Amritsar
ਅੰਮ੍ਰਿਤਸਰ ‘ਚ ਕੋਰੋਨਾ ਦੇ ਤਿੰਨ ਹੋਰ ਮਾਮਲੇ, ਬਾਹਰੀ ਸੂਬਿਆਂ ਤੋਂ ਆਏ ਵਿਅਕਤੀ ਆ ਰਹੇ ਪਾਜ਼ੇਟਿਵ
ਅੰਮ੍ਰਿਤਸਰ, 20 ਮਈ(ਮਲਕੀਤ ਸਿੰਘ): ਬਾਹਰੀ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਨੇ ਇਕ ਵਾਰ ਫਿਰ ਪੰਜਾਬ ਸਰਕਾਰ ਲਈ ਚਿੰਤਾ ਖੜ੍ਹੀ ਕਰ ਦਿੱਤੀ ਹੈ। ਜ਼ਿਲਾ ਅੰਮ੍ਰਿਤਸਰ ਵਿਚ ਗੁਜਰਾਤ ਤੋਂ ਆਏ 45 ਸਾਲਾ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਮਰੀਜ਼ ਖੁਦ ਸਿਹਤ ਵਿਭਾਗ ਵਲੋਂ ਬਣਾਏ ਗਏ ਸਰਕਾਰੀ ਹਸਪਤਾਲ ਵਿਚ ਬਲੂ ਕਾਰਨਰ ਵਿਚ ਆਇਆ ਸੀ। ਪਿੰਡ ਦਨਿਆਲ ਤਹਿਸੀਲ ਬਾਬਾ ਬਕਾਲਾ ਦਾ ਰਹਿਣ ਵਾਲਾ ਇਹ ਵਿਅਕਤੀ ਕੁਝ ਦਿਨ ਪਹਿਲਾਂ ਹੀ ਗੁਜਰਾਤ ਤੋਂ ਆਇਆ ਸੀ। ਇਸ ਤੋਂ ਇਲਾਵਾ ਸਰਕਾਰੀ ਮੈਡੀਕਲ ਕਾਲਜ ਦੀ ਲੈਬੋਰਟਰੀ ਵਿਚ ਅੱਜ ਆਈ ਰਿਪੋਰਟ ਵਿਚ ਦੋ ਹੋਰ ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨ ਮਰੀਜ਼ ਬਾਹਰੀ ਸੂਬਿਆਂ ਤੋਂ ਆਏ ਹਨ। ਦੱਸਣਯੋਗ ਹੈ ਕਿ ਜ਼ਿਲਾ ਅੰਮ੍ਰਿਤਸਰ ਵਿਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ 311 ਹੋ ਗਈ ਹੈ। ਜਿਨ੍ਹਾਂ ਵਿਚ 4 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਜਦਕਿ 296 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ।