Sports
10 ਹਜ਼ਾਰ ਵਾਲੰਟੀਅਰਸ ਨੇ ਟੋਕੀਓ ਓਲੰਪਿਕ ਤੋਂ ਨਾਂ ਲਿਆ ਵਾਪਸ

ਟੋਕੀਓ ਮੈਨੇਜਮੈਂਟ ਨੂੰ ਕੋਰੋਨਾ ਦੇ ਮਾਹੌਲ ’ਚ ਖੇਡਾਂ ਨੂੰ ਅੱਗੇ ਵਧਾਉਣ ’ਚ ਇਕ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੇਮਸ ’ਚੋਂ 50 ਦਿਨ ਪਹਿਲਾਂ ਹੀ 10 ਹਜ਼ਾਰ ਵਾਲੰਟੀਅਰਸ ਨੇ ਆਪਣਾ ਨਾਂ ਵਾਪਸ ਲੈ ਲਿਆ ਹੈ। ਕੁੱਝ ਮਹੀਨੇ ਪਹਿਲਾਂ ਇਸ ਦੀ ਗਿਣਤੀ 80 ਹਜ਼ਾਰ ਦੇ ਕਰੀਬ ਸੀ। ਕੁੱਝ ਦਿਨਾਂ ’ਚ ਹੀ 10 ਹਜ਼ਾਰ ਤੋਂ ਜ਼ਿਆਦਾ ਵਾਲੰਟੀਅਰਸ ਆਪਣਾ ਮਨ ਬਦਲ ਚੁੱਕੇ ਹਨ। ਜਿਵੇਂ-ਜਿਵੇਂ ਗੇਮ ਨੇੜੇ ਆਵੇਗੀ, ਇਸ ਦਾ ਅੰਕੜਾ ਹੋਰ ਵਧਣ ਦੀ ਉਮੀਦ ਹੈ।
ਟੋਕੀਓ ਮੈਨੇਜਮੈਂਟ ਕਮੇਟੀ ਦੇ ਸੀ. ਈ. ਓ. ਤੋਸ਼ੀਰੋ ਮੁੱਤੋ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਇਸ ’ਚ ਕੋਈ ਸ਼ੱਕ ਨਹੀਂ ਕਿ ਇਸ ਕਦਮ ਦੇ ਪਿੱਛੇ ਕੋਰੋਨਾ ਵਾਇਰਸ ਸਬੰਧੀ ਚਿੰਤਾਵਾਂ ਹੋ ਸਕਦੀਆਂ ਹਨ। ਪਿਛਲੇ ਸਾਲ ਹੀ ਮਾਰਚ ’ਚ ਹੋਣ ਵਾਲੇ ਓਲੰਪਿਕ ਨੂੰ ਇਕ ਸਾਲ ਲਈ ਅੱਗੇ ਵਧਾਇਆ ਗਿਆ ਸੀ ਪਰ ਕੋਰੋਨਾ ਨੂੰ ਲੈ ਕੇ ਚਿੰਤਾਵਾਂ ਅਜੇ ਵੀ ਘੱਟ ਨਹੀਂ ਹੋਈਆਂ ਹਨ। ਜਾਪਾਨ ਦੇ ਕਈ ਸੂਬਿਆਂ ’ਚ ਅਜੇ ਵੀ ਐਮਰਜੈਂਸੀ ਐਲਾਨੀ ਗਈ ਹੈ। ਉਮੀਦ ਸੀ ਕਿ ਟੋਕੀਓ ’ਚ ਇਸ ਨੂੰ ਹਟਾ ਦਿੱਤਾ ਜਾਵੇਗਾ ਲੇਕਿਨ ਵਧਦੇ ਮਾਮਲਿਆਂ ਕਾਰਨ ਇਹ ਸੰਭਵ ਨਹੀਂ ਦਿਸ ਰਿਹਾ। ਉਥੇ ਹੀ ਮੈਨੇਜਮੈਂਟ ਬੰਦ ਦਰਵਾਜਿਆਂ ਦੇ ਪਿੱਛੇ ਓਲੰਪਿਕ ਕਰਵਾਉਣ ’ਤੇ ਜ਼ਿਆਦਾ ਉਤਾਰੂ ਹੈ।
ਜਾਪਾਨ ਦੀ ਸਥਿਤੀ ਕੁਝ ਅਜਿਹੀ ਦੇਖੀ ਜਾ ਰਹੀ ਹੈ। 83 ਫੀਸਦੀ ਜਾਪਾਨੀ ਇਕ ਸਰਵੇ ’ਚ ਅਜੇ ਵੀ ਚਾਹੁੰਦੇ ਹਨ ਕਿ ਓਲੰਪਿਕ ਖੇਡਾਂ ਪੋਸਟਪੌਨ ਹੋਣੀਆਂ ਚਾਹੀਦੀਆਂ ਹਨ। ਕੋਰੋਨਾ ਨਾਲ 7.5 ਲੱਖ ਲੋਕ ਜਾਪਾਨ ’ਚ ਪ੍ਰਭਾਵਿਤ ਹੋਏ। 13 ਹਜ਼ਾਰ ਮੌਤਾਂ ਹੋਈਆਂ। ਕੋਰੋਨਾ ਦੀ ਵੈਕਸੀਨ 2.3 ਫੀਸਦੀ ਜਾਪਾਨੀਆਂ ਨੂੰ ਹੀ ਲੱਗ ਸਕੀ ਹੈ।
ਓਲੰਪਿਕ ਪਾਰਟਨਰ ਹਟੇ ਪਿੱਛੇ : ਓਲੰਪਿਕ ਦੇ ਆਫੀਸ਼ੀਅਲ ਪਾਰਟਨਰਜ਼ ’ਚੋਂ ਇਕ ਅਸਾਹੀ ਸ਼ਿੰਬੁਨ ਨੇ ਵੀ ਇਕ ਰਿਪੋਰਟ ਛਾਪ ਕੇ ਜਾਪਾਨੀ ਪੀ. ਐੱਮ. ਯੋਸ਼ੀਹਿਦੇ ਸੁਗਾ ਕੋਲੋਂ ਮੰਗ ਕੀਤੀ ਹੈ ਕਿ ਉਹ ਇਸ ਓਲੰਪਿਕ ਨੂੰ ਕੈਂਸਲ ਕਰਨ ’ਤੇ ਵਿਚਾਰ ਕਰੇ।