Connect with us

Punjab

ਖੇਡ ਮੰਤਰੀ ਵੱਲੋਂ ਭਾਰਤ ਦੇ ਪਹਿਲੇ ਅਰਜੁਨਾ ਐਵਾਰਡੀ ਓਲੰਪੀਅਨ ਗੁਰਬਚਨ ਸਿੰਘ ਰੰਧਾਵਾ ਦੀ ਜੀਵਨੀ ‘ਉੱਡਣਾ ਬਾਜ਼’ ਰਿਲੀਜ਼

Published

on

ਚੰਡੀਗੜ੍ਹ, ਅਥਲੈਟਿਕਸ ਵਿੱਚ ਭਾਰਤ ਦਾ ਨਾਮ ਕੌਮਾਂਤਰੀ ਪੱਧਰ ਉਤੇ ਰੌਸ਼ਨ ਕਰਨ ਵਾਲੇ ਓਲੰਪੀਅਨ ਗੁਰਬਚਨ ਸਿੰਘ ਰੰਧਾਵਾ ਦਾ ਖੇਡ ਜੀਵਨ ਭਾਰਤੀ ਖਿਡਾਰੀਆਂ ਲਈ ਚਾਨਣ ਮੁਨਾਰੇ ਵਾਂਗ ਹਨ। ਦੇਸ਼ ਦੇ ਪਹਿਲੇ ਅਰਜੁਨਾ ਐਵਾਰਡੀ ਅਥਲੀਟ ਰੰਧਾਵਾ ਦੀਆਂ ਪ੍ਰਾਪਤੀਆਂ ਰਹਿੰਦੀ ਦੁਨੀਆਂ ਤੱਕ ਖਿਡਾਰੀਆਂ ਨੂੰ ਪ੍ਰੇਰਿਤ ਕਰਦੀਆਂ ਰਹਿਣਗੀਆਂ। ਇਹ ਗੱਲ ਪੰਜਾਬ ਦੇ ਖੇਡਾਂ ਅਤੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਨੇ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਓਲੰਪੀਅਨ ਗੁਰਬਚਨ ਸਿੰਘ ਰੰਧਾਵਾ ਦੀ ਲਿਖੀ ਜੀਵਨੀ ‘ਉੱਡਣਾ ਬਾਜ਼’ ਦੇ ਰਿਲੀਜ਼ ਸਮਾਰੋਹ ਵਿਖੇ ਕਹੀ।
ਖੇਡ ਮੰਤਰੀ ਪਰਗਟ ਸਿੰਘ, ਓਲੰਪੀਅਨ ਓਲੰਪੀਅਨ ਗੁਰਬਚਨ ਸਿੰਘ ਰੰਧਾਵਾ, ਸਾਬਕਾ ਡੀ.ਜੀ.ਪੀ. ਅਤੇ ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਰਾਜਦੀਪ ਸਿੰਘ ਗਿੱਲ, ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਭੱਠਲ, ਪੰਜਾਬ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਜਨਰਲ ਡਾ.ਲਖਵਿੰਦਰ ਸਿੰਘ ਜੌਹਲ, ਕੌਮਾਂਤਰੀ ਨਿਸ਼ਾਨੇਬਾਜ਼ ਗੁਰਬੀਰ ਸਿੰਘ ਸੰਧੂ, ਯੂਨੀਸਟਾਰ ਪ੍ਰਕਾਸ਼ਨ ਦੇ ਹਰੀਸ਼ ਜੈਨ ਨੇ ‘ਉੱਡਣਾ ਬਾਜ਼’ ਨੂੰ ਲੋਕ ਅਰਪਣ ਕੀਤਾ।
ਖੇਡ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਅਥਲੈਟਿਕਸ ਖੇਡ ਵਿੱਚ ਓਲੰਪਿਕ ਖੇਡਾਂ ਦਾ ਫਾਈਨਲਿਸਟ, ਏਸ਼ਿਆਈ ਖੇਡਾਂ ਦਾ ਬੈਸਟ ਅਥਲੀਟ ਅਤੇ ਕੌਮੀ ਪੱਧਰ ਉਤੇ ਦੋ ਦਿਨਾਂ ਅੰਦਰ ਚਾਰ ਨੈਸ਼ਨਲ ਰਿਕਾਰਡ ਬਣਾਉਣੇ ਗੁਰਬਚਨ ਸਿੰਘ ਰੰਧਾਵਾ ਦੀ ਮਹਾਨਤਾ ਦੀ ਜਿਉਂਦੀ ਜਾਗਦੀ ਉਦਾਹਰਨ ਹੈ।ਉਨ੍ਹਾਂ ਕਿਹਾ ਕਿ ਨਾਮੀਂ ਖਿਡਾਰੀਆਂ ਦੇ ਪਿੰਡਾਂ ਦੇ ਨਾਮ ਜਾਂ ਉਨ੍ਹਾਂ ਦੇ ਪਿੰਡ ਦੇ ਸਟੇਡੀਅਮ ਦਾ ਨਾਮ ਖਿਡਾਰੀ ਦੇ ਨਾਂ ਉਤੇ ਰੱਖਣ ਦੀ ਤਜਵੀਜ਼ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਖੇਡ ਇਤਿਹਾਸ ਗੌਰਵਮਈ ਪ੍ਰਾਪਤੀਆਂ ਨਾਲ ਭਰਿਆ ਹੈ, ਲੋੜ ਹੈ ਸਿਰਫ ਇਨ੍ਹਾਂ ਨੂੰ ਸਾਂਭ ਕੇ ਇਤਿਹਾਸ ਕੇ ਦਸਤਾਵੇਜ਼ ਬਣਾਇਆ ਜਾਵੇ। ਰਾਜਦੀਪ ਸਿੰਘ ਗਿੱਲ ਨੇ ਕਿਹਾ ਕਿ ਗੁਰਬਚਨ ਸਿੰਘ ਰੰਧਾਵਾ ਸਭ ਤੋਂ ਵੱਧ ਕੁਦਰਤੀ ਗੁਣਾਂ ਨਾਲ ਲਬਰੇਜ਼, ਪ੍ਰਤਿਭਾਵਾਨ ਤੇ ਭਾਰਤ ਦਾ ਸੰਪੂਰਨ ਅਥਲੀਟ ਹੈ। ਭਾਰਤੀ ਅਥਲੀਟਾਂ ਨੇ ਵੱਡੀਆਂ ਚੁਣੌਤੀਆਂ ਸਰ ਕਰਨ ਦੀ ਪ੍ਰੇਰਨਾ ਗੁਰਬਚਨ ਸਿੰਘ ਰੰਧਾਵਾ ਤੋਂ ਹੀ ਸਿੱਖੀ ਜਿਨ੍ਹਾਂ ਖੇਡਾਂ ਦੇ ਸਭ ਤੋਂ ਵੱਡੇ ਮੰਚ ਓਲੰਪਿਕਸ ਉਤੇ ਆਪਣਾ ਬਿਹਤਰਨ ਪ੍ਰਦਰਸ਼ਨ ਕਰਨਾ ਸਿਖਾਇਆ। ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਗੁਰਬਚਨ ਸਿੰਘ ਰੰਧਾਵਾ ਭਾਰਤੀ ਖੇਡ ਜਗਤ ਦਾ ਉਹ ਅਣਗਾਇਆ ਗੀਤ ਹੈ ਜਿਸ ਨੇ ਛੋਟੇ ਜਿਹੇ ਪਿੰਡ ਨੰਗਲੀ ਤੋਂ ਉੱਠ ਕੇ ਦੁਨੀਆਂ ਦੇ ਸਭ ਤੋਂ ਵੱਡੇ ਖੇਡ ਮੰਚ ਟੋਕੀਓ ਓਲੰਪਿਕਸ-1964 ਵਿੱਚ ਆਪਣੀ ਛਾਪ ਛੱਡੀ। ਇਹ ਪੁਸਤਕ ਸਿਰਫ਼ ਗੁਰਬਚਨ ਸਿੰਘ ਰੰਧਾਵਾ ਦੀ ਜੀਵਨੀ ਜਾਂ ਪ੍ਰਾਪਤੀਆ ਦਾ ਲੇਖਾ ਜੋਖਾ ਹੀ ਨਹੀਂ ਹੈ, ਸਗੋਂ ਭਾਰਤ ਦੇ ਖੇਡ ਇਤਿਹਾਸ ਦਾ ਮਾਣਮੱਤਾ ਦਸਤਾਵੇਜ਼ ਹੈ। ਬੀਤੇ ਇਤਿਹਾਸ ‘ਚੋਂ ਵਰਤਮਾਨ ਉੱਸਰਦਾ ਹੈ ਤੇ ਵਰਤਮਾਨ ਦੇ ਸਬਕ ਹੀ ਭਵਿੱਖ ਦੇ ਨਕਸ਼ ਉਲੀਕਦੇ ਹਨ। ਨਵਦੀਪ ਸਿੰਘ ਗਿੱਲ ਦੀ ਇਸ ਪੁਸਤਕ ਰਾਹੀਂ ਗੁਰਬਚਨ ਸਿੰਘ ਰੰਧਾਵਾ ਸਾਡੇ ਵੱਡਾ ਪੁਰਖੇ ਦੇ ਰੂਪ ਵਿੱਚ ਨਵੀਂ ਪਛਾਣ ਨਾਲ ਸਾਹਮਣੇ ਆਵੇਗਾ।
ਡਾ.ਲਖਵਿੰਦਰ ਸਿੰਘ ਜੌਹਲ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਪਰਗਟ ਸਿੰਘ ਦਾ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਲਈ ਧੰਨਵਾਦ ਕੀਤਾ। ਕੌਮਾਂਤਰੀ ਨਿਸ਼ਾਨੇਬਾਜ਼ ਗੁਰਬੀਰ ਸਿੰਘ ਸੰਧੂ ਨੇ ਕਿਹਾ ਕਿ ਗੁਰਬਚਨ ਸਿੰਘ ਰੰਧਾਵਾ ਭਾਰਤੀ ਅਥਲੈਟਿਕਸ ਦੇ ਇਤਿਹਾਸ ਦਾ ਇਕਲੌਤਾ ਮੁਕੰਮਲ ਅਥਲੀਟ ਹੈ ਜਿਸ ਨੂੰ ਸਹੀ ਮਾਅਨਿਆਂ ਵਿੱਚ ਡਿਕੈਥਲੀਟ ਕਹਿ ਸਕਦੇ ਹਾਂ। ਹੁਨਰ ਦੀ ਉਸ ਨੂੰ ਪ੍ਰਮਾਤਮਾ ਪਾਸੋਂ ਬਖਸ਼ਿਸ਼ ਰਹੀ। ਲਗਨ, ਸਮਰਪਣ, ਪ੍ਰਤੀਬੱਧਤਾ ਤੇ ਸਖਤ ਮਿਹਨਤ ਉਸ ਦਾ ਗਹਿਣਾ ਸੀ। ਸਰੀਰ ਉਸ ਦਾ ਦਰਸ਼ਨੀ ਜੋ ਹਰਡਲਾਂ ‘ਤੇ ਚੁੰਘੀਆਂ ਭਰਦੇ ਦਾ ਬਹੁਤ ਮਨਮੋਹਣਾ ਲੱਗਦਾ ਸੀ। ਗਰਾਊਂਡ ਵਿੱਚ ਟਿੱਚਰਾਂ ਕਰਨਾ ਉਸ ਦੇ ਸੁਭਾਅ ਦਾ ਅਨਿੱਖੜਵਾਂ ਅੰਗ ਸੀ।
ਪ੍ਰੋ. ਰਵਿੰਦਰ ਭੱਠਲ ਨੇ ਕਿਹਾ ਕਿ ਗੁਰਬਚਨ ਸਿੰਘ ਰੰਧਾਵਾ ਦਾ ਖੇਡ ਜੀਵਨ ਪੰਜਾਬੀਆਂ ਦੀਆਂ ਪ੍ਰਾਪਤੀਆਂ ਦੀ ਮੂੰਹ ਬੋਲਦੀ ਤਸਵੀਰ ਹੈ। ਪ੍ਰੋਂ ਭੱਠਲ ਨੇ ਕਿਹਾ ਕਿ ਨਵਦੀਪ ਕਾਲਜ ਪੜ੍ਹਦਾ ਖਿਡਾਰੀ ਬਣਨ ਦੀ ਤਾਂਘ ਰੱਖਦਾ ਸੀ ਪਰ ਉਸ ਨੇ ਖੇਡ ਲਿਖਾਰੀ ਬਣ ਕੇ ਖੇਡ ਜਗਤ ਦੀ ਵੱਡੀ ਸੇਵਾ ਕੀਤੀ ਹੈ।
ਪੁਸਤਕ ਦੇ ਲੇਖਕ ਨਵਦੀਪ ਸਿੰਘ ਗਿੱਲ ਨੇ ਬੋਲਦਿਆਂ ਕਿਹਾ ਕਿ ਗੁਰਬਚਨ ਸਿੰਘ ਰੰਧਾਵਾ ਭਾਰਤੀ ਖੇਡਾਂ ਦਾ ਉਹ ਮਾਣਮੱਤਾ ਹਸਤਾਖਰ ਹੈ ਜੋ ਚੰਗੇ ਖਿਡਾਰੀ ਦੇ ਨਾਲ ਭਾਰਤੀ ਖੇਡਾਂ ਖਾਸ ਕਰਕੇ ਅਥਲੈਟਿਕਸ ਦਾ ਇਨਸਾਈਕਲੋਪੀਡੀਆ ਵੀ ਹੈ ਜਿਸ ਉਪਰ ਨਾ ਸਿਰਫ ਹਰ ਪੰਜਾਬੌ ਸਗੋਂ ਹਰ ਦੇਸ਼ ਵਾਸੀ ਨੂੰ ਮਾਣ ਹੈ। ਪੰਜਾਬੀ ਇਤਿਹਾਸ ਸਿਰਜਣਾ ਜਾਣਦੇ ਹਨ, ਸਾਂਭਣਾ ਨਹੀਂ, ਪੰਜਾਬੀਆਂ ਦੇ ਇਸੇ ਮਿਹਣੇ ਨੂੰ ਦੂਰ ਕਰਨ ਲਈ ਪੁਰਾਣੇ ਤੇ ਮਹਾਨ ਖਿਡਾਰੀਆਂ ਦੀਆਂ ਖੇਡ ਜੀਵਨੀਆਂ ਲਿਖਣ ਦਾ ਫੈਸਲਾ ਕੀਤਾ ਹੈ ਜਿਸ ਦੀ ਸ਼ੁਰੂਆਤ ਗੁਰਬਚਨ ਸਿੰਘ ਰੰਧਾਵਾ ਤੋਂ ਹੋ ਗਈ ਹੈ। ਹਰੀਸ਼ ਜੈਨ ਨੇ ਕਿਹਾ ਕਿ ਲੋਕ ਗੀਤ ਪ੍ਰਕਾਸ਼ਨ ਵੱਲੋਂ ਹੋਰ ਵੀ ਖਿਡਾਰੀਆਂ ਦੀਆਂ ਜੀਵਨੀਆਂ ਛਾਪੀਆ ਜਾਣ। ਇਸ ਪੁਸਤਕ ਦੇ ਲੇਖਕ ਨਵਦੀਪ ਸਿੰਘ ਗਿੱਲ ਜੋ ਪੰਜਾਬ ਸਰਕਾਰ ਵਿੱਚ ਸੂਚਨਾ ਤੇ ਲੋਕ ਸੰਪਰਕ ਅਫਸਰ ਵਜੋਂ ਸੇਵਾਵਾਂ ਨਿਭਾ ਰਹੇ ਹਨ, ਦੀ ਇਹ ਛੇਵੀਂ ਕਿਤਾਬ ਹੈ। ਨਵਦੀਪ ਸਿੰਘ ਗਿੱਲ ਨੇ ਬਤੌਰ ਖੇਡ ਪੱਤਰਕਾਰ ਬੀਜਿੰਗ ਓਲੰਪਿਕ ਖੇਡਾਂ-2008, ਦੋਹਾ ਏਸ਼ਿਆਈ ਖੇਡਾਂ-2006 ਤੇ ਦਿੱਲੀ ਰਾਸ਼ਟਰਮੰਡਲ ਖੇਡਾਂ-2010 ਦੀ ਕਵਰੇਜ਼ ਵੀ ਕੀਤੀ ਹੈ। ਯੂਨੀਸਟਾਰ (ਲੋਕਗੀਤ) ਪ੍ਰਕਾਸ਼ਨ ਵੱਲੋਂ ਛਾਪੀ 296 ਪੰਨਿਆਂ ਦੀ ਇਸ ਪੁਸਤਕ ਵਿੱਚ ਗੁਰਬਚਨ ਸਿੰਘ ਰੰਧਾਵਾ ਦੇ ਪਿੰਡ, ਪਰਿਵਾਰ, ਬਚਪਨ ਤੋਂ ਖੇਡ ਜੀਵਨ ਅਤੇ ਬਾਅਦ ਵਿੱਚ ਸੀ.ਆਰ.ਪੀ.ਐਫ. ਦੀ ਸਰਵਿਸ, ਕੋਚ, ਪ੍ਰਸ਼ਾਸਕ, ਸਲਾਹਕਾਰ, ਚੋਣਕਾਰ ਅਤੇ ਡੋਪਿੰਡ ਪੈਨਲ ਦੇ ਮੁਖੀ ਵਜੋਂ ਸੇਵਾਵਾਂ ਦਾ ਵੀ ਜ਼ਿਕਰ ਹੈ। ਸਮਕਾਲੀਆਂ ਖਿਡਾਰੀਆਂ ਦੇ ਵੇਰਵਿਆਂ ਸਮੇਤ ਅਥਲੀਟ ਰੰਧਾਵਾ ਦੇ ਜੀਵਨ ਦੇ ਰੌਚਕ ਪਹਿਲੂਆਂ ਦੀ ਵੀ ਜਾਣਕਾਰੀ ਮਿਲਦੀ ਹੈ। ਪੁਸਤਕ ਵਿੱਚ ਗੁਰਬਚਨ ਸਿੰਘ ਰੰਧਾਵਾ ਦੇ ਬਚਪਨ ਤੋਂ ਹੁਣ ਤੱਕ ਦੇ ਸਫਰ ਨੂੰ ਤਸਵੀਰਾਂ ਦੀ ਜ਼ੁਬਾਨੀ ਵੀ ਦਰਸਾਇਆ ਗਿਆ ਹੈ।
ਇਸ ਮੌਕੇ ਖੇਡ ਵਿਭਾਗ ਦੇ ਡਾਇਰੈਕਟਰ ਪਰਮਿੰਦਰ ਸਿੰਘ ਸੰਧੂ, ਲੋਕ ਗਾਇਕ ਪੰਮੀ ਬਾਈ, ਮਿਲਕਫੈਡ ਦੇ ਐਮ ਡੀ ਕਮਲਦੀਪ ਸਿੰਘ ਸੰਘਾ, ਡਾ ਕਰਮਜੀਤ ਸਰਾਂ, ਕੈਪਟਨ ਨਰਿੰਦਰ ਸਿੰਘ, ਓਲੰਪੀਅਨ ਸੁਖਵੀਰ ਗਰੇਵਾਲ, ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਸਕੱਤਰ ਜਨਰਲ ਰਾਜਾ ਕੇ ਐਸ ਸਿੱਧੂ, ਡਾ ਰਾਜ ਕੁਮਾਰ, ਪਿਰਥੀਪਾਲ ਸਿੰਘ, ਦਲਮੇਘ ਸਿੰਘ, ਡਾ ਓਪਿੰਦਰ ਸਿੰਘ ਲਾਂਬਾ, ਰਣਦੀਪ ਸਿੰਘ ਆਹਲੂਵਾਲੀਆ, ਗੁਰਮੰਗਲ ਸਿੰਘ ਰੁੜਕਾ, ਡਾ ਅਜੀਤਪਾਲ ਸਿੰਘ ਚਹਿਲ, ਅਨੁਰਾਗ ਬਚਨ ਸਿੰਘ ਢੀਂਡਸਾ ਆਦਿ ਹਾਜ਼ਰ ਸਨ।