Punjab
ਪੰਜਾਬ ‘ਚ ਹੜ੍ਹ ਕਾਰਨ ਹੋਇਆ 4 ਮੌਤਾਂ, ਕਈ ਸਕੂਲਾਂ ‘ਚ ਛੁੱਟੀ, 15 ਟਰੇਨਾਂ ਰੱਦ…
ਪੰਜਾਬ ‘ਚ ਹੜ੍ਹ ਕਾਰਨ ਹੋਇਆ 4 ਮੌਤਾਂ, ਕਈ ਸਕੂਲਾਂ ‘ਚ ਛੁੱਟੀ, 15 ਟਰੇਨਾਂ ਰੱਦ
18ਅਗਸਤ 2023: ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਤੋਂ ਬਾਅਦ ਡੈਮਾਂ ਦੇ ਫਲੱਡ ਗੇਟ ਖੋਲ੍ਹੇ ਜਾਣ ਕਾਰਨ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਹੋਰ ਵਿਗੜ ਗਈ ਹੈ। ਵੀਰਵਾਰ ਨੂੰ ਗੁਰਦਾਸਪੁਰ ਦੇ ਬਟਾਲਾ ਅਤੇ ਫਾਜ਼ਿਲਕਾ ‘ਚ ਹੜ੍ਹਾਂ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਕਪੂਰਥਲਾ ਦੇ ਭੁਟਾਲਥ ‘ਚ ਇਕ ਵਿਅਕਤੀ ਵਹਿ ਗਿਆ। ਉਸ ਦਾ ਅਜੇ ਸੁਰਾਗ ਲੱਗਣਾ ਬਾਕੀ ਹੈ।
ਹੁਸ਼ਿਆਰਪੁਰ ਅਤੇ ਫਿਰੋਜ਼ਪੁਰ ਦੇ ਕਈ ਪਿੰਡਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਹੜ੍ਹ ਕਾਰਨ ਵੀਰਵਾਰ ਨੂੰ ਫਿਰੋਜ਼ਪੁਰ ਡਵੀਜ਼ਨ ਦੀਆਂ 15 ਟਰੇਨਾਂ ਰੱਦ ਕਰ ਦਿੱਤੀਆਂ ਗਈਆਂ। ਸੂਬੇ ਦੇ ਅੱਠ ਜ਼ਿਲ੍ਹਿਆਂ ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਸੈਂਕੜੇ ਪਿੰਡ ਹੜ੍ਹਾਂ ਦੀ ਮਾਰ ਹੇਠ ਹਨ। ਭਾਖੜਾ ਅਤੇ ਪੌਂਗ ਡੈਮਾਂ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਪੰਜਾਬ ਦੇ ਹਾਲਾਤ ਆਮ ਵਾਂਗ ਨਹੀਂ ਹੋ ਰਹੇ ਹਨ।
ਬਟਾਲਾ ਦੇ ਸ੍ਰੀ ਹਰਗੋਬਿੰਦਪੁਰ ਕਸਬੇ ਨੇੜੇ ਪਿੰਡ ਧੀਰੋਵਾਲ ਦੇ ਰਹਿਣ ਵਾਲੇ ਦੋ ਨਾਬਾਲਗ ਚਚੇਰੇ ਭਰਾ ਜਸਕਰਨ ਸਿੰਘ (14) ਅਤੇ ਦਿਲਪ੍ਰੀਤ ਸਿੰਘ (13) ਤਿਲਕ ਕੇ ਨਾਲੇ ਵਿੱਚ ਡਿੱਗ ਗਏ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਜਸਕਰਨ ਦਸਵੀਂ ਜਮਾਤ ਵਿੱਚ ਪੜ੍ਹਦਾ ਸੀ ਜਦਕਿ ਦਿਲਪ੍ਰੀਤ ਸਿੰਘ ਨੌਵੀਂ ਜਮਾਤ ਦਾ ਵਿਦਿਆਰਥੀ ਸੀ। ਦੋਵੇਂ ਹੜ੍ਹ ਦੇ ਪਾਣੀ ਨੂੰ ਦੇਖਣ ਪਹੁੰਚੇ ਸਨ।
ਚਾਰ ਐਕਸਪ੍ਰੈਸ ਟਰੇਨਾਂ ਦੇ ਰੂਟ ਬਦਲੇ ਗਏ
ਰੇਲਵੇ ਪ੍ਰਸ਼ਾਸਨ ਨੇ ਫਿਰੋਜ਼ਪੁਰ-ਜਲੰਧਰ ਵਿਚਕਾਰ ਚੱਲਣ ਵਾਲੀਆਂ 15 ਯਾਤਰੀ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ, ਜਦਕਿ ਮੱਖੂ-ਗਿੱਦੜਪਿੰਡੀ ਪੁਲ ਨੰਬਰ-84 ਦੀ ਹੜ੍ਹ ਕਾਰਨ ਖਸਤਾ ਹਾਲਤ ਨੂੰ ਦੇਖਦੇ ਹੋਏ ਚਾਰ ਐਕਸਪ੍ਰੈੱਸ ਟਰੇਨਾਂ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ। ਮੱਖੂ-ਗਿੱਦੜਪਿੰਡੀ ਪੁਲ ਤੋਂ ਵਗ ਰਿਹਾ ਹੈ ਪਾਣੀ। ਇਸ ਤੋਂ ਇਲਾਵਾ ਜੰਮੂ ਤਵੀ ਐਕਸਪ੍ਰੈਸ ਟਰੇਨ (19226), ਜੰਮੂ ਤਵੀ-ਅਹਿਮਦਾਬਾਦ (19224), ਧਨਬਾਦ ਐਕਸਪ੍ਰੈਸ (13308) ਅਤੇ ਜੋਧਪੁਰ-ਜੰਮੂ ਤਵੀ ਐਕਸਪ੍ਰੈਸ (19225) ਦੇ ਰੂਟ ਬਦਲੇ ਗਏ ਹਨ।