India
ਨਜ਼ਾਇਜ਼ ਸ਼ਰਾਬ ਵੇਚਣ ਦਾ ਕੀਤਾ ਵਿਰੋਧ ਤਾਂ ਔਰਤ ਨੇ ਭੰਨ ਦਿੱਤੀ ਗੱਡੀ
ਅੰਮ੍ਰਿਤਸਰ, 24 ਜੂਨ : ਪੰਜਾਬ ਵਿੱਚ ਨਸ਼ਾ ਇਸ ਕਦਰ ਵੱਧ ਗਿਆ ਹੈ ਕਿ ਜੇਕਰ ਕੋਈ ਇਸਦਾ ਵਿਰੋਧ ਵੀ ਕਰਦਾ ਹੈ ਤਾਂ ਉਲਟਾ ਉਸਦਾ ਹੀ ਨੁਕਸਾਨ ਹੁੰਦਾ ਹੈ। ਤਾਜਾ ਮਾਮਲਾ ਅੰਮ੍ਰਿਤਸਰ ਦੇ ਹਲਕਾ ਪੂਰਬੀ ਅਧੀਨ ਆਉਂਦੇ ਇਲਾਕਾ ਵੇਰਕਾ ਦਾ ਹੈ ਜਿੱਥੇ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ, ਇਲਾਕਾ ਨਿਵਾਸੀਆਂ ਵੱਲੋਂ ਮੁਹੱਲੇ ਵਿੱਚ ਰਹਿੰਦੀ ਇੱਕ ਔਰਤ ਤੇ ਨਜ਼ਾਇਜ਼ ਸ਼ਰਾਬ ਵੇਚਣ ਅਤੇ ਮੁੰਡੇ ਬੁਲਾ ਕੇ ਮਾਰਕੁਟਾਈ ਅਤੇ ਤੋੜਭੰਨ ਕਰਨ ਦੇ ਦੋਸ਼ ਲਗਾਏ ਗਏ ਹਨ। ਅੰਮ੍ਰਿਤਸਰ ਦੇ ਕਸਬਾ ਵੇਰਕਾ ਵਿਖੇ ਮੁਹੱਲੇ ਵਿੱਚ ਨਜ਼ਾਇਜ਼ ਸ਼ਰਾਬ ਦਾ ਕਾਰੋਬਾਰ ਕਰਦੀ ਇੱਕ ਔਰਤ ਦਾ ਜਦੋ ਇਲਾਕਾ ਨਿਵਾਸੀਆਂ ਨੇ ਵਿਰੋਧ ਕੀਤਾ ਤਾਂ ਔਰਤ ਨੇ ਮੁੰਡੇ ਬੁਲਾ ਕੇ ਇੱਕ ਨੌਜਵਾਨ ‘ਤੇ ਹਮਲਾ ਕਰ ਦਿਤਾ ਅਤੇ ਕੁੱਟਮਾਰ ਕਰਨ ਦੇ ਨਾਲ ਨਾਲ ਸਕੌਡਾ ਗੱਡੀ ਵੀ ਭੰਨ ਦਿਤੀ।
ਜਾਣਕਾਰੀ ਦਿੰਦੇ ਹੋਏ ਜਸਪਿੰਦਰ ਸਿੰਘ ਅਤੇ ਪ੍ਰਮੋਦ ਤਿਵਾੜੀ ਨੇ ਦਸਿਆ ਕਿ ਉਹਨਾਂ ਦੇ ਇਲਾਕੇ ਵਿੱਚ ਇੱਕ ਔਰਤ ਨਜ਼ਾਇਜ਼ ਸ਼ਰਾਬ ਦਾ ਕਾਰੋਬਾਰ ਕਰਦੀ ਹੈ ਜਦੋ ਇਲਾਕਾ ਨਿਵਾਸੀਆਂ ਵਲੋਂ ਇਸਦਾ ਵਿਰੋਧ ਕੀਤਾ ਗਿਆ ਤਾਂ ਸ਼ਰਾਬ ਲੈਣ ਆਏ ਵਿਅਕਤੀਆਂ ਨੇ ਹਥਿਆਰਾਂ ਨਾਲ ਉਸ ਨੌਜਵਾਨ ‘ਤੇ ਹਮਲਾ ਕਰ ਦਿੱਤਾ। ਗੱਡੀ ਦੀ ਵੀ ਤੋੜ ਭੰਨ ਕਰ ਦਿਤੀ ਗਈ। ਜਿਸਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਅਤੇ ਇਲਾਕਾ ਨਿਵਾਸੀਆਂ ਨੇ ਆਪਣੇ ਮੋਬਾਈਲ ਵਿੱਚ ਕੈਦ ਕਰ ਲਈ ਹੈ।
ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਕਿ ਉਕਤ ਲੋਕਾਂ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਲਾਕੇ ਵਿੱਚ ਨਜ਼ਾਇਜ਼ ਚਲ ਰਹੇ ਧੰਦੇ ਬੰਦ ਹੋਣੇ ਚਾਹੀਦੇ ਹਨ।
ਉਥੇ ਹੀ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਨੇ ਦੱਸਿਆ ਕਿ ਇਲਾਕੇ ਵਿੱਚ ਤਕਰਾਰ ਹੋਇਆ ਸੀ, ਜਿਸਦੀ ਸ਼ਿਕਾਇਤ ਦੋਵਾਂ ਧਿਰਾਂ ਵੱਲੋਂ ਹੀ ਆਈ ਹੈ. ਸੀਸੀਟੀਵੀ ਵੀਡੀਓ ਨੂੰ ਖੰਗਲਿਆ ਜਾ ਰਿਹਾ ਹੈ ਜਾਂਚ ਤੋਂ ਬਾਦ ਜੋ ਵੀ ਦੋਸ਼ੀ ਪਾਇਆ ਜਾਏਗਾ ਉਸ ਉਪਰ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ।