Connect with us

Punjab

29 ਖੇਡਾਂ ਦੇ ਮੁਕਾਬਲੇ 11 ਤੋਂ 22 ਅਕਤੂਬਰ ਤੱਕ ਚੱਲਣਗੇ: ਮੀਤ ਹੇਅਰ

Published

on

ਚੰਡੀਗੜ੍ਹ:

ਸੂਬੇ ਵਿੱਚ ਖੇਡ ਪੱਖੀ ਮਾਹੌਲ ਸਿਰਜਣ ਲਈ ਸ਼ੁਰੂ ਕੀਤੀਆਂ ‘ਖੇਡਾਂ ਵਤਨ ਪੰਜਾਬ ਦੀਆਂ-2022’ ਦੇ ਆਖਰੀ ਪੜਾਅ ਸੂਬਾ ਪੱਧਰੀ ਮੁਕਾਬਲਿਆਂ ਲਈ ਖੇਡ ਵਿਭਾਗ ਵੱਲੋਂ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। 29 ਖੇਡਾਂ ਦੇ ਇਹ ਮੁਕਾਬਲੇ 11 ਤੋਂ 22 ਅਕਤੂਬਰ ਤੱਕ ਸੂਬੇ ਦੇ 9 ਵੱਖ-ਵੱਖ ਸ਼ਹਿਰਾਂ ਵਿੱਚ ਹੋਣਗੇ।

ਇਹ ਜਾਣਕਾਰੀ ਦਿੰਦਿਆਂ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਬਲਾਕ ਤੇ ਜ਼ਿਲਾ ਪੱਧਰੀ ਮੁਕਾਬਲਿਆਂ ਦੇ ਸਫਲ ਪ੍ਰਬੰਧਨ ਤੋਂ ਬਾਅਦ ਖੇਡ ਵਿਭਾਗ ਵੱਲੋਂ ਸੂਬਾ ਪੱਧਰੀ ਮੁਕਾਬਲਿਆਂ ਲਈ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਨੂੰ ਖੇਡਾਂ ਵਿੱਚ ਮੁੜ ਨੰਬਰ ਇਕ ਸੂਬਾ ਬਣਾਉਣ ਦੀ ਵਚਨਬੱਧਤਾ ਤਹਿਤ ਖੇਡ ਵਿਭਾਗ ਵੱਲੋਂ ਕਰਵਾਈਆਂ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਗਿਣਤੀ 3 ਲੱਖ ਦੇ ਕਰੀਬ ਹੈ। ਸੂਬਾ ਪੱਧਰੀ ਟੂਰਨਾਮੈਂਟ ਦੇ ਜੇਤੂਆਂ ਨੂੰ ਕੁੱਲ 6 ਕਰੋੜ ਰੁਪਏ ਦੇ ਇਨਾਮ ਦਿੱਤੇ ਜਾਣਗੇ। ਪਹਿਲੇ, ਦੂਜੇ ਤੇ ਤੀਜੇ ਸਥਾਨ ਆਉਣ ਵਾਲਿਆਂ ਨੂੰ ਕ੍ਰਮਵਾਰ 10 ਹਜ਼ਾਰ, 7 ਹਜ਼ਾਰ ਤੇ 5 ਹਜ਼ਾਰ ਰੁਪਏ ਦਾ ਨਗਦ ਇਨਾਮ ਮਿਲੇਗਾ। ਇਸ ਤੋਂ ਇਲਾਵਾ ਸਰਟੀਫਿਕੇਟ ਹਾਸਲ ਖਿਡਾਰੀਆਂ ਦੀ ਗਰੇਡਸ਼ਨ ਵੀ ਹੋਵੇਗੀ।

ਖੇਡ ਮੰਤਰੀ ਦੇ ਨਿਰਦੇਸ਼ਾਂ ’ਤੇ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ ਤੇ ਡਾਇਰੈਕਟਰ ਰਾਜੇਸ਼ ਧੀਮਾਨ ਨੇ ਸਮੂਹ ਜ਼ਿਲਾ ਖੇਡ ਅਫਸਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸ੍ਰੀ ਚੌਧਰੀ ਨੇ ਸਮੂਹ ਖੇਡ ਅਫਸਰਾਂ ਨੂੰ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੇ ਆਉਣ-ਜਾਣ, ਰਹਿਣ, ਖਾਣ ਆਦਿ ਦੇ ਪ੍ਰਬੰਧ ਵਧੀਆ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਖੇਡ ਦੇ ਖਿਡਾਰੀ ਨੂੰ ਦਿੱਕਤ ਆਉਦੀ ਹੈ ਤਾਂ ਉਹ ਸਬੰਧਤ ਜ਼ਿਲੇ ਦੇ ਜ਼ਿਲਾ ਖੇਡ ਅਫਸਰ ਨਾਲ ਤਾਲਮੇਲ ਕਰ ਸਕਦਾ ਹੈ।