Punjab
ਸੂਬਾਈ ਸਿਆਸਤ ਲਈ ਕੋਈ ਤਿਆਰੀ ਨਹੀਂ, ਮੈਂ ਸੰਗਠਨ ਦੇ ਕਾਰਕੁੰਨ ਵਾਂਗ ਕੰਮ ਕਰਦਾ ਰਹਾਂਗਾ – ਸਤਨਾਮ ਸਿੰਘ ਸੰਧੂ

ਐੱਲਪੀਯੂ ਦੇ ਨਾਲ ਸਾਡਾ ਕੋਈ ਮੁਕਾਬਲਾ ਨਹੀਂ, ਅਸ਼ੋਕ ਮਿੱਤਲ ਮੇਰੇ ਵੱਡੇ ਭਰਾ ਵਾਂਗ ਨੇ- ਸਤਨਾਮ ਸਿੰਘ ਸੰਧੂ, ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ
ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਅਤੇ ਰਾਜਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੂੰ ਯਾਦਗਾਰੀ ਭੇਂਟ ਦਿੰਦੇ ਹੋਏ ਵਰਲਡ ਪੰਜਾਬੀ ਟੀਵੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਐਡੀਟਰ ਇਨ ਚੀਫ ਸ. ਰਣਬੀਰ ਸਿੰਘ ਸੰਧੂ।

‘ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਨੇ ਮੈਨੂੰ ਹਮੇਸ਼ਾ ਹੀ ਪ੍ਰੇਰਣਾ ਦਿੱਤੀ ਹੈ ਅਤੇ ਉਨ੍ਹਾਂ ਨੂੰ ਆਦਰਸ਼ ਮੰਨ ਕੇ ਮੈਂ ਅੱਗੇ ਵੱਧ ਰਿਹਾ ਹਾਂ। ਆਪਣੀ ਮੌਜੂਦਾ ਜ਼ਿੰਮੇਦਾਰੀ ਨੂੰ ਮੈਂ ਪੂਰੇ ਤਰੀਕੇ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਪਰ ਫਿਲਹਾਲ ਸੂਬਾਈ ਸਿਆਸਤ ਚ ਐਂਟਰੀ ਲਈ ਮੇਰੀ ਕੋਈ ਤਿਆਰੀ ਜਾਂ ਖਵਾਹਿਸ਼ ਨਹੀਂ ਹੈ।’ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਅਤੇ ਰਾਜਸਭਾ ਮੈਂਬਰ ਵੱਜੋਂ ਨਾਮਜਦ ਕੀਤੇ ਗਏ ਐਡੁਪ੍ਰੋਨਿਓਰ ਸ. ਸਤਨਾਮ ਸਿੰਘ ਸੰਧੂ ਨੇ ਇਹ ਪ੍ਰਗਟਾਵਾ ਵਰਲਡ ਪੰਜਾਬੀ ਟੀਵੀ ਦੇ ਖ਼ਾਸ ਸ਼ੌਅ ‘ਪੌਡਕਾਸਟ ਵਿਦ ਗਗਨ’ ਵਿੱਚ ਕੀਤਾ। ਆਪਣੀ ਨਿਜੀ ਜ਼ਿੰਦਗੀ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਸਤਨਾਮ ਸਿੰਘ ਸੰਧੂ ਨੇ ਆਪਣੇ ਜੱਦੀ ਪਿੰਡ ਰਸੂਲਪੁਰ ਤੋਂ ਲੈ ਕੇ ਆਪਣੀ ਕਰਮ ਭੂਮੀ ਮੋਗਾ ਅਤੇ ਫਿਰ ਚੰਡੀਗੜ੍ਹ ਗਰੁੱਪ ਆਫ ਐਜੁਕੇਸ਼ਨ ਦੇ ਰੂਪ ਚ ਕੀਤੀ ਗਈ ਨਵੇਕਲੀ ਸ਼ੁਰੂਆਤ ਦੇ ਸੰਘਰਸ਼ ਨੂੰ ਵੀ ਖੁੱਲ੍ਹ ਕੇ ਬਿਆਨ ਕੀਤਾ। ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਸੂਬੇ ਦੀ ਦੂਜੀ ਪ੍ਰਾਈਵੇਟ ਯੂਨੀਵਰਸਿਟੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਨਾਲ ਉਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਸਗੋਂ ਇਸ ਦੇ ਸੰਸਥਾਪਕ ਅਸ਼ੋਕ ਮਿੱਤਲ ਹੁਰਾਂ ਨਾਲ ਤਾਂ ਉਨ੍ਹਾਂ ਦੀ ਬਹੁਤ ਗੂੜੀ ਦੋਸਤੀ ਹੈ। ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਬੇਸ਼ੱਕ ਆਮ ਤੌਰ ਤੇ ਇਹ ਚਰਚਾ ਹੁੰਦੀ ਹੈ ਕਿ ਲਵਲੀ ਯੂਨੀਵਰਸਿਟੀ ਦੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਦਾ ਮੁਕਾਬਲਾ ਹੈ, ਪਰ ਅਸਲੀਅਤ ਚ ਅਜਿਹਾ ਨਹੀ ਹੈ।

ਰਾਜਸਭਾ ‘ਚ ਨਾਮਜ਼ਦ ਮੈਂਬਰ ਵੱਜੋਂ ਆਪਣੀ ਸਰਗਰਮੀਆਂ ਬਾਰੇ ਗੱਲ ਕਰਦਿਆਂ ਸਤਨਾਮ ਸਿੰਘ ਸੰਧੂ ਨੇ ਦਰਿਆਵਾਂ ਨੂੰ ਕਾਨੂੰਨੀ ਦਰਜਾ ਦਿਵਾਏ ਜਾਣ ਮੁਤੱਲਕ ਪੇਸ਼ ਕੀਤੇ ਗਏ ਪ੍ਰਾਈਵੇਟ ਮੈਂਬਰ ਬਿੱਲ ਪਿੱਛਲੀ ਵਜ੍ਹਾ ਦੱਸੀ। ਉਨ੍ਹਾਂ ਦਾਅਵਾ ਕੀਤਾ ਕਿ ਜਿਸ ਦਿਨ ਦਰਿਆਵਾਂ ਦੀ ਹੋਂਦ ਧਰਤੀ ਤੋਂ ਮੁੱਕ ਜਾਵੇਗੀ ਤਾਂ ਉਸੇ ਦਿਨ ਮਨੁੱਖੀ ਸਮਾਜ ਵੀ ਖਤਮ ਹੋ ਜਾਵੇਗਾ। ਪੰਜਾਬ ਚ ਲਾਲਚ ਦੇ ਕੇ ਕੀਤੇ ਜਾ ਰਹੇ ਧਰਮ ਪਰਿਵਰਤਨ ਦੇ ਮੁੱਦੇ ਤੇ ਚਾਂਸਲਰ ਸੰਧੂ ਨੇ ਫਿਕਰ ਪ੍ਰਗਟਾਈ। ਅਮਰੀਕਾ ਤੋਂ ਡਿਪੋਰਟ ਹੋ ਕੇ ਪਰਤੇ ਪੰਜਾਬੀ ਨੌਜਵਾਨਾਂ ਲਈ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤੇ ਗਏ ਪ੍ਰੋਗਰਾਮ ਉਡਾਣ ਦੇ ਬਾਰੇ ਵੀ ਉਨ੍ਹਾਂ ਵਰਲਡ ਪੰਜਾਬੀ ਟੀਵੀ ਨਾਲ ਆਪਣੀ ਸੋਚ ਨੂੰ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਸਮਾਜ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਚੰਡੀਗੜ੍ਹ ਯੂਨੀਵਰਸਿਟੀ ਕਦੇ ਵੀ ਪਿੱਛੇ ਨਹੀਂ ਹਟੇਗੀ।

ਆਪਣੀ ਜ਼ਿੰਦਗੀ ਦੇ ਬੀਤੇ ਦਿਨਾਂ ਦੀਆਂ ਯਾਦਾਂ ਨੂੰ ਸਾਂਝਾ ਕਰਦਿਆਂ ਸ. ਸਤਨਾਮ ਸਿੰਘ ਸੰਧੂ ਨੇ ਮੋਗਾ ਚ ਬਿਤਾਏ ਦਿਨਾਂ ਦਾ ਜ਼ਿਕਰ ਕੀਤਾ। ਕਾਲਜ ਦੇ ਦਿਨਾਂ ਚ ਖਾੜਕੂਵਾਦ ਦੇ ਦੌਰ ਅਤੇ ਖੱਬੇ ਪੱਖੀ ਧਿਰਾਂ ਦੇ ਅਸਰ ਤੋਂ ਖੁਦ ਨੂੰ ਵੱਖਰਾ ਰੱਖ ਕੇ ਉਨ੍ਹਾਂ ਮੋਗਾ ਦੇ ਗੁਰੂਨਾਨਕ ਕਾਲਜ ਚ ਬਤੌਰ ਵਿਦਿਆਰਥੀ ਆਗੂ ਨਵੇਕਲੇ ਉਪਰਾਲੇ ਕੀਤੇ। ਸੱਭਿਆਚਾਰਕ ਪ੍ਰੋਗਰਾਮਾਂ ਦੇ ਪ੍ਰਬੰਧਾਂ ਤੋਂ ਲੈ ਕੇ ਕਾਲਜ ਨੂੰ ਕੋ ਐਜੁਕੇਸ਼ਨ ਵੱਲ ਲਿਜਾਉਣ ਅਤੇ ਫਿਰ ਮੋਗਾ ਨੂੰ ਜ਼ਿਲ੍ਹਾ ਬਨਾਉਣ ਦੀ ਮੁਹਿੰਮ ਚ ਪਾਏ ਆਪਣੇ ਯੋਗਦਾਨ ਬਾਰੇ ਵੀ ਸਤਨਾਮ ਸਿੰਘ ਸੰਧੂ ਨੇ ਚਰਚਾ ਕੀਤੀ।
ਵਰਲਡ ਪੰਜਾਬੀ ਟੀਵੀ ਦੇ ਨਿਊਜ਼ ਡਾਇਰੈਕਟਰ ਗਗਨ ਦੀਪ ਚੌਹਾਨ ਨਾਲ ਰਾਜਸਭਾ ਮੈਂਬਰ ਸਤਨਾਮ ਸਿੰਘ ਸੰਧੂ ਦੀ ਇਸ ਖਾਸ ਮੁਲਾਕਾਤ ਦਾ ਪ੍ਰਸਾਰਣ ਛੇਤੀ ਹੀ ਵੱਖ ਵੱਖ ਪਲੇਟਫਾਰਮਾਂ ਤੇ ਕੀਤਾ ਜਾਵੇਗਾ।
Continue Reading