Punjab
ਡਿਲੀਵਰੀ ਕਰਨ ਜਾ ਰਹੇ ਨੌਜਵਾਨ ਦਾ ਹੋਇਆ ਕਤਲ

ਪੰਜਾਬ ‘ਚ ਇਕ ਮਾੜੀ ਘਟਨਾ ਵਾਪਰ ਗਈ । ਜਾਣਕਾਰੀ ਮੁਤਾਬਕ ਜ਼ੋਮੈਟੋ ਡਿਲੀਵਰੀ ਬੁਆਏ ਦੀ ਬਦਮਾਸ਼ਾਂ ਨੇ ਹੱਤਿਆ ਕਰ ਦਿੱਤੀ ਹੈ । ਮ੍ਰਿਤਕ ਦੀ ਪਛਾਣ ਰਾਜੇਸ਼ ਕੁਮਾਰ ਵਾਸੀ ਆਰਤੀ ਚੌਕ ਨੇੜੇ ਹੋਈ ਹੈ। ਦੱਸ ਦੇਈਏ ਕਿ ਹੈ ਘਟਨਾ ਲੁਧਿਆਣਾ ਦੀ ਹੈ ।
ਦੱਸਿਆ ਗਿਆ ਹੈ ਕਿ ਜ਼ੋਮੈਟੋ ਕੰਪਨੀ ਦਾ ਡਿਲੀਵਰੀ ਬੁਆਏ 4 ਜੁਲਾਈ ਦੀ ਰਾਤ ਨੂੰ ਡਿਲੀਵਰੀ ਕਰਨ ਜਾ ਰਿਹਾ ਸੀ। ਇਸ ਦੌਰਾਨ ਰਾਤ ਕਰੀਬ 1 ਵਜੇ ਟਿੱਬਾ ਰੋਡ ‘ਤੇ ਲੁਟੇਰਿਆਂ ਨੇ ਉਸ ਦਾ ਮੋਟਰਸਾਈਕਲ ਖੋਹ ਲਿਆ ਅਤੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਜਦੋਂ ਡਿਲੀਵਰੀ ਬੁਆਏ ਨੇ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਝਗੜਾ ਕੀਤਾ ਅਤੇ ਤੇਜ਼ਧਾਰ ਹਥਿਆਰ ਨਾਲ ਉਸ ਦੇ ਸਿਰ ’ਤੇ ਵਾਰ ਕਰ ਦਿੱਤਾ। ਮੁਲਜ਼ਮ ਖੂਨ ਨਾਲ ਲੱਥਪੱਥ ਡਿਲੀਵਰੀ ਬੁਆਏ ਨੂੰ ਅੱਧ ਮਰੀ ਹਾਲਤ ਵਿੱਚ ਸੜਕ ’ਤੇ ਛੱਡ ਕੇ ਫਰਾਰ ਹੋ ਗਿਆ। ਇਸ ਤੋਂ ਬਾਅਦ ਜ਼ਖਮੀ ਨੂੰ ਰਾਹਗੀਰਾਂ ਨੇ ਹਸਪਤਾਲ ਪਹੁੰਚਾਇਆ ਜਿੱਥੇ ਅੱਜ ਉਸ ਦੀ ਮੌਤ ਹੋ ਗਈ।
ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ‘ਚ ਦੇਖਿਆ ਜਾ ਰਿਹਾ ਹੈ ਕਿ ਰਾਜੇਸ਼ ਸੜਕ ‘ਤੇ ਖੂਨ ਨਾਲ ਲੱਥਪੱਥ ਪਿਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਡਿਲੀਵਰੀ ਲੜਕਿਆਂ ‘ਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਾਤ ਸਮੇਂ ਸ਼ਹਿਰ ਵਿੱਚ ਡਿਲਵਰੀ ਕਰਵਾਉਣਾ ਖਤਰੇ ਤੋਂ ਖਾਲੀ ਨਹੀਂ ਹੈ ਕਿਉਂਕਿ ਸ਼ਰਾਰਤੀ ਅਨਸਰਾਂ ਵੱਲੋਂ ਲੁੱਟ-ਖੋਹ ਅਤੇ ਸਨੈਚਿੰਗ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਰਾਤ ਸਮੇਂ ਗਸ਼ਤ ਵਧਾਈ ਜਾਵੇ ਤਾਂ ਜੋ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਘੱਟ ਕੀਤਾ ਜਾ ਸਕੇ।