Connect with us

Punjab

ਗੁਰੂਆਂ ਦੀ ਧਰਤੀ ਪੰਜਾਬ ਵਿੱਚ ਨਸ਼ੇ ਕੌਣ ਲੈ ਕੇ ਆਇਆ?

Published

on

 ਇਹ ਸਵਾਲ ਕਈ ਵਾਰੀ ਮੇਰੇ ਮਨ ਵਿੱਚ ਆਉਂਦਾ ਹੈ ਕਿ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਪੰਜਾਬ ਵਿੱਚ ਨਸ਼ੇ ਲੈ ਕੇ ਕੌਣ ਆਇਆ? ਲੱਸੀ ਮੱਖਣ, ਦੁੱਧ, ਘਿਓ ਅਤੇ ਪੰਜੀਰੀਆਂ ਖਾਣ ਵਾਲ਼ੇ ਪੰਜਾਬੀਆਂ ਨੂੰ ਚਿੱਟਾ ਤੇ ਹੋਰ ਖਤਰਨਾਕ ਨਸ਼ਿਆਂ ਦੇ ਆਦੀ ਕਿਸਨੇ ਬਣਾਇਆ? ਇਸ ਸਵਾਲ ਦਾ ਜਵਾਬ ਲੱਭਣ ਲਈ ਇਤਿਹਾਸਕ, ਸਿਆਸੀ, ਸਮਾਜਿਕ ਅਤੇ ਅੰਤਰਰਾਸਟਰੀ ਪੱਖਾਂ ਤੋਂ ਵੇਖਣ ‘ਤੇ ਜੋ ਸਚਾਈਆਂ ਸਾਹਮਣੇ ਆਈਆਂ ਹਨ ਉਹ ਤੁਹਾਡੇ ਰੂ ਬ ਰੂ ਕਰ ਰਿਹਾ ਹਾਂ। 1.ਸਿਆਸਤਦਾਨ ਅਤੇ ਅਰਧ ਸੈਨਿਕ ਬਲ ਜ਼ਿਮੇਵਾਰ:- ਪੰਜਾਬ ਅੰਦਰ ਨਸ਼ਿਆਂ ਦੇ ਰੁਝਾਨ ਨੂੰ ਵਧਾਉਣ ਵਿੱਚ ਸਭ ਤੋਂ ਵੱਡਾ ਰੋਲ ਸਿਆਸਤਦਾਨਾਂ ਨੇ ਅਦਾ ਕੀਤਾ ਹੈ। ਚੋਣਾਂ ਲੜਨ ਲਈ ਸਿਆਸਤਦਾਨ ਗ਼ਲਤ ਤਰੀਕੇ ਨਾਲ ਪੈਸਾ ਕਮਾਉਣ ਵਾਲਿਆਂ ਤੋਂ ਫੰਡ ਲੈਂਦੇ ਹਨ ਤੇ ਫ਼ਿਰ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ ਗੈਰ ਕਾਨੂੰਨੀ ਕੰਮ ਕਰਨ ਦੀ ਛੂਟ ਦੇ ਦਿੱਤੀ ਜਾਂਦੀ ਹੈ। ਪੰਜਾਬ ਅੰਦਰ ਪਿਛਲੇ ਸਮੇਂ ਦੌਰਾਨ ਸਿਆਸਤਦਾਨਾਂ ਨੇ ਨਸ਼ਾ ਤਸਕਰਾਂ ਤੋਂ ਵੱਡੀਆਂ ਰਕਮਾਂ ਲਈਆਂ ਅਤੇ ਫ਼ਿਰ ਉਨ੍ਹਾਂ ਨੂੰ ਨਸ਼ਾ ਤਸ਼ਕਰੀ ਤੋਂ ਕੋਈ ਰੋਕਣ ਵਾਲ਼ਾ ਕੋਈ ਨਾ ਰਿਹਾ। ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਉੱਪਰ ਵੀ ਕੁੱਝ ਇਸੇ ਤਰ੍ਹਾਂ ਦੇ ਇਲਜ਼ਾਮ ਲੱਗਦੇ ਰਹੇ ਹਨ ਲੇਕਿਨ ਇਸ ਗੱਲ ਦਾ ਕੋਈ ਠੋਸ ਸਬੂਤ ਨਹੀਂ ਹੈ ਪਰ ਸਿਆਸਤਦਾਨਾਂ ਅਤੇ ਪੁਲਿਸ ਅਧਿਕਾਰੀਆਂ ਉੱਪਰ ਇਸ ਕਿਸਮ ਦੇ ਦੋਸ਼ ਉਦੋਂ ਤੋਂ ਹੀ ਲੱਗਦੇ ਆ ਰਹੇ ਹਨ ਜਦੋਂ ਤੋਂ ਪੰਜਾਬ ਵਿੱਚ ਨਸ਼ਿਆਂ ਦਾ ਰੁਝਾਨ ਵਧਿਆ ਹੈ। ਦੂਜਾ ਵੱਡਾ ਕਾਰਨ ਇਹ ਵੀ ਹੈ ਕਿ ਸਿਆਸਤਦਾਨਾਂ ਵੱਲੋਂ ਚੋਣਾਂ ਦੌਰਾਨ ਵੋਟਰਾਂ ਨੂੰ ਮੁਫ਼ਤ ਨਸ਼ੇ ਵੰਡੇ ਜਾਂਦੇ ਹਨ। ਇਸਦੇ ਨਾਲ ਹੀ ਪੰਜਾਬ ਇੱਕ ਸਰਹੱਦੀ ਸੂਬਾ ਹੈ ਜਿਸ ਨਾਲ ਪਾਕਿਸਤਾਨ ਦੀ ਸਰਹੱਦ ਲੱਗਦੀ ਹੈ। ਇਸ ਸਰਹੱਦ ਤੋਂ ਸੁਰੱਖਿਆ ਬਲਾਂ ਦੀ ਮਿਲੀਭੁਗਤ ਨਾਲ ਪੰਜਾਬ ਵਿੱਚ ਨਸ਼ਿਆਂ ਦਾ ਆਗਮਨ ਹੁੰਦਾ ਹੈ ਅਤੇ ਪੰਜਾਬ ਅੰਦਰ ਨਸ਼ਾ ਤਸਕਰਾਂ ਅਤੇ ਸਿਆਸਤਦਾਨਾਂ ਦੀ ਸਾਂਠ ਗਾਂਠ ਕਾਰਨ ਨਸ਼ਾ ਤਸਕਰਾਂ ਵੱਲੋਂ ਬਿਨਾਂ ਕਿਸੇ ਡਰ ਤੋਂ ਨਸ਼ੇ ਦਾ ਕਾਰੋਬਾਰ ਕੀਤਾ ਜਾਂਦਾ ਰਿਹਾ ਹੈ। ਪੰਜਾਬ ਅਤੇ ਹਿਮਾਚਲ ਵਿੱਚ ਬਣਦਾ ਸਿੰਥੈਟਿਕ ਨਸ਼ਾ ਵੀ ਸਿਆਸਤਦਾਨਾਂ ਦੀ ਸ਼ਹਿ ਨਾਲ ਬਣਦਾ ਤੇ ਵੇਚਿਆ ਜਾਂਦਾ ਹੈ। ਇਹ ਅਸੀ ਉਨ੍ਹਾਂ ਤੱਥਾਂ ਦੇ ਆਧਾਰ ‘ਤੇ ਕਹਿ ਸਕਦੇ ਹਾਂ ਜਿਹੜੇ ਖੁਲਾਸੇ ਸਿਆਸਤਦਾਨਾਂ ਨਾਲ ਜੁੜੇ ਕੁੱਝ ਲੋਕਾਂ ਨੂੰ ਫੜਨ ਤੋਂ ਬਾਅਦ ਜਾਂਚ ਏਜੰਸੀਆਂ ਵੱਲੋਂ ਕੀਤੇ ਗਏ ਸਨ। ਪੰਜਾਬ ਪੁਲਿਸ ਵੱਲੋਂ ਫੜੇ ਗਏ ਬਿੱਟੂ ਔਲਖ ਅਤੇ ਜਗਜੀਤ ਸਿੰਘ ਚਾਹਲ ਤੋਂ ਪੁੱਛ ਗਿੱਛ ਪਿੱਛੋਂ ਜਾਂਚ ਏਜੰਸੀਆਂ ਨੇ ਇਨ੍ਹਾਂ ਗੱਲਾਂ ਦਾ ਦਾਅਵਾ ਕੀਤਾ ਸੀ ਕਿ ਸਿੰਥੈਟਿਕ ਨਸ਼ਾ ਜਗਜੀਤ ਚਾਹਲ ਦੀ ਦਵਾਈਆਂ ਦੀ ਕੰਪਨੀ ਵਿਚ ਬਣਦਾ ਰਿਹਾ ਹੈ। ਹਾਲਾਂ ਕਿ ਇਸ ਮਾਮਲੇ ਵਿੱਚੋਂ ਬਿੱਟੂ ਔਲਖ ਬਰੀ ਹੋ ਚੁੱਕਾ ਹੈ। ਬਿੱਟੂ ਔਲਖ ਨੇ ਤਾਂ ਬਿਕਰਮ ਮਜੀਠੀਆ ਉੱਪਰ ਸ਼ਰ੍ਹੇਆਮ ਦੋਸ਼ ਲਗਾਏ ਹਨ ਕਿ ਅੰਤਰਰਾਸ਼ਟਰੀ ਨਸ਼ਾ ਤਸਕਰ ਸੱਤੇ ਦੀ ਪੁਸ਼ਤ ਪਨਾਹੀ ਮਜੀਠੀਆ ਵੱਲੋਂ ਕੀਤੀ ਜਾਂਦੀ ਰਹੀ ਹੈ।

ਬੇਰੁਜਗਾਰੀ ਅਤੇ ਨਿਰਾਸ਼ ਨੌਜਵਾਨ:- ਵੱਧ ਰਹੀ ਬੇਰੁਜਗਾਰੀ ਵੀ ਪੰਜਾਬ ਵਿੱਚ ਨਸ਼ਿਆਂ ਦੇ ਰੁਝਾਨ ਨੂੰ ਵਧਾਉਣ ਲਈ ਜ਼ਿਮੇਵਾਰ ਹੈ। ਪੜ੍ਹ ਲਿਖ ਕੇ ਵੇਹਲੇ ਫਿਰਦੇ ਨੌਜਵਾਨ ਤਣਾਓ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਫ਼ਿਰ ਉਹ ਨਸ਼ੇ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੰਦੇ ਹਨ। ਸਿੱਖਿਆ ਅਤੇ ਪਰਿਵਾਰਕ ਨਿਗਰਾਨੀ ਦੀ ਕਮੀ:- ਨੌਜਵਾਨਾਂ ਨੂੰ ਨੈਤਿਕ ਸਿੱਖਿਆ ਨਹੀ ਮਿਲ ਰਹੀ। ਇਹ ਸਿੱਖਿਆ ਅਧਿਆਪਕ ਅਤੇ ਮਾਪੇ ਦਿੰਦੇ ਹਨ ਪਰ ਅੱਜ ਸਾਡਾ ਵਿੱਦਿਅਕ ਸਿਸਟਮ ਇਸ ਤਰ੍ਹਾਂ ਦਾ ਹੋ ਗਿਆ ਹੈ ਕਿ ਵਿਦਿਆਰਥੀਆਂ ਨੂੰ ਕੇਵਲ ਕਿਤਾਬੀ ਪੜ੍ਹਾਈ ਤੱਕ ਹੀ ਸੀਮਿਤ ਕਰ ਦਿੱਤਾ ਗਿਆ ਹੈ ਉਨ੍ਹਾਂ ਨੂੰ ਜੀਵਣ ਜਾਚ ਨਹੀਂ ਸਿਖਾਈ ਜਾ ਰਹੀ।ਅਧਿਆਪਕਾਂ ਤੋਂ ਵੀ ਪਹਿਲਾ ਫਰਜ਼ ਹੁੰਦਾ ਹੈ ਮਾਪਿਆਂ ਦਾ ਕਿ ਬੱਚਿਆਂ ਨੂੰ ਜੀਵਣ ਜਾਚ ਸਿਖਾਉਣ ਪਰ ਮਾਪਿਆਂ ਕੋਲ ਅੱਜ ਕੱਲ ਬੱਚਿਆਂ ਨੂੰ ਦੇਣ ਵਾਸਤੇ ਸਮਾਂ ਹੀ ਨਹੀਂ। ਮਨੋਰੰਜਨ ਅਤੇ ਸੱਭਿਆਚਾਰਕ ਪੱਖ:- ਅੱਜ ਕੱਲ ਦੇ ਪੰਜਾਬੀ ਗਾਇਕਾਂ ਨੇ ਪੰਜਾਬ ਵਿੱਚ ਨਸ਼ਾ ਅਤੇ ਗੈਂਗਸਟਰ ਕਲਚਰ ਨੂੰ ਉਤਸ਼ਾਹਿਤ ਕੀਤਾ ਹੈ। ਗੀਤਾਂ ਵਿਚ ਨਸ਼ਿਆਂ ਤੇ ਹਥਿਆਰਾਂ ਦਾ ਗੁਣਗਾਣ ਕੀਤਾ ਜਾਂਦਾ ਹੈ। ਆਖਿਰ ਵਿੱਚ ਅਸੀਂ ਇਹ ਹੀ ਕਹਾਂਗੇ ਕਿ ਨਸ਼ਾ ਪੰਜਾਬ ਵਿੱਚ ਕਿਸੇ ਇੱਕ ਦਿਨ ਵਿੱਚ ਹੀ ਨਹੀਂ ਆਇਆ ਸਗੋਂ ਇਹ ਕਈ ਸਾਲਾਂ ਦੀ ਲਾਪ੍ਰਵਾਹੀ, ਲੋਭ ਲਾਲਚ ਅਤੇ ਘਟੀਆ ਰਾਜਨੀਤੀ ਦਾ ਨਤੀਜਾ ਹੈ। ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਛੇੜੀ ਗਈ ਹੈ ਸਾਨੂੰ ਸਭ ਨੂੰ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਨਹੀਂ ਤਾਂ ਭਵਿੱਖ ਸਾਨੂੰ ਮੁਆਫ ਨਹੀਂ ਕਰੇਗਾ। ਹੁਣ ਸਵਾਲ ਇਹ ਨਹੀਂ ਹੋਣਾ ਚਾਹੀਦਾ ਕਿ ਨਸ਼ਾ ਪੰਜਾਬ ਵਿੱਚ ਕੌਣ ਲੈ ਕੇ ਆਇਆ ਸਗੋਂ ਸਵਾਲ ਇਹ ਹੋਣਾ ਚਾਹੀਦਾ ਹੈ ਕਿ ਨਸ਼ੇ ਨੂੰ ਖ਼ਤਮ ਕੌਣ ਕਰੇਗਾ। ਆਓ ਆਪਾਂ ਸਾਰੇ ਆਪਣੀ ਜ਼ਿੰਮੇਵਾਰੀ ਸਮਝੀਏ ਅਤੇ ਨਸ਼ੇ ਦਾ ਖਾਤਮਾ ਕਰੀਏ।

 

ਕੁਲਵੰਤ ਸਿੰਘ ਗੱਗੜਪੁਰੀ