Connect with us

National

ਭਾਰਤ ਦੀ ਵੱਡੀ ਜਿੱਤ, ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਨੂੰ ਲਿਆਂਦਾ ਜਾਵੇਗਾ ਭਾਰਤ

Published

on

MUMBAI : ਮੁੰਬਈ ਹਮਲੇ (26/11) ਦੇ ਦੋਸ਼ੀ ਤਹੱਵੁਰ ਰਾਣਾ ਨੂੰ ਜਲਦੀ ਹੀ ਭਾਰਤ ਲਿਆਂਦਾ ਜਾਵੇਗਾ। ਅਮਰੀਕੀ ਸੁਪਰੀਮ ਕੋਰਟ ਨੇ ਭਾਰਤ-ਅਮਰੀਕਾ ਹਵਾਲਗੀ ਸੰਧੀ ਦੇ ਤਹਿਤ ਰਾਣਾ ਦੀ ਹਵਾਲਗੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਤਹਵੁਰ ਰਾਣਾ ਨੂੰ 2009 ਵਿੱਚ ਐਫਬੀਆਈ ਨੇ ਗ੍ਰਿਫ਼ਤਾਰ ਕੀਤਾ ਸੀ।

13 ਨਵੰਬਰ, 2024 ਨੂੰ, ਰਾਣਾ ਨੇ ਹੇਠਲੀ ਅਦਾਲਤ ਦੇ ਹਵਾਲਗੀ ਦੇ ਫੈਸਲੇ ਵਿਰੁੱਧ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ, ਜਿਸਨੂੰ 21 ਜਨਵਰੀ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ।

ਇਹ ਰਾਣਾ ਕੋਲ ਹਵਾਲਗੀ ਤੋਂ ਬਚਣ ਦਾ ਆਖਰੀ ਮੌਕਾ ਸੀ। ਇਸ ਤੋਂ ਪਹਿਲਾਂ ਉਸਨੇ ਸੈਨ ਫਰਾਂਸਿਸਕੋ ਦੀ ਇੱਕ ਅਦਾਲਤ ਵਿੱਚ ਅਪੀਲ ਕੀਤੀ ਸੀ, ਜਿੱਥੇ ਉਸਦੀ ਪਟੀਸ਼ਨ ਰੱਦ ਕਰ ਦਿੱਤੀ ਗਈ ਸੀ। ਅਮਰੀਕੀ ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਸੀ ਕਿ ਉਸਨੂੰ ਦੋਵਾਂ ਦੇਸ਼ਾਂ ਵਿਚਕਾਰ ਹਵਾਲਗੀ ਸੰਧੀ ਦੇ ਤਹਿਤ ਭਾਰਤ ਭੇਜਿਆ ਜਾ ਸਕਦਾ ਹੈ।

ਰਾਣਾ ਦਾ ਨਾਮ ਮੁੰਬਈ ਹਮਲੇ ਦੀ 405 ਪੰਨਿਆਂ ਦੀ ਚਾਰਜਸ਼ੀਟ ਵਿੱਚ ਵੀ ਇੱਕ ਦੋਸ਼ੀ ਵਜੋਂ ਦਰਜ ਹੈ। ਇਸ ਅਨੁਸਾਰ ਰਾਣਾ ਆਈਐਸਆਈ ਅਤੇ ਲਸ਼ਕਰ-ਏ-ਤੋਇਬਾ ਦਾ ਮੈਂਬਰ ਹੈ। ਚਾਰਜਸ਼ੀਟ ਦੇ ਅਨੁਸਾਰ, ਰਾਣਾ ਹਮਲੇ ਦੇ ਮੁੱਖ ਦੋਸ਼ੀ ਅਤੇ ਮਾਸਟਰਮਾਈਂਡ ਡੇਵਿਡ ਕੋਲਮੈਨ ਹੈਡਲੀ ਦੀ ਮਦਦ ਕਰ ਰਿਹਾ ਸੀ।

ਕੀ ਸੀ ਮਾਮਲਾ

26 ਨਵੰਬਰ 2008 ਨੂੰ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ‘ਤੇ ਅੱਤਵਾਦੀ ਹਮਲਾ ਹੋਇਆ ਸੀ। ਇਨ੍ਹਾਂ ਅੱਤਵਾਦੀ ਹਮਲਿਆਂ ਵਿੱਚ ਛੇ ਅਮਰੀਕੀਆਂ ਸਮੇਤ ਕੁੱਲ 166 ਲੋਕ ਮਾਰੇ ਗਏ ਸਨ। ਇਸ ਹਮਲੇ ਵਿੱਚ 10 ਪਾਕਿਸਤਾਨੀ ਅੱਤਵਾਦੀਆਂ ਨੇ 60 ਘੰਟਿਆਂ ਤੋਂ ਵੱਧ ਸਮੇਂ ਤੱਕ ਮੁੰਬਈ ਦੇ ਮਹੱਤਵਪੂਰਨ ਸਥਾਨਾਂ ਨੂੰ ਨਿਸ਼ਾਨਾ ਬਣਾਇਆ।

ਕੌਣ ਹੈ ਤਹੱਵੁਰ ਰਾਣਾ

ਤਹੱਵੁਰ ਰਾਣਾ ਇਸ ਸਮੇਂ ਲਾਸ ਏਂਜਲਸ ਦੀ ਜੇਲ੍ਹ ਵਿੱਚ ਬੰਦ ਹੈ। 63 ਸਾਲਾ ਰਾਣਾ ਲਸ਼ਕਰ-ਏ-ਤੋਇਬਾ ਦਾ ਸਰਗਰਮ ਮੈਂਬਰ ਸੀ ਅਤੇ ਅੱਤਵਾਦੀ ਡੇਵਿਡ ਕੋਲਮੈਨ ਹੈਡਲੀ ਦੀ ਮਦਦ ਕੀਤੀ ਸੀ। ਹੈਡਲੀ ਮੁੰਬਈ ਹਮਲੇ ਦਾ ਮਾਸਟਰਮਾਈਂਡ ਹੈ। ਭਾਰਤ ਲੰਬੇ ਸਮੇਂ ਤੋਂ ਉਸਦੀ ਹਵਾਲਗੀ ਦੀ ਮੰਗ ਕਰ ਰਿਹਾ ਹੈ। ਹੁਣ ਰਾਣਾ ਨੂੰ ਭਾਰਤ-ਅਮਰੀਕਾ ਹਵਾਲਗੀ ਸੰਧੀ ਅਧੀਨ ਲਿਆਉਣ ਦਾ ਰਸਤਾ ਸਾਫ਼ ਹੋ ਗਿਆ ਹੈ।