Punjab
3 ਦੋਸਤਾਂ ਨੇ ਮਿਲ ਕੇ ਕੀਤਾ ਨੌਜਵਾਨ ਦਾ ਕਤਲ,ਲੈਣ-ਦੇਣ ਦਾ ਦੱਸਿਆ ਜਾ ਰਿਹਾ ਮਾਮਲਾ

ਸਬ-ਡਵੀਜ਼ਨ ਫਿਲੌਰ ਦੇ ਥਾਣਾ ਬਿਲਗਾ ਅਧੀਨ ਪੈਂਦੇ ਪਿੰਡ ਬੁਰਜ ਹਸਨ ‘ਚ ਸਿਰਫ 2000 ਰੁਪਏ ਦੇ ਲੈਣ-ਦੇਣ ਕਾਰਨ 3 ਦੋਸਤਾਂ ਨੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਫਿਲੌਰ ਜਗਦੀਸ਼ ਰਾਜ ਅਤੇ ਥਾਣਾ ਮੁਖੀ ਬਿਲਗਾ ਮਹਿੰਦਰਪਾਲ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਪਿੰਡ ਬੁਰਜ ਹਸਨ ਵਿੱਚ ਕੁਝ ਨੌਜਵਾਨਾਂ ਵਿੱਚ ਬਹਿਸ ਸ਼ੁਰੂ ਹੋ ਗਈ ਅਤੇ ਗੱਲ ਹੱਥੋਪਾਈ ਤੱਕ ਪਹੁੰਚ ਗਈ। ਇਸ ਤੋਂ ਬਾਅਦ 3 ਦੋਸਤਾਂ ਨੇ ਇਕ ਨੌਜਵਾਨ ਰਮਨ (23) ਪੁੱਤਰ ਗੁਰਮੀਤ ਸਿੰਘ ਵਾਸੀ ਬੁਰਜ ਹਸਨ ਥਾਣਾ ਬਿਲਗਾ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ।
ਪੁਲੀਸ ਨੇ ਦੱਸਿਆ ਕਿ ਰਮਨ ਨੂੰ ਨੂਰਮਹਿਲ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ। ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ਫਿਲੌਰ ਵਿਖੇ ਰਖਵਾਇਆ ਗਿਆ ਹੈ। ਵੀਰਵਾਰ ਨੂੰ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ। ਉਸ ਨੇ ਦੱਸਿਆ ਕਿ ਰਮਨ ਖੇਤੀ ਦਾ ਕੰਮ ਕਰਦਾ ਸੀ। ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਮੁਖਤਿਆਰ ਸਿੰਘ, ਲਵਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ, ਦਵਿੰਦਰ ਸਿੰਘ ਪੁੱਤਰ ਨਿਸ਼ਾਨ ਸਿੰਘ ਸਾਰੇ ਵਾਸੀ ਬੁਰਜ ਹਸਨ ਵਜੋਂ ਹੋਈ ਹੈ। ਸਾਰੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ। ਸਾਰੇ ਮੁਲਜ਼ਮ ਫ਼ਰਾਰ ਦੱਸੇ ਜਾ ਰਹੇ ਹਨ। ਜਿਸ ਦੀ ਭਾਲ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।