Connect with us

India

ਕਾਂਗਰਸੀ ਮੰਤਰੀਆਂ ਨੇ ਸੁਖਬੀਰ ਦੇ ਪੰਜਾਬ ਵਿਰੋਧੀ ਸਟੈਂਡ ਲਈ ਅਕਾਲੀਆਂ ਨੂੰ ਘੇਰਿਆ

Published

on

ਚੰਡੀਗੜ੍ਹ, 17 ਜੂਨ : ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲਗਾਤਾਰ ਪੰਜਾਬ, ਕਿਸਾਨ, ਸਿੱਖ ਤੇ ਸੂਬਿਆਂ ਦੇ ਵਿਰੋਧੀ ਲਏ ਜਾ ਰਹੇ ਫੈਸਲਿਆਂ ਅਤੇ ਅਕਾਲੀ ਦਲ ਵੱਲੋਂ ਵਿਰੋਧ ਦੀ ਬਜਾਏ ਹਮਾਇਤ ਕਰਨ ਦੇ ਸਟੈਂਡ ’ਤੇ ਅਕਾਲੀਆਂ ਨੂੰ ਘੇਰਦਿਆਂ ਸੀਨੀਅਰ ਕਾਂਗਰਸੀ ਆਗੂਆਂ ਅਤੇ ਕੈਬਨਿਟ ਮੰਤਰੀਆਂ ਨੇ ਕਿਹਾ ਕਿ ਭਾਜਪਾ ਵੱਲੋਂ ਸੰਘੀ ਢਾਂਚੇ ਦਾ ਸੰਘ ਘੁੱਟਣ ਲਈ ਅਕਾਲੀ ਦਲ ਬਰਾਬਰ ਦਾ ਭਾਈਵਾਲ ਹੈ।

ਅੱਜ ਇਥੇ ਜਾਰੀ ਸਾਂਝੇ ਪ੍ਰੈਸ ਬਿਆਨ ਵਿੱਚ ਕੈਬਨਿਟ ਮੰਤਰੀਆਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਕਾਂਗੜ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਤੇ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰ ਦੇ ਕਿਸਾਨ ਵਿਰੋਧੀ ਆਰਡੀਨੈਂਸਾਂ ਦੀ ਹਮਾਇਤ ਕਰਕੇ ਸੁਖਬੀਰ ਬਾਦਲ ਨੇ ਸਿੱਧ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਹਰਸਿਮਰਤ ਬਾਦਲ ਦੀ ਕੇਂਦਰੀ ਵਜ਼ੀਰੀ ਪਿੱਛੇ ਆਪਣੀ ਵਿਚਾਰਧਾਰਾ ਨੂੰ ਹੀ ਭਾਜਪਾ ਕੋਲ ਗਿਰਵੀ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਵੇਂ ਆਰਡੀਨੈਂਸ ਪੂਰਨ ਤੌਰ ’ਤੇ ਕਿਸਾਨ ਵਿਰੋਧੀ ਹੈ ਜਿਸ ਦਾ ਸਭ ਤੋਂ ਵੱਧ ਨੁਕਸਾਨ ਖੇਤੀਬਾੜੀ ਪ੍ਰਧਾਨ ਸੂਬੇ ਪੰਜਾਬ ਨੂੰ ਹੋਵੇਗਾ।

ਕਾਂਗਰਸੀ ਆਗੂਆਂ ਨੇ ਕਿਹਾ ਕਿ ਇਸ ਵੇਲੇ ਅਕਾਲੀ ਦਲ ਦੀ ਸਭ ਤੋਂ ਕਮਜ਼ੋਰ, ਡਰੋ ਅਤੇ ਨਖਿੱਧ ਲੀਡਰਸ਼ਿਪ ਹੈ ਜਿਹੜੀ ਕੇਂਦਰ ਦੇ ਕਿਸੇ ਵੀ ਪੰਜਾਬ, ਕਿਸਾਨ ਤੇ ਸਿੱਖ ਵਿਰੋਧੀ ਫੈਸਲੇ ਖਿਲਾਫ ਮੂੰਹ ਖੋਲ੍ਹਣਾ ਤਾਂ ਇਕ ਪਾਸੇ ਸਗੋਂ ਸਭ ਤੋਂ ਅੱਗੇ ਹੋ ਕੇ ਹਮਾਇਤ ਕਰਨ ਉਤੇ ਉਤਾਰੂ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਅੱਜ ਕਿਹੜੇ ਮੂੰਹ ਨਾਲ ਅਕਾਲੀ ਦਲ ਦੇ ਪ੍ਰਧਾਨ ਦੀ ਹੈਸੀਅਤ ਵਜੋਂ ਪੰਜਾਬ ਦੇ ਕਿਸਾਨਾਂ ਵਿਰੋਧੀ ਆਰਡੀਨੈਂਸਾਂ ਦੀ ਹਮਾਇਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਬਾਦਲ ਪਰਿਵਾਰ ਨੇ ਸਾਰੀ ਉਮਰ ਸੂਬਿਆਂ ਨੂੰ ਵੱਧ ਅਧਿਕਾਰ ਅਤੇ ਅਖੌਤੀ ਕਿਸਾਨ ਹਿਤੈਸ਼ੀ ਹੋਣ ਦੇ ਦਾਅਵਿਆਂ ਨਾਲ ਸਿਆਸੀ ਰੋਟੀਆਂ ਸੇਕੀਆਂ ਹਨ।

ਕਾਂਗਰਸੀ ਮੰਤਰੀਆਂ ਨੇ ਕਿਹਾ ਕਿ ਪਿਛਲੇ ਛੇ ਸਾਲ ਤੋਂ ਮੋਦੀ ਸਰਕਾਰ ਵਿੱਚ ਜਦੋਂ ਤੋਂ ਹਰਸਿਮਰਤ ਬਾਦਲ ਕੇਂਦਰੀ ਮੰਤਰੀ ਬਣੀ ਹੈ ਉਦੋਂ ਤੋਂ ਹੀ ਅਕਾਲੀ ਦਲ ਨੇ ਭਾਜਪਾ ਅੱਗੇ ਆਪਣੇ ਆਪ ਨੂੰ ਆਤਮ ਸਮਰਪਣ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਾ ਮੌਕਾ ਨਹੀਂ ਜਦੋਂ ਅਕਾਲੀਆਂ ਨੇ ਭਾਜਪਾ ਦੇ ਪੰਜਾਬ ਵਿਰੋਧੀ ਫੈਸਲੇ ਦੀ ਹਮਾਇਤ ਕੀਤੀ ਹੋਵੇ। ਇਸ ਤੋਂ ਪਹਿਲਾਂ ਜਦੋਂ ਐਨ.ਡੀ.ਏ. ਸਰਕਾਰ ਨੇ ਘੱਟ ਗਿਣਤੀਆਂ ਵਿਰੋਧੀ ਕਾਨੂੰਨ ਸੀ.ਏ.ਏ. ਲਿਆਂਦਾ ਤਾਂ ਅਕਾਲੀਆਂ ਨੇ ਉਸ ਦੇ ਹੱਕ ਵਿੱਚ ਵੋਟ ਪਾਈ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਮੇਤ ਗੁਰਧਾਮਾਂ ਦੇ ਲੰਗਰ ਉਤੇ ਜੀ.ਐਸ.ਟੀ. ਲਾਉਣ ਵਾਲੇ ਅਕਾਲੀ ਦਲ ਭਾਜਪਾ ਦੀ ਤੱਕੜੀ ਵਿੱਚ ਤੁਲਿਆ। ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਖਤਮ ਕਰਨ ਵਾਲੇ ਭਾਜਪਾ ਆਗੂਆਂ ਦੇ ਬਿਆਨ ਉਤੇ ਵੀ ਅਕਾਲੀਆਂ ਨੇ ਮੂੰਹ ਬੰਦ ਹੋ ਗਏ। ਹੁਣ ਤਾਂ ਹੱਦ ਹੀ ਹੋ ਗਈ ਜਦੋਂ ਭਾਜਪਾ ਸਰਕਾਰ ਨੇ ਕਿਸਾਨ ਵਿਰੋਧੀ ਆਰਡੀਨੈਂਸ ਲਿਆਂਦਾ ਤਾਂ ਅਕਾਲੀ ਦਲ ਇਸ ਦੀ ਹਮਾਇਤ ਉਤੇ ਉਤਰ ਆਇਆ। ਉਨ੍ਹਾਂ ਕਿਹਾ ਕਿ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਬਣ ਕੇ ਇਨ੍ਹਾਂ ਆਰਡੀਨੈਂਸਾਂ ਦਾ ਵਿਰੋਧ ਕੀਤਾ ਤਾਂ ਸੁਖਬੀਰ ਬਾਦਲ ਭਾਜਪਾ ਵਾਲੇ ਪਾਸੇ ਹੋ ਗਏ।

ਸੀਨੀਅਰ ਕਾਂਗਰਸੀ ਆਗੂਆਂ ਨੇ ਕਿਹਾ ਕਿ ਸਿੱਖਾਂ ਦੀ ਨੁਮਾਇੰਦਾ ਪਾਰਟੀ ਅਖਵਾਉਣ ਵਾਲੀ ਅਕਾਲੀ ਦਲ ਦਾ ਪ੍ਰਧਾਨ ਤਾਂ ਉਤਰ ਪ੍ਰਦੇਸ਼ ਵਿੱਚ ਭਾਜਪਾ ਸਰਕਾਰ ਵੱਲੋਂ ਸਿੱਖ ਕਿਸਾਨਾਂ ਨੂੰ ਉਜਾੜੇ ਜਾਣ ਦੀਆਂ ਰਿਪੋਰਟਾਂ ਉਤੇ ਵੀ ਚੁੱਪ ਹੋ ਗਿਆ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਗੁਜਰਾਤ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਵਿਰੁੱਧ ਲਏ ਫੈਸਲਿਆਂ ਵੇਲੇ ਅਕਾਲੀ ਦਲ ਮੂਕ ਦਰਸ਼ਕ ਬਣ ਕੇ ਰਹਿ ਗਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਭਾਜਪਾ ਉਤੇ ਕੋਈ ਗਿਲਾ ਨਹੀਂ ਕਿਉਕਿ ਉਹ ਤਾਂ ਸਿੱਧੇ ਤੌਰ ’ਤੇ ਘੱਟ ਗਿਣਤੀਆਂ ਦੀ ਵਿਰੋਧੀ ਪਾਰਟੀ ਹੈ ਪਰ ਦੁੱਖ ਇਸ ਗੱਲ ਦਾ ਹੁੰਦਾ ਹੈ ਕਿ ਪੰਜਾਬੀਆਂ ਦੇ ਸਿਰ ’ਤੇ ਸੱਤਾ ਸੁੱਖ ਭੋਗਣ ਵਾਲੀ ਅਕਾਲੀ ਦਲ ਨੇ ਭਾਜਪਾ ਦੇ ਕਿਸੇ ਵੀ ਘੱਟ ਗਿਣਤੀ, ਪੰਜਾਬ ਵਿਰੋਧੀ ਫੈਸਲੇ ਦਾ ਵਿਰੋਧ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।

ਕਾਂਗਰਸੀ ਮੰਤਰੀਆਂ ਨੇ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਹੱਕ ਵਿੱਚ ਸਟੈਂਡ ਲੈਣ ਲਈ ਸੁਖਬੀਰ ਬਾਦਲ ਨੂੰ ਪੰਜਾਬੀਆਂ ਤੋਂ ਮੁਆਫੀ ਮੰਗਣ ਨੂੰ ਕਿਹਾ। ਕੋਵਿਡ-19 ਦੇ ਸੰਕਟ ਦੌਰਾਨ ਵੀ ਹਰਸਿਮਰਤ ਬਾਦਲ ਕੇਂਦਰ ਕੋਲੋਂ ਸੂਬੇ ਨੂੰ ਕੁਝ ਦਿਵਾਉਣ ਦੀ ਬਜਾਏ ਉਲਟਾ ਸੂਬਾ ਸਰਕਾਰ ਦੀ ਨਿਖੇਧੀ ਕਰਨ ਲੱਗ ਗਈ। ਉਨ੍ਹਾਂ ਅਕਾਲੀਆਂ ਨੂੰ ਡਾ.ਮਨਮੋਹਨ ਸਿੰਘ ਦੀ ਸਰਕਾਰ ਦਾ ਵੇਲਾ ਯਾਦ ਕਰਵਾਉਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਜਦੋਂ ਵੀ ਦਿੱਲੀ ਜਾਂਦੇ ਸੀ ਤਾਂ ਕੋਈ ਨਾ ਕੋਈ ਵੱਡਾ ਪ੍ਰਾਜੈਕਟ ਜਾਂ ਫੰਡ ਲੈ ਕੇ ਆਉਦੇ ਸੀ। ਇਸ ਦੇ ਬਾਵਜੂਦ ਉਹ ਪੰਜਾਬ ਆ ਕੇ ਯੂ.ਪੀ.ਏ. ਸਰਕਾਰ ਵਿਰੁੱਧ ਬੋਲਦੇ ਸਨ ਪਰ ਹੁਣ ਐਨ.ਡੀ.ਏ. ਸਰਕਾਰ ਦੇ ਵਿਤਕਰਿਆਂ ਖਿਲਾਫ ਬਾਦਲ ਪਰਿਵਾਰ ਕਿਉ ਚੁੱਪ ਹੋ ਗਿਆ।

Continue Reading
Click to comment

Leave a Reply

Your email address will not be published. Required fields are marked *