Connect with us

Punjab

ਤਿੰਨ ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ

Published

on

LUDHIANA : ਨੂਰਵਾਲਾ ਰੋਡ ‘ਤੇ ਬਸੰਤ ਨਗਰ ਦੀ ਗਲੀ ਨੰਬਰ 2 ‘ਚ ਤਿੰਨ ਮੰਜ਼ਿਲਾ ਇਮਾਰਤ ਨੂੰ ਅੱਗ ਲੱਗਣ ਨਾਲ ਦਹਿਸ਼ਤ ਫੈਲ ਗਈ। ਇਹ ਰਿਹਾਇਸ਼ੀ ਇਲਾਕਾ ਹੋਣ ਕਾਰਨ ਲੋਕਾਂ ਵਿੱਚ ਭਗਦੜ ਮੱਚ ਗਈ। ਦੱਸਿਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਜਿਵੇਂ ਹੀ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਬਸਤੀ ਜੋਧੇਵਾਲ ਦੇ ਇੰਸਪੈਕਟਰ ਗੁਰਦਿਆਲ ਸਿੰਘ, ਏ.ਐੱਸ.ਆਈ. ਬਲਕਾਰ ਸਿੰਘ ਮੌਕੇ ’ਤੇ ਪੁੱਜੇ। ਫਾਇਰ ਬ੍ਰਿਗੇਡ ਦੀਆਂ 7 ਗੱਡੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਤਿੰਨ ਮੰਜ਼ਿਲਾ ਇਮਾਰਤ ਦੀ ਹੇਠਲੀ ਮੰਜ਼ਿਲ ’ਤੇ ਰਿਹਾਇਸ਼ ਹੈ ਅਤੇ ਉਪਰਲੀਆਂ ਮੰਜ਼ਿਲਾਂ ’ਤੇ ਪਾਰਸ ਜੈਨ ਦੀ ਹੌਜ਼ਰੀ ਫੈਕਟਰੀ ਹੈ। ਫੈਕਟਰੀ ਮਾਲਕ ਨੇ ਮੰਗਲਵਾਰ ਨੂੰ ਹੀ ਪੌਲੀਏਸਟਰ ਕੱਪੜੇ ਦੇ ਕਰੀਬ 300 ਬਕਸੇ ਆਰਡਰ ਕੀਤੇ ਸਨ, ਜਦੋਂ ਕਿ ਕਰੀਬ 100 ਬਕਸੇ ਪਹਿਲਾਂ ਹੀ ਉੱਥੇ ਪਏ ਸਨ। ਸ਼ਾਮ ਕਰੀਬ 6.30 ਵਜੇ ਜਦੋਂ ਲੋਕਾਂ ਨੇ ਫੈਕਟਰੀ ਦੇ ਫਰਸ਼ ਤੋਂ ਧੂੰਆਂ ਨਿਕਲਦਾ ਦੇਖਿਆ ਤਾਂ ਉਨ੍ਹਾਂ ਰੌਲਾ ਪਾਇਆ। ਕੁਝ ਹੀ ਸਮੇਂ ਵਿੱਚ ਅੱਗ ਲੱਗ ਗਈ ਜਿਸ ਨੇ ਭਿਆਨਕ ਰੂਪ ਧਾਰਨ ਕਰ ਲਿਆ।

ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਅੱਗ ਦੇ ਭਿਆਨਕ ਰੂਪ ਨੂੰ ਦੇਖਦਿਆਂ ਉਨ੍ਹਾਂ ਨੇ ਬਚਾਅ ਕਾਰਜਾਂ ਲਈ ਆਸ-ਪਾਸ ਦੇ ਘਰਾਂ ਨੂੰ ਖਾਲੀ ਕਰਵਾਉਣਾ ਸ਼ੁਰੂ ਕਰ ਦਿੱਤਾ ਸੀ ਪਰ ਸਮੇਂ ਸਿਰ ਅੱਗ ’ਤੇ ਕਾਬੂ ਪਾ ਲਿਆ ਗਿਆ। ਜਾਂਚ ਅਧਿਕਾਰੀ ਬਲਕਾਰ ਸਿੰਘ ਨੇ ਦੱਸਿਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਮਾਮਲੇ ਸਬੰਧੀ ਜਾਂਚ ਕੀਤੀ ਜਾ ਜਾ ਰਹੀ ਹੈ ।