Punjab
ਘੱਲੂਘਾਰਾ ਦੇ 41 ਸਾਲ, ਅੱਜ ਆਪ੍ਰੇਸ਼ਨ ਬਲੂ ਸਟਾਰ ਦੀ 41ਵੀਂ ਬਰਸੀ
ਜੂਨ 1984 ਨੂੰ ਯਾਦ ਕਰਦਿਆਂ ਹੀ ਸਿੱਖਾਂ ਦੇ ਪੁਰਾਣੇ ਜ਼ਖ਼ਮ ਹਰੇ ਹੋ ਜਾਂਦੇ ਨੇ, ਇਹ ਜ਼ਖ਼ਮ ਹਰ ਸਾਲ ਰਿਸਦਾ ਹੈ ਤੇ ਉਸਦੀ ਪੀੜ ਕਾਲਜੇ ਧੂਹ ਪਾ ਦਿੰਦੀ ਏ, 1 ਜੂਨ 1984, ਨੂੰ ਉਸ ਸਮੇਂ ਦੀ ਹਕੂਮਤ ਦੇ ਹੁਕਮਾਂ ਤਹਿਤ ਭਾਰਤੀ ਫੌਜ ਨੇ ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕਰ ਢਹਿ ਢੇਰੀ ਕਰ ਦਿੱਤਾ ਗਿਆ ਸੀ, ਜਿਸ ਦੌਰਾਨ ਅਨੇਕਾਂ ਹੀ ਨਿਹੱਥੇ ਸ਼ਰਧਾਲੂ ਸ਼ਹੀਦ ਹੋ ਗਏ ਸਨ ।
ਅੱਜ ਵੀ ਇਤਿਹਾਸ ‘ਚ ਜੂਨ 1984 ਦਾ ਪਹਿਲਾ ਹਫਤਾ ਘੱਲੂਘਾਰਾ ਦਿਵਸ ਅਤੇ ਖੂਨੀ ਸਾਕੇ ਵਜੋਂ ਜਾਣਿਆ ਜਾਂਦਾ ਹੈ, ਜਿਸ ਦਾ ਪਹਿਲਾ ਦਿਨ 1 ਜੂਨ 1984 ਸੀ, ਜਦੋਂ ਭਾਰਤੀ ਫੌਜ ਨੇ ਸ਼੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਘੇਰਾ ਪਾ ਲਿਆ, ਰਾਤ 8:00 ਵਜੇ ਤੱਕ ਫੌਜ ਨੇ ਲਗਾਤਾਰ ਗੋਲੀਬਾਰੀ ਕੀਤੀ, ਇਕ ਬੀਬੀ ਤੇ ਇਕ ਬੱਚੇ ਸਮੇਤ 8 ਜਣੇ ਸ਼ਹੀਦ ਹੋ ਗਏ ਸਨ, ਇਸ ਘਟਨਾ ਨੇ ਸਮੁੱਚੀ ਕੌਮ ਨੂੰ ਅੰਦਰੋਂ ਝੰਜੋੜ ਕੇ ਰੱਖ ਦਿੱਤਾ।
1 ਜੂਨ ਨੂੰ ਹੋਈ ਗੋਲੀਬਾਰੀ ਤੋਂ ਬਾਅਦ ਅਗਲੀ ਸਵੇਰ 2 ਜੂਨ ਨੂੰ ਗੋਲੀਬਾਰੀ ਨਹੀਂ ਹੋਈ ਪਰ ਪ੍ਰੈਸ ‘ਤੇ ਪਾਬੰਦੀ ਲਗਾਈ ਗਈ, ਦੂਜੇ ਪਾਸੇ ਰਾਤ 8:30 ਵਜੇ, ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 40 ਮਿੰਟ ਦਾ ਭਾਸ਼ਣ ਦਿੱਤਾ, ਜਿਸ ਵਿੱਚ “ਖੂਨ ਨਾ ਵਹਾਓ, ਨਫ਼ਰਤ ਤਿਆਗੋ” ਕਹਿ ਕੇ ਸ਼ਾਂਤੀ ਦੀ ਅਪੀਲ ਕੀਤੀ, ਜੋ ਸਰਕਾਰ ਦੀਆਂ ਕਾਰਵਾਈਆਂ ਤੋਂ ਉਲਟ ਸੀ।
3 ਜੂਨ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ। ਵੱਡੀ ਗਿਣਤੀ ‘ਚ ਸੰਗਤ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਈ ਸੀ। ਸਰਕਾਰ ਨੇ 36 ਘੰਟਿਆਂ ਦਾ ਸਖ਼ਤ ਕਰਫਿਊ ਲਗਾ ਦਿੱਤਾ, ਜਿਸ ਨਾਲ ਸੰਗਤ ਕੰਪਲੈਕਸ ਅੰਦਰ ਕੈਦ ਹੋ ਗਈ
4 ਜੂਨ ਦੀ ਸਵੇਰ ਪੌਣੇ 5 ਵਜੇ, ਚਾਰੇ ਪਾਸਿਆਂ ਤੋਂ ਗੋਲੀਆਂ ਅਤੇ ਬੰਬਾਂ ਦੀ ਵਰਖਾ ਸ਼ੁਰੂ ਹੋਈ। ਸੰਗਤ ਦੇ ਚੀਕ-ਚਿਹਾੜੇ ਗੋਲੀਆਂ ਦੀ ਆਵਾਜ਼ ਵਿੱਚ ਦਬ ਗਏ। ਸਾਰਾ ਦਿਨ ਗੋਲੀਬਾਰੀ ਅਤੇ ਬੰਬਾਰੀ ਜਾਰੀ ਰਹੀ।
05_ਜੂਨ_1984:ਪੂਰਾ ਦਿਨ ਦੋਵਾਂ ਪਾਸਿਆਂ ਤੋਂ ਗਹਿ ਗੱਚ ਲੜਾਈ ਹੋਈ। ਫੌਜ ਨੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਟੈਂਕ ਵਾੜ ਦਿੱਤੇ, ਮਰਿਆਦਾ ਦੀ ਰੱਜ ਕੇ ਉਲੰਘਣਾ ਹੋਈ। ਫੌਜ ਨੇ ਸ਼੍ਰੀ ਦਰਬਾਰ ਸਾਹਿਬ ਦੇ ਅੰਦਰਲੇ ਹਿੱਸੇ ਨੂੰ ਵੀ ਗੋਲੀਆਂ ਦਾ ਨਿਸ਼ਾਨਾ ਬਣਾਇਆ। ਇੱਕ ਗੋਲੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਵੀ ਲੱਗੀ।
5 ਜੂਨ ਦੀ ਰਾਤ ਵੀ ਗੋਲੀਬਾਰੀ ਵਿਚ ਲੰਘ ਗਈ ਤੇ 6 ਜੂਨ ਦਾ ਦਿਨ ਚੜ੍ਹ ਆਇਆ, ਭਾਰਤੀ ਫ਼ੌਜ ਨੇ ਹਮਲੇ ਤੇਜ਼ ਕਰ ਦਿੱਤੇ। ਫੌਜੀ ਟੈਕਾਂ ਨਾਲ ਦਰਬਾਰ ਸਾਹਿਬ ਉੱਪਰ ਵੱਡਾ ਹਮਲਾ ਬੋਲ ਦਿੱਤਾ ਗਿਆ, ਟੈਂਕਾਂ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦਾ ਵੱਡਾ ਹਿੱਸਾ ਢਾਹ ਦਿੱਤਾ। ਦੂਜੇ ਪਾਸੇ ਭਾਈ ਰਸ਼ਪਾਲ ਸਿੰਘ ਆਪਣੀ ਸਿੰਘਣੀ ਬੀਬੀ ਪ੍ਰੀਤਮ ਕੌਰ ਅਤੇ ਨਵਜਾਤ ਪੁੱਤਰ ਮਨਪ੍ਰੀਤ ਸਿੰਘ ਨੂੰ ਲੈ ਕੇ ਪਰਿਕਰਮਾ ਵਿਚ ਹੀ ਬੈਠੇ ਸਨ, ਦੱਸਿਆ ਜਾਂਦਾ ਹੈ ਕਿ ਮਨਪ੍ਰੀਤ ਸਿੰਘ ਜਿਸ ਦੀ ਉਮਰ ਮਹਿਜ਼ 15 ਦਿਨ ਦੀ ਸੀ, ਉਸਨੂੰ ਗੋਲੀ ਲੱਗੀ। ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਬੀਬੀ ਪ੍ਰੀਤਮ ਕੌਰ ਨੇ ਅਪਣੇ ਕੁੱਛੜ ਤੋਂ ਪੁੱਤ ਦੀ ਲਾਸ਼ ਛੱਡੀ ਤੇ ਅਪਣੇ ਪਤੀ ਪਿੱਛੇ ਚੱਲ ਪਈ। ਕੁੱਝ ਸਮੇਂ ਬਾਅਦ ਭਾਈ ਰਸ਼ਪਾਲ ਸਿੰਘ ਵੀ ਸ਼ਹੀਦ ਹੋ ਗਏ। ਜਦੋਂ ਸੰਗਤ ਵੱਡੀ ਗਿਣਤੀ ਵਿੱਚ ਸ਼ਹੀਦ ਹੋਣ ਲੱਗੀ ਤਾਂ ਜਰਨੈਲ ਸਿੰਘ ਭਿੰਡਰਾਂਵਾਲੇ ਕੁੱਝ ਹੋਰ ਸਿੰਘਾਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਾਹਰ ਆਏ। ਉਨ੍ਹਾਂ ਦੇ ਬਾਹਰ ਨਿਕਲਦਿਆਂ ਹੀ ਫੌਜ ਨੇ ਉਨ੍ਹਾਂ ਉੱਪਰ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਸ਼ਹੀਦ ਹੋਏ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਲਾਸ਼ ਦੀ ਸ਼ਨਾਖਤ ਕਰਨ ਲਈ ਉਨ੍ਹਾਂ ਦੇ ਭਰਾ ਕੈਪਟਨ ਹਰਚਰਨ ਸਿੰਘ ਰੋਡੇ ਨੂੰ ਬੁਲਾਇਆ ਗਿਆ। ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਤੇ ਸਰੋਵਰ ਵਿਚ ਲਾਸ਼ਾਂ ਹੀ ਲਾਸ਼ਾਂ ਪਈਆਂ ਹੋਈਆਂ ਸਨ। ਛੇ ਜੂਨ ਦੀ ਸ਼ਾਮ ਨੂੰ ਗੋਲੀਬਾਰੀ ਘਟ ਗਈ ਪਰ ਹਜ਼ਾਰਾਂ ਸਿੰਘ ਸ਼ਹੀਦ ਹੋ ਚੁੱਕੇ ਸਨ।
ਭਾਵੇਂ ਜੂਨ 1984 ਵਿਚ ਵਾਪਰੇ ਦੁਖਾਂਤ ਨੂੰ ਕਈ ਸਾਲ ਬੀਤ ਚੁੱਕੇ ਨੇ ਪਰ ਇਸ ਹਮਲੇ ਦੇ ਜ਼ਖ਼ਮ ਅੱਜ ਵੀ ਹਰੇ ਹਨ ਅਤੇ ਇਸ ਖ਼ੂਨੀ ਸਾਕੇ ਦਾ ਦਰਦ ਹਰ ਸਿੱਖ ਦੇ ਮਨ ਵਿਚ ਇਕ ਚੰਗਿਆੜੀ ਦੀ ਤਰ੍ਹਾਂ ਅੱਜ ਵੀ ਸੁਲਘ ਰਿਹਾ ਹੈ ।
