Punjab
ਰਸ਼ੀਆ ਦੀ ਜੇਲ੍ਹ ‘ਚ ਫਸੇ 6 ਭਾਰਤੀ ਮੁੰਡਿਆਂ ਨੂੰ ਸੰਤ ਸੀਚੇਵਾਲ ਦੇ ਯਤਨਾਂ ਨਾਲ ਗਿਆ ਛੁਡਵਾਇਆ
27 ਦਸੰਬਰ 2023: ਰਸ਼ੀਆ ਦੀ ਜੇਲ੍ਹ ਵਿੱਚ ਫਸੇ 6 ਭਾਰਤੀ ਨੌਜਵਾਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਵਾਪਸ ਆਪਣੇ ਘਰਾਂ ਨੂੰ ਵਾਪਸ ਪਰਤ ਸਕੇ ਹਨ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਇੰਨ੍ਹਾਂ ਨੌਜਵਾਨਾਂ ਨੇ ਦੱਸਿਆ ਕਿਵੇਂ ਉਨ੍ਹਾਂ ਨਾਲ ਸਰਹੱਦ ਪਾਰ ਕਰਨ ਸਮੇਂ ਉਨ੍ਹਾਂ ‘ਤੇ ਅੱਤ ਦਾ ਤਸ਼ਦੱਦ ਕੀਤਾ ਗਿਆ। ਵਾਪਸ ਆਏ ਇੰਨ੍ਹਾਂ 6 ਨੌਜਵਾਨਾਂ ਵਿੱਚ ਪੰਜ ਪੰਜਾਬੀ ਅਤੇ ਇੱਕ ਹਰਿਆਣਾ ਦਾ ਨੌਜਵਾਨ ਸ਼ਾਮਿਲ ਹੈ। ਇੰਨ੍ਹਾਂ ਨੌਜਵਾਨਾਂ ਦੀ ਉਮਰ 18 ਤੋਂ 24 ਸਾਲਾਂ ਦੇ ਵਿਚਕਾਰ ਹੈ।
ਪੰਜਾਬ ਦੇ ਨੌਜਵਾਨਾਂ ਵਿੱਚਾਂ ਫਾਜਿਲਕਾ ਦਾ ਬਲਵਿੰਦਰ ਸਿੰਘ, ਕਪੂਰਥਲਾ ਦਾ ਗੁਰਮੀਤ ਸਿੰਘ, ਗੁਰਦਾਸਪੁਰ ਦੇ ਗੁਰਵਿਸ਼ਵਾਸ਼ ਸਿੰਘ ਤੇ ਹਰਜੀਤ ਸਿੰਘ ਗੁਰਦਾਸਪੁਰ ਅਤੇ ਜਲੰਧਰ ਦਾ ਲਖਵੀਰ ਸਿੰਘ ਸ਼ਾਮਿਲ ਸਨ ਅਤੇ ਕਰਨਾਲ (ਹਰਿਆਣਾ ) ਦਾ ਰਾਹੁਲ ਨੌਜਵਾਨ ਸ਼ਾਮਿਲ ਹੈ।
ਇੰਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਟ੍ਰੈਵਲ ਏਜੰਟ ਨੇ ਉਨ੍ਹਾਂ ਕੋਲੋ 13-13 ਲੱਖ ਰੁਪਏ ਲੈਕੇ ਸਪੇਨ ਭੇਜਣਾ ਸੀ। ਉਨ੍ਹਾਂ ਕਿਹਾ ਕਿ ਏਜੰਟ ਪਹਿਲਾਂ ਉਨ੍ਹਾਂ ਨੂੰ ਉਮਾਨ ਲੈ ਗਿਆ ਫਿਰ ਉਥੋਂ ਮਾਸਕੋ ਲੈ ਗਿਆ। ਮਾਸਕੋ ਤੋਂ ਬੇਲਾਰੂਸ ਲਿਜਾ ਕੇ ਉਥੋਂ ਪੈਦਲ ਜੰਗਲਾਂ ਰਾਹੀ ਪੁਰਤਗਾਲ ਤੇ ਲਤੀਵੀਆਂ ਰਾਹੀ ਯੂਰਪ ਵਿੱਚ ਦਾਖਲਾ ਕਰਵਉਣਾ ਸੀ। ਪਰ ਉਥੇ ਫੌਜ ਨੇ ਉਨ੍ਹਾਂ ਨੂੰ ਫੜ ਲਿਆ ਤੇ ਕੁੱਟਮਾਰ ਕਰਕੇ ਫਿਰ ਬੇਲਾਰੂਸ ਦੇ ਜੰਗਲਾਂ ਵਿੱਚ ਛੱਡ ਦਿੱਤਾ। ਇੰਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਖਾਣਾ ਬਹੁਤ ਘੱਟ ਸੀ ਤੇ ਜੰਗਲਾਂ ਵਿੱਚ 14-14 ਘੰਟੇ ਤੁਰਨਾ ਪੈਂਦਾ ਸੀ ਤੇ ਜੰਗਲਾਂ ਦੇ ਪੱਤੇ ਖਾਹਕੇ ਤੇ ਪਾਣੀ ਨਾਲ ਗੁਜ਼ਾਰਾ ਕਰਨਾ ਪੈਂਦਾ ਸੀ।
ਇੰਨ੍ਹਾਂ ਨੌਜਵਨਾਂ ਨੇ ਦੱਸਿਆ ਕਿ ਟ੍ਰੈਵਲ ਏਜੰਟ ਨੇ ਅਜਿਹਾ ਤਿੰਨ ਵਾਰ ਕੀਤਾ। ਜਦੋਂ ਯੂਰਪ ਵਿੱਚ ਦਾਖਲ ਨਾ ਹੋ ਸਕੇ ਤਾਂ ਏਜੰਟ ਨੇ ਉਨ੍ਹਾਂ ਨੂੰ ਫਿਨਲੈਂਡ ਦੇ ਬਰਡਰ ਲੰਘਾਉਣ ਦੀ ਕੋਸ਼ਿਸ਼ ਕੀਤੀ ਜਿਹੜੀ ਕਿ ਅਸਫਲ ਰਹੀ ਤੇ ਉਥੇ ਪੁਲੀਸ ਨੇ ਫੜ ਕੇ ਜੇਲ੍ਹ ਭੇਜ ਦਿੱਤਾ। ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰਦਿਆ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ 17 ਅਤੇ 20 ਦਸੰਬਰ ਨੂੰ ਸੰਪਰਕ ਕੀਤਾ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਮਾਸਕੋ (ਰਸ਼ੀਆ) ਵਿਚਲੀ ਭਾਰਤੀ ਐਬੰਸੀ ਨਾਲ ਸੰਪਰਕ ਕੀਤਾ ਤੇ ਇੰਨ੍ਹਾਂ ਨੌਜਵਾਨਾਂ ਬਾਰੇ ਦੱਸਿਆ । ਭਾਰਤੀ ਐਬੰਸੀ ਨੇ ਤੁਰੰਤ ਕਾਰਵਾਈ ਕਰਦਿਆ ਇੰਨ੍ਹਾਂ ਨੌਜਵਾਨਾਂ ਨੂੰ ਚਾਰ-ਪੰਜ ਦਿਨਾਂ ਬਾਅਦ ਹੀ 24 ਦਸੰਬਰ ਨੂੰ ਵਾਪਸ ਭਾਰਤ ਭੇਜ ਦਿੱਤਾ।
ਸੰਤ ਸੀਚੇਵਾਲ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਹੀ ਤਰੀਕਿਆਂ ਨਾਲ ਵਿਦੇਸ਼ ਜਾਣ। ਸੰਤ ਸੀਚੇਵਾਲ ਨੇ ਕਿਹਾ ਕਿ ਜਿਹੜੇ ਟ੍ਰੈਵਲ ਏਜੰਟ ਠੱਗੀ ਮਾਰ ਦੇ ਹਨ ਉਨ੍ਹਾਂ ਵਿਰੁਧ ਕਾਨੂੰਨੀ ਕਾਰਵਾਈ ਕਰਵਾਉਣ ਲਈ ਪੀੜਤ ਅੱਗੇ ਆਉਣ ਤਾਂ ਜੋ ਭਵਿੱਖ ਵਿੱਚ ਹੋਰ ਲੋਕਾਂ ਨੂੰ ਏਨਾ ਠੱਗ ਟ੍ਰੈਵਲ ਏਜੰਟਾਂ ਤੋਂ ਬਚਾਇਆ ਜਾ ਸਕੇ।