Connect with us

Punjab

ਡੇਰਾਵਾਦ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਤੇ ਪੰਥਕ ਜ਼ਿੰਮੇਵਾਰੀ : ਨਾਭ ਕੰਵਲ ਰਾਜਾ ਸਾਹਿਬ ਮਾਮਲੇ ਦਾ ਨਿਰਪੱਖ ਵਿਸ਼ਲੇਸ਼ਣ

Published

on

ਡੇਰਾ ਨਾਭ ਕੰਵਲ ਰਾਜਾ ਸਾਹਿਬ ਨਾਲ ਜੁੜਿਆ ਮਸਲਾ ਕੇਵਲ ਕਿਸੇ ਇੱਕ ਥਾਂ ਜਾਂ ਕਿਸੇ ਇੱਕ ਡੇਰੇ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਇਹ ਸਿੱਖ ਧਰਮ ਦੀ ਮੂਲ ਸੋਚ, ਗੁਰਮਤਿ ਸਿਧਾਂਤਾਂ ਅਤੇ ਪੰਥਕ ਪ੍ਰਬੰਧ ਉੱਤੇ ਗੰਭੀਰ ਸਵਾਲ ਖੜੇ ਕਰਦਾ ਹੈ। ਨਿਰਪੱਖ ਤੌਰ ‘ਤੇ ਵੇਖਣ ‘ਤੇ ਇੱਥੇ ਸ਼ਰਧਾ ਜਾਂ ਭਾਵਨਾ ਨਹੀਂ, ਸਗੋਂ ਗੁਰੂ ਗ੍ਰੰਥ ਸਾਹਿਬ ਕੇਂਦਰਿਤ ਸਿੱਖ ਮਰਯਾਦਾ ਹੀ ਮਾਪਦੰਡ ਬਣਦੀ ਹੈ।
ਸਿੱਖ ਧਰਮ ਦਾ ਸਪੱਸ਼ਟ ਸਿਧਾਂਤ ਹੈ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕੋਈ ਗੁਰੂ, ਸੰਤ ਜਾਂ ਬਾਬਾ ਨਹੀਂ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰੁਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਸੌਂਪ ਕੇ ਗੁਰੁ ਪਰੰਪਰਾ ਦਾ ਅੰਤ ਕਰ ਦਿੱਤਾ ਸੀ। ਇਸ ਲਈ ਡੇਰਾਵਾਦ, ਜਿੱਥੇ ਕਿਸੇ ਸੰਤ ਜਾਂ ਥਾਂ ਦੇ ਆਲੇ–ਦੁਆਲੇ ਵਿਅਕਤੀ ਕੇਂਦਰਿਤ ਆਸਥਾ ਬਣਦੀ ਹੈ, ਸਿੱਧਾ–ਸਿੱਧਾ ਗੁਰਮਤਿ ਦੇ ਉਲਟ ਹੈ। ਸਿੱਖੀ ਵਿੱਚ ਕੇਂਦਰ ਗੁਰਦੁਆਰਾ ਅਤੇ ਗੁਰੂ ਹੈ, ਕੋਈ ਨਿੱਜੀ ਡੇਰਾ ਜਾਂ ਪਰਿਵਾਰਕ ਸੰਸਥਾ ਨਹੀਂ।
ਇਸ ਪਿੱਛੋਕੜ ਵਿੱਚ ਜਦੋਂ ਕਿਸੇ ਡੇਰੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਵੱਡੀ ਗਿਣਤੀ ਵਿੱਚ ਸਰੂਪ ਮਿਲਦੇ ਹਨ, ਤਾਂ ਇਹ ਸਵਾਲ ਟਾਲਿਆ ਨਹੀਂ ਜਾ ਸਕਦਾ ਕਿ ਇੰਨੇ ਸਰੂਪ ਉੱਥੇ ਕਿਉਂ ਸਨ? ਗੁਰੂ ਗ੍ਰੰਥ ਸਾਹਿਬ ਜੀ ਪੂਜਾ ਦੀ ਵਸਤੂ ਨਹੀਂ, ਸਗੋਂ ਜ਼ਿੰਦਾ ਗੁਰੂ ਹਨ। ਜ਼ਿੰਦਾ ਗੁਰੂ ਦੇ ਸਰੂਪਾਂ ਨੂੰ ਇਕੱਠਾ ਕਰਨਾ, ਸੰਭਾਲ ਕੇ ਰੱਖਣਾ ਜਾਂ ਗਿਣਤੀ ਵਧਾਉਣਾ, ਗੁਰਮਤਿ ਦੀ ਆਤਮਾ ਨਾਲ ਮੇਲ ਨਹੀਂ ਖਾਂਦਾ। ਹਰ ਸਰੂਪ ਦਾ ਮੂਲ ਉਦੇਸ਼ ਸੰਗਤ ਵਿੱਚ ਪ੍ਰਕਾਸ਼ ਹੋਣਾ ਹੈ, ਨਾ ਕਿ ਕਿਸੇ ਕੇਂਦਰ ਵਿੱਚ ਸਟੋਰ ਹੋਣਾ।
ਇੱਥੇ ਸਭ ਤੋਂ ਵੱਡੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਆਉਂਦੀ ਹੈ। ਜੇ SGPC ਨੇ ਵਾਕਈ ਇੰਨੇ ਸਰੂਪ ਕਿਸੇ ਇੱਕ ਡੇਰੇ ਨੂੰ ਦਿੱਤੇ।ਤਾਂ ਇਹ ਫੈਸਲਾ ਗੁਰਮਤਿ ਨਹੀਂ, ਪ੍ਰਬੰਧਕ ਲਾਪਰਵਾਹੀ ਦੀ ਨਿਸ਼ਾਨੀ ਬਣਦਾ ਹੈ। SGPC ਦਾ ਕੰਮ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸੰਭਾਲ ਕਰਨਾ ਹੈ, ਨਾ ਕਿ ਬਿਨਾਂ ਪੰਥਕ ਸਹਿਮਤੀ ਅਤੇ ਸਖ਼ਤ ਨਿਯਮਾਂ ਦੇ ਉਨ੍ਹਾਂ ਦੀ ਵੰਡ ਕਰਨੀ। ਇਹ ਵੀ ਸੋਚਣ ਵਾਲੀ ਗੱਲ ਹੈ ਕਿ ਕੀ ਡੇਰਾ ਗੁਰਦੁਆਰਾ ਪ੍ਰਬੰਧ ਹੇਠ ਸੀ ਜਾਂ ਕਿਸੇ ਨਿੱਜੀ ਸੰਸਥਾ ਦੇ ਤਹਿਤ ਹੈ। ਜੇ ਨਿੱਜੀ ਸੀ, ਤਾਂ ਸਰੂਪ ਦੇਣ ਦੀ ਮਨਜ਼ੂਰੀ ਕਿਵੇਂ ਅਤੇ ਕਿਉਂ ਦਿੱਤੀ ਗਈ?
ਡੇਰੇ ਦੇ ਪ੍ਰਬੰਧਕਾਂ ਵੱਲੋਂ ਦਿੱਤੀਆਂ ਸਫ਼ਾਈਆਂ ਆਪਣੀ ਥਾਂ ਹੋ ਸਕਦੀਆਂ ਹਨ, ਪਰ ਸਿੱਖ ਧਰਮ ਵਿੱਚ ਮਾਪਦੰਡ ਸਫ਼ਾਈ ਨਹੀਂ, ਸਿੱਖ ਰਹਿਤ ਮਰਯਾਦਾ ਹੈ। ਮਰਯਾਦਾ ਅਨੁਸਾਰ ਗੁਰੂ ਸਾਹਿਬ ਦੇ ਸਰੂਪਾਂ ਨਾਲ ਜੁੜੀ ਹਰ ਕਾਰਵਾਈ ਪੂਰੀ ਪਾਰਦਰਸ਼ਤਾ, ਲਿਖਤੀ ਰਿਕਾਰਡ ਅਤੇ ਪੰਥਕ ਨਿਗਰਾਨੀ ਹੇਠ ਹੋਣੀ ਚਾਹੀਦੀ ਹੈ।
ਅਸਲ ਸੱਚ ਇਹ ਹੈ ਕਿ ਡੇਰਾ ਨਾਭ ਕੰਵਲ ਰਾਜਾ ਸਾਹਿਬ ਦਾ ਮਾਮਲਾ ਸਿੱਖ ਸਮਾਜ ਲਈ ਇੱਕ ਦਰਪਣ ਹੈ। ਪਿਛਲੇ ਕਈ ਸਾਲਾਂ ਤੋਂ ਸਿੱਖ ਸੰਸਥਾਵਾਂ ਨੇ ਡੇਰਾਵਾਦ ਨਾਲ ਸਮਝੌਤਾ ਕੀਤਾ, ਕਦੇ ਸਿਆਸੀ ਲਾਭ ਲਈ, ਕਦੇ ਟਕਰਾਅ ਤੋਂ ਬਚਣ ਲਈ। ਅੱਜ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਗੱਲ ਆਉਂਦੀ ਹੈ, ਤਾਂ ਸਵਾਲ ਕਿਸੇ ਇੱਕ ਡੇਰੇ ਨੂੰ ਨਹੀਂ, ਪੂਰੇ ਪੰਥਕ ਪ੍ਰਬੰਧ ਨੂੰ ਘੇਰ ਲੈਂਦੇ ਹਨ।
ਨਿਰਪੱਖ ਹੋ ਕੇ ਸੋਚੀਏ ਕਿ ਜੇ ਸਿੱਖੀ ਨੂੰ ਗੁਰੂ ਗ੍ਰੰਥ ਸਾਹਿਬ ਕੇਂਦਰਿਤ ਰੱਖਣਾ ਹੈ, ਤਾਂ ਡੇਰਾਵਾਦ, ਵਿਅਕਤੀ ਪੂਜਾ ਅਤੇ ਸੰਸਥਾਗਤ ਲਾਪਰਵਾਹੀ ਤੋਂ ਸਪੱਸ਼ਟ ਤੌਰ ‘ਤੇ ਦੂਰੀ ਬਣਾਉਣੀ ਪਵੇਗੀ। ਨਹੀਂ ਤਾਂ ਇਹ ਵਿਵਾਦ ਕਿਸੇ ਇੱਕ ਡੇਰੇ ਤੱਕ ਸੀਮਤ ਨਹੀਂ ਰਹੇਗਾ, ਸਗੋਂ ਸਿੱਖ ਧਰਮ ਦੀ ਮੂਲ ਸੋਚ ਉੱਤੇ ਲਗਾਤਾਰ ਸਵਾਲ ਚੁੱਕਦਾ ਰਹੇਗਾ।

 

ਕੁਲਵੰਤ ਸਿੰਘ ਗੱਗੜਪੁਰੀ