Punjab
ਪੰਜਾਬ ਦੇ 35 ਬੈਡਮਿੰਟਨ ਖਿਡਾਰੀ ਇਕ ਮਹੀਨੇ ਦੇ ਕੈਂਪ ਲਈ ਹੈਦਰਾਬਾਦ ਰਵਾਨਾ…
- ਜਵਾਲਾ ਗੁੱਟਾ ਅਕੈਡਮੀ ਆਫ ਐਕਸੀਲੈਂਸ ਵਿਖੇ ਹਾਸਲ ਕਰਨਗੇ ਵਿਸ਼ੇਸ਼ ਸਿਖਲਾਈ: ਮੀਤ ਹੇਅਰ
ਚੰਡੀਗੜ੍ਹ, 16 ਜੂਨ
ਪੰਜਾਬ ਦੇ ਖਿਡਾਰੀਆਂ ਨੂੰ ਕੌਮੀ ਤੇ ਕੌਮਾਂਤਰੀ ਮੁਕਾਬਲਿਆਂ ਲਈ ਤਿਆਰ ਕਰਨ ਲਈ ਬਿਹਤਰ ਮੰਚ ਮੁਹੱਈਆ ਕਰਵਾਉਣ ਦੇ ਟੀਚੇ ਤਹਿਤ ਪੰਜਾਬ ਦੇ 35 ਬੈਡਮਿੰਟਨ ਖਿਡਾਰੀ ਜਵਾਲਾ ਗੁੱਟਾ ਅਕੈਡਮੀ ਆਫ ਐਕਸੀਲੈਂਸ ਵਿਖੇ ਇਕ ਮਹੀਨੇ ਲਈ ਵਿਸ਼ੇਸ਼ ਸਿਖਲਾਈ ਹਾਸਲ ਕਰਨ ਲਈ ਹੈਦਰਾਬਾਦ ਲਈ ਰਵਾਨਾ ਹੋਏ।ਖੇਡ ਵਿਭਾਗ ਦੇ ਮੁੱਖ ਦਫਤਰ ਹਾਕੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਕੌਮਾਂਤਰੀ ਹਾਕੀ ਸਟੇਡੀਅਮ ਤੋਂ ਰਵਾਨਾ ਹੋਏ ਖਿਡਾਰੀਆਂ ਵਿੱਚ ਅੰਡਰ 9 ਤੋਂ 16 ਤੱਕ 18 ਲੜਕੀਆਂ ਤੇ 17 ਮੁੰਡੇ ਸ਼ਾਮਲ ਹਨ। ਇਨ੍ਹਾਂ ਨਾਲ ਪੰਜਾਬ ਦੇ ਦੋ ਬੈਡਮਿੰਟਨ ਕੋਚ ਵੀ ਰਵਾਨਾ ਹੋਏ।
ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਹੈਦਰਾਬਾਦ ਲਈ ਰਵਾਨਾ ਹੋਏ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਨੰਬਰ ਇਕ ਸੂਬਾ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਪੰਜਾਬ ਵਿੱਚ ਖੇਡ ਸੱਭਿਆਚਾਰ ਪੈਦਾ ਕੀਤਾ ਜਾ ਰਿਹਾ ਹੈ।ਹੈਦਰਾਬਾਦ ਦੇਸ਼ ਵਿੱਚ ਬੈਡਮਿੰਟਨ ਖੇਡ ਦਾ ਧੁਰਾ ਹੈ ਜਿੱਥੇ ਪੰਜਾਬ ਦੇ ਖਿਡਾਰੀਆਂ ਨੂੰ ਭੇਜਣ ਦਾ ਉਦੇਸ਼ ਵੱਡਾ ਮੰਚ ਮੁਹੱਈਆ ਕਰਵਾਉਣਾ ਹੈ। ਇਹ ਕੈਂਪ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਪਹਿਲੀ ਵਾਰ ਲਗਾਇਆ ਜਾ ਰਿਹਾ ਹੈ ਜਿਸ ਦਾ ਸਾਰਾ ਖ਼ਰਚਾ ਖੇਡ ਵਿਭਾਗ ਵੱਲੋਂ ਉਠਾਇਆ ਜਾ ਰਿਹਾ ਹੈ।ਇਸ ਕੈਂਪ ਵਿੱਚ ਖਿਡਾਰੀਆਂ ਨੂੰ ਇੱਕ ਮਹੀਨੇ ਲਈ ਭਾਰਤੀ ਬੈਡਮਿੰਟਨ ਕੋਚ ਮੁਹੰਮਦ ਆਰਿਫ ਤੇ ਜਵਾਲਾ ਗੁੱਟਾ ਵੱਲੋਂ ਕੋਚਿੰਗ ਦਿੱਤੀ ਜਾਵੇਗੀ।
ਖੇਡ ਮੰਤਰੀ ਨੇ ਅੱਗੇ ਕਿਹਾ ਕਿ ਜਵਾਲਾ ਗੁੱਟਾ ਅਕੈਡਮੀ ਆਫ ਐਕਸੀਲੈਂਸ ਅਤੇ ਸੁਧਾਰ ਐਜੂਕੇਸ਼ਨਲ ਸੁਸਾਇਟੀ ਹੈਦਰਾਬਾਦ (ਤੇਲੰਗਾਨਾ) ਵਿਖੇ ਦੇਸ਼ ਭਰ ਦੇ ਬੈਡਮਿੰਟਨ ਖਿਡਾਰੀਆਂ ਨੂੰ ਟ੍ਰੇਨਿੰਗ ਦੇਣ ਲਈ ਕੈਂਪ ਲਗਾਇਆ ਜਾ ਰਿਹਾ ਹੈ।ਇਸ ਕੈਂਪ ਲਈ ਸੂਬੇ ਭਰ ਵਿੱਚੋਂ ਕੁੱਲ 35 ਖਿਡਾਰੀ ਚੁਣੇ ਗਏ ਹਨ l ਇਨ੍ਹਾਂ ਖਿਡਾਰੀਆਂ ਨਾਲ ਦੋ ਕੋਚ ਵਰੁਣ ਤੇ ਸ਼ਹਿਨਾਜ਼ ਵੀ ਰਵਾਨਾ ਹੋਏ।