵੇਗੀ।

 

ਬੋਰਡ ਦੇ ਇਸ ਹੁਕਮ ਮੁਤਾਬਕ 2025 ਦੀਆਂ ਬੋਰਡ ਪ੍ਰੀਖਿਆਵਾਂ ’ਚ ਲੱਗਭਗ 44 ਲੱਖ ਵਿਦਿਆਰਥੀਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਸ ਰਿਕਾਰਡਿੰਗ ਦਾ ਡੇਟਾ ਸਬੰਧੀ ਮੁੱਖ ਸੀ.ਬੀ.ਐੱਸ.ਈ. ਦਫਤਰ ’ਚ ਡੇਟਾ ਬੈਂਕ ਬਣੇਗਾ। ਜਾਰੀ ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਇਹ ਕਦਮ ਪ੍ਰੀਖਿਆਰਥੀਆਂ ਨੂੰ ਸੁਰੱਖਿਅਤ ਮਾਹੌਲ ਦੇਣ ਅਤੇ ਪ੍ਰੀਖਿਆ ਪ੍ਰਕਿਰਿਆ ਨੂੰ ਨਿਯਮਿਤ ਰੱਖਣ ਲਈ ਚੁੱਕਿਆ ਗਿਆ ਹੈ। ਸੀ.ਸੀ.ਟੀ.ਵੀ. ਸਮੇਂ ’ਤੇ ਪੁੱਜਣ ਅਤੇ ਪ੍ਰੀਖਿਆ ਨਾਲ ਜੁੜੀ ਕਿਸੇ ਵੀ ਸਮੱਸਿਆ ’ਤੇ ਨਿਗਰਾਨੀ ਰੱਖਣ ’ਚ ਮਦਦ ਕਰਨਗੇ।

ਬੋਰਡ ਨੇ ਸਾਫ ਕਰ ਦਿੱਤਾ ਹੈ ਕਿ ਜਿਨ੍ਹਾਂ ਸਕੂਲਾਂ ’ਚ ਸੀ.ਸੀ.ਟੀ.ਵੀ. ਨਹੀਂ ਲੱਗਣਗੇ, ਉਥੇ ਪ੍ਰੀਖਿਆ ਕੇਂਦਰ ਨਹੀਂ ਬਣੇਗਾ। ਇਸ ਲਈ ਸਕੂਲਾਂ ਦੇ ਸੰਚਾਲਕਾਂ ਨੂੰ ਸਮਾਂ ਰਹਿੰਦੇ ਸੀ.ਸੀ.ਟੀ.ਵੀ. ਦੀ ਸਹੂਲਤ ਅਪਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

 

10 ਕਮਰਿਆਂ ’ਤੇ ਨਿਯੁਕਤ ਇਨਵਿਜੀਲੇਟਰ ਕਰੇਗਾ ਫੁਟੇਜ ਦੀ ਨਿਗਰਾਨੀ
ਸੀ.ਬੀ.ਐੱਸ.ਈ. ਦੇ ਨਿਰਦੇਸ਼ਾਂ ’ਚ ਕਿਹਾ ਗਿਆ ਹੈ ਕਿ 10 ਕਮਰਿਆਂ ’ਤੇ ਇਕ ਇਨਵਿਜ਼ੀਲੇਟਰ ਦੀ ਨਿਯੁਕਤੀ ਕੀਤੀ ਜਾਵੇਗੀ, ਜੋ ਸੀ.ਸੀ.ਟੀ.ਵੀ. ਫੁਟੇਜ ਦੀ ਨਿਯਮ ਨਾਲ ਨਿਗਰਾਨੀ ਕਰੇਗਾ। ਅਨੁਚਿਤ ਸਾਧਨਾਂ ਦੀ ਵਰਤੋਂ ਦੀ ਕੋਈ ਘਟਨਾ ਪਾਏ ਜਾਣ ’ਤੇ ਉਸ ਦੀ ਰਿਪੋਰਟ ਕਰੇਗਾ।

ਦੱਸ ਦੇਈਏ ਕਿ ਕਈ ਵਾਰ ਪ੍ਰੀਖਿਆਰਥੀਆਂ ਦੇ ਕੇਂਦਰ ’ਚ ਦੇਰ ਨਾਲ ਆਉਣ ’ਤੇ ਪੇਪਰ ’ਚ ਕੋਈ ਗੜਬੜ ਹੋਣ ਦੀਆਂ ਘਟਨਾਵਾਂ ਹੋ ਜਾਂਦੀਆਂ ਹਨ, ਜਿਨ੍ਹਾਂ ਨੂੰ ਵੀ ਸੀ.ਸੀ.ਟੀ.ਵੀ. ਜ਼ਰੀਏ ਸੇਵ ਰੱਖਿਆ ਜਾ ਸਕੇਗਾ।

ਫੀਡਬੈਕ ਤੋਂ ਬਾਅਦ ਹੀ ਬਣਨਗੇ ਪ੍ਰੀਖਿਆ ਕੇਂਦਰ
ਨਵੇਂ ਨਿਰਦੇਸ਼ਾਂ ਤੋਂ ਬਾਅਦ ਹੁਣ ਅਗਲੇ ਸਾਲ ਹੋਣ ਵਾਲੀਆਂ ਪ੍ਰੀਖਿਆਵਾਂ ਲਈ ਬਣਨ ਵਾਲੇ ਪ੍ਰੀਖਿਆ ਕੇਂਦਰ ਸਿਟੀ ਕੋਆਰਡੀਨੇਟਰ ਤੋਂ ਸੀ.ਸੀ.ਟੀ.ਵੀ. ਸਬੰਧੀ ਫੀਡਬੈਕ ਲੈ ਕੇ ਬਣਾਏ ਜਾਣਗੇ। ਜ਼ਿਕਰਯੋਗ ਹੈ ਕਿ ਜ਼ਿਲੇ ’ਚ ਕਰੀਬ 20 ਹਜ਼ਾਰ ਤੋਂ ਵੱਧ ਵਿਦਿਆਰਥੀ ਦੋਵੇਂ ਕਲਾਸਾਂ ਦੀਆਂ ਪ੍ਰੀਖਿਆਵਾਂ ਦਿੰਦੇ ਹਨ। ਹੁਣ ਪ੍ਰੀਖਿਆ ਕੇਂਦਰਾਂ ਲਈ ਸੀ.ਸੀ.ਟੀ.ਵੀ. ਜ਼ਰੂਰੀ ਹੋ ਗਿਆ ਹੈ, ਜਿਸ ਨਾਲ ਨਕਲ ਅਤੇ ਬੇਨਿਯਮੀਆਂ ’ਤੇ ਸਖਤ ਨਜ਼ਰ ਰੱਖੀ ਜਾ ਸਕੇਗੀ।

ਪ੍ਰੀਖਿਆਰਥੀਆਂ ਦੇ ਡੈਸਕ ਤੋਂ ਲੈ ਕੇ ਵਿਦਿਆਰਥੀ ਦੀ ਐਂਟਰੀ ਅਤੇ ਐਗਜ਼ਿਟ ਦਾ ਰਹੇਗਾ ਰਿਕਾਰਡ
ਪ੍ਰੀਖਿਆ ਹਾਲ ਦੇ ਐਂਟਰੀ, ਐਗਜ਼ਿਟ ਅਤੇ ਪ੍ਰੀਖਿਆ ਡੈਸਕ ਸਮੇਤ ਸਾਰੀਆਂ ਥਾਵਾਂ ਨੂੰ ਕਵਰ ਕਰਨ ਲਈ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣੇ ਚਾਹੀਦੇ ਹਨ। ਸਾਰੇ ਵਿਦਿਆਰਥੀਆਂ ਅਤੇ ਮੁਲਾਜ਼ਮਾਂ ਨੂੰ ਸੀ.ਸੀ.ਟੀ.ਵੀ. ਕੈਮਰਿਆਂ ਦੀ ਮੌਜੂਦਗੀ ਬਾਰੇ ਪਹਿਲਾਂ ਹੀ ਸੂਚਿਤ ਕੀਤਾ ਜਾਵੇਗਾ ਅਤੇ ਪ੍ਰੀਖਿਆ ਕੇਂਦਰਾਂ ’ਤੇ ਵੀ ਨੋਟਿਸ ਲਾਏ ਜਾਣਗੇ। ਸੀ.ਸੀ.ਟੀ.ਵੀ. ਰਿਕਾਰਡਿੰਗ ਨਤੀਜੇ ਦੇ ਐਲਾਨ ਦੀ ਤਰੀਕ ਤੋਂ 2 ਮਹੀਨਿਆਂ ਤੱਕ ਬਰਕਰਾਰ ਰੱਖੀ ਜਾਵੇਗੀ। ਬੋਰਡ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਮਾਤਾ-ਪਿਤਾ ਨੂੰ ਹੈਂਡਬੁਕ, ਨੋਟਿਸ ਬੋਰਡ ਜਾਂ ਓਰੀਐਂਟੇਸ਼ਨ ਸੈਸ਼ਨ ਵਰਗੇ ਵੱਖ-ਵੱਖ ਤਰੀਕਿਆਂ ਨਾਲ ਸੀ.ਸੀ.ਟੀ.ਵੀ. ਨਿਗਰਾਨੀ ਦੇ ਮਕਸਦ ਅਤੇ ਪ੍ਰੀਖਿਆ ਦੌਰਾਨ ਉਨ੍ਹਾਂ ਦੇ ਅਧਿਕਾਰਾਂ ਬਾਰੇ ਸੂਚਿਤ ਕੀਤਾ ਜਾਣਾ ਚਾਹੀਦਾ ਹੈ।