Connect with us

Amritsar

ਮਹਾਂਮਾਰੀ ਦੇ ਪ੍ਰਕੋਪ ਕਾਰਨ ਅੰਮ੍ਰਿਤਸਰ ਜੇਲ੍ਹ ਵਿਚੋਂ 289 ਕੈਦੀ ਛੱਡੇ

Published

on

ਅੰਮ੍ਰਿਤਸਰ, 31 ਮਾਰਚ: ਕੋਵਿਡ-19 ਮਹਾਂਮਾਰੀ ਦੇ ਵਧਦੇ ਪ੍ਰਕੋਪ ਦੇ ਚੱਲਦਿਆਂ ਸੂਬੇ ਦੀਆਂ ਜੇਲ੍ਹਾਂ ਵਿੱਚ ਕੈਦੀਆਂ ਦਾ ਦਬਾਅ ਘਟਾਉਣ ਲਈ ਪੰਜਾਬ ਸਰਕਾਰ ਵੱਲੋਂ ਲਏ ਗਏ ਫੈਸਲੇ ਅਨੁਸਾਰ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿਚੋਂ 289 ਕੈਦੀਆਂ ਨੂੰ ਛੱਡਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਸੁਪਰੀਡੇਂਟ ਅਰਸ਼ਦੀਪ ਸਿੰਘ ਗਿੱਲ ਨੇ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਗਠਿਤ ਕੀਤੀ ਉਚ ਤਾਕਤੀ ਕਮੇਟੀ ਵੱਲੋਂ ਸਾਰੇ ਮਾਪਦੰਡਾਂ ਅਤੇ ਪ੍ਰਕਿਰਿਆ ਨੂੰ ਗ੍ਰਹਿਣ ਕਰਨ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਸੀ, ਜਿਸ ਤਹਿਤ ਦੋਸ਼ੀ ਕੈਦੀਆਂ ਨੂੰ ਛੇ ਹਫਤਿਆਂ ਦੀ ਪੈਰੋਲ ਅਤੇ ਹਵਾਲਾਤੀ ਕੈਦੀਆਂ ਨੂੰ ਛੇ ਹਫਤਿਆਂ ਦੀ ਅੰਤਰਿਮ ਜ਼ਮਾਨਤ ਉਤੇ ਛੱਡਿਆ ਗਿਆ ਹੈ। ਉਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਵੱਲੋਂ ਲਗਾਏ ਗਏ ਡਿਊਟੀ ਮੈਜਿਸਟਰੇਟ ਪੀ ਪੀ ਐਸ ਗੁਰਾਇਆ ਅਤੇ ਹੋਰ ਅਧਿਕਾਰੀਆਂ ਵੱਲੋਂ ਇਹ ਛੁੱਟੀ ਦਿੱਤੀ ਗਈ। ਜਿਸ ਵਿਚ 28 ਮਾਰਚ ਨੂੰ 67 ਕੈਦੀ, 29 ਮਾਰਚ ਨੂੰ 123 ਕੈਦੀ ਅਤੇ ਅੱਜ (ਮੰਗਲਵਾਰ) 99 ਕੈਦੀਆਂ ਨੂੰ ਪੈਰੋਲ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਹੁਣ ਤੱਕ ਅਸੀਂ 289 ਕੈਦੀਆਂ ਨੂੰ ਛੱਡ ਚੁੱਕੇ ਹਾਂ।
ਉਨਾਂ ਦੱਸਿਆ ਕਿ ਇਸ ਵੇਲੇ ਉਨਾਂ ਕੈਦੀਆਂ ਜਿਨ੍ਹਾਂ ਨੂੰ ਵੱਧ ਤੋਂ ਵੱਧ ਸੱਤ ਸਾਲ ਦੀ ਸਜ਼ਾ ਹੋਈ ਹੋਵੇ ਅਤੇ ਦੋ ਤੋਂ ਵੱਧ ਮੁਕੱਦਮੇ ਨਾ ਚੱਲ ਰਹੇ ਹੋਣ ਅਤੇ ਆਖਰੀ ਪੈਰੋਲ ਦਾ ਸ਼ਾਂਤੀਪੂਰਵਕ ਲਾਭ ਵਾਲੇ ਅਜਿਹੇ ਕੈਦੀਆਂ ਨੂੰ ਪੈਰੋਲ ਉਤੇ ਛੱਡਣ ਲਈ ਵਿਚਾਰਿਆ ਗਿਆ ਹੈ । ਉਨਾਂ ਦੱਸਿਆ ਕਿ ਸਾਰੇ ਕੈਦੀਆਂ ਨੂੰ ਘਰਾਂ ਤੱਕ ਛੱਡਣ ਲਈ ਬੱਸਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਅਤੇ ਸਾਰੇ ਕੈਦੀਆਂ ਨੂੰ ਬੱਸਾਂ ਵਿਚ ਵੀ ਮਾਸਕ ਲਗਾਉਣ ਦੀ ਹਦਾਇਤ ਕੀਤੀ ਗਈ, ਤਾਂ ਜੋ ਉਹ ਇਕ-ਦੂਸਰੇ ਤੋਂ ਇਨਫੈਕਸ਼ਨ ਨਾ ਫੈਲੇ।