India
ਪੰਜਾਬ ਸਰਕਾਰ ਨੇ ਸੂਬੇ ਦੇ ਪਸ਼ੂ ਪਾਲਕਾਂ ਲਈ ਕਿਸਾਨ ਕ੍ਰੈਡਿਟ ਲਿਮਿਟ ਸਕੀਮ ਕੀਤੀ ਸ਼ੂਰੂ – ਤ੍ਰਿਪਤ ਬਾਜਵਾ
ਚੰਡਗਿੜ੍ਹ, 30 ਜੂਨ : ਸੂਬੇ ਦੇ ਪਸ਼ੂ ਪਾਲਕ ਵੀ ਹੁਣ ਖੇਤੀਬਾੜੀ ਕਰਦੇ ਕਿਸਾਨਾਂ ਦੀ ਤਰ੍ਹਾਂ ਕਿਸਾਨ ਕ੍ਰੈਡਿਟ ਲਿਮਿਟਾਂ ਬਣਾ ਸਕਣਗੇ। ਅੱਜ ਇਥੋਂ ਜਾਰੀ ਬਿਆਨ ਵਿਚ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਹੁਣ ਪਸ਼ੂ ਪਾਲਣ ਦੇ ਕਿੱਤੇ ਨਾਲ ਜੁੜੇ ਕਿਸਾਨਾਂ ਨੂੰ ਆਪਣੇ ਕਾਰੋਬਾਰ ਚਲਾਉਣ ਲਈ ਰੋਜ਼ਾਨਾ ਹੋਣ ਵਾਲੇ ਖਰਚੇ, ਜਿਵੇਂ ਕਿ ਪਸ਼ੂਆਂ ਦੀ ਖਾਧ-ਖੁਰਾਕ, ਦਵਾਈਆਂ, ਮਜ਼ਦੂਰੀ, ਬਿਜਲੀ ਪਾਣੀ ਦੇ ਬਿੱਲਾਂ ਆਦਿ ਦਾ ਖਰਚਾ ਚਲਾਉਣ ਲਈ ਬਹੁਤ ਹੀ ਸਸਤੀਆਂ ਦਰਾਂ ਉੱਤੇ ਬੈਂਕ ਲਿਮਿਟਾਂ ਦੀ ਸਹੂਲਤ ਦੀ ਸ਼ੁਰੂਆਤ ਕੀਤੀ ਗਈ ਹੈ। ਬਾਜਵਾ ਨੇ ਦੱਸਿਆ ਕਿ ਹਰੇਕ ਪਸ਼ੂ ਪਾਲਕ ਆਪਣੀ ਸਹੂਲਤ ਮੁਤਾਬਿਕ ਇਹ ਲਿਮਿਟਾਂ ਬਣਾ ਸਕਦਾ ਹੈ।ਇਸ ਸਕੀਮ ਦੇ ਤਹਿਤ ਪਸ਼ੂ ਪਾਲਕ ਨੂੰ ਪ੍ਰਤੀ ਪਰਿਵਾਰ 3 ਲੱਖ ਰੁਪਏ ਦੀ ਰਾਸ਼ੀ 4% ਵਿਆਜ ਉੱਤੇ ਬੈਂਕਾਂ ਤੋਂ ਦਿਵਾਈ ਜਾਵੇਗੀ। ਇਸਦਾ ਛੋਟੇ ਅਤੇ ਬੇਜਮੀਨੇਂ ਪਸ਼ੂ ਪਾਲਕਾਂ ਨੂੰ ਲਾਭ ਹੋਵੇਗਾ ਕਿਉਂਕਿ 1.60 ਲੱਖ ਰਪਏ ਤੱਕ ਦੀ ਰਾਸ਼ੀ ਲੈਣ ਲਈ ਜਮੀਨ ਆਦਿ ਦੀ ਸਿਕਿਉਰਟੀ ਦੀ ਜਰੂਰਤ ਨਹੀਂ ਹੋਵੇਗੀ, ਉਸ ਪਾਸ ਸਿਰਫ ਪਸ਼ੂਆਂ ਦਾ ਹੋਣਾ ਹੀ ਜਰੂਰੀ ਹੈ।
ਪਸ਼ੂ ਪਾਲਣ ਮੰਤਰੀ ਨੇ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਦੇ ਅਧਿਆਕਰੀਆਂ ਨੂੰ ਇਸ ਸਕੀਮ ਬਾਰੇ ਜੰਗੀ ਪੱਧਰ ਤੇ ਘਰ ਘਰ ਪ੍ਰਚਾਰ ਕਰਨ ਲਈ ਕਿਹਾ ਹੈ ਤਾਂ ਜੋ ਕਿ ਸਹਾਇਕ ਧੰਦਿਆਂ ਨਾਲ ਜੁੜੇ ਕਿਸਾਨ ਆਪਣੇ ਧੰਦਿਆਂ ਨੂੰ ਹੋਰ ਵਿਕਸਤ ਕਰਨ ਲਈ ਇਸ ਸਕੀਮ ਦਾ ਵੱਧ ਤੋਂ ਵੱਧ ਲਾਹਾ ਲੈ ਸਕਣ। ਡੇਅਰੀ ਵਿਕਾਸ ਵਿਭਾਗ ਦੇ ਡਾਇਰੈਕਟਰ ਇੰਦਰਜੀਤ ਸਿੰਘ ਅਤੇ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਸ਼੍ਰੀ ਗੁਰਪਾਲ ਸਿੰਘ ਵਾਲੀਆ ਨੇ ਦੱਸਿਆ ਕਿ ਇਸ ਸਕੀਮ ਸਬੰਧੀ ਪੰਜਾਬ ਦੇ ਸਾਰੇ ਬੈਂਕਾਂ ਨੂੰ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਦੇ ਜਿਲ੍ਹਾ ਪੱਧਰੀ ਅਫਸਰਾਂ ਨੂੰ ਪੂਰੀ ਜਾਣਕਾਰੀ ਦੇ ਦਿੱਤੀ ਗਈ ਹੈ। ਉਨ੍ਹਾਂ ਨਾਲ ਹੀ ਦੱਸਿਆ ਕਿ ਸ਼ੋਸ਼ਲ ਮੀਡੀਆ ਰਾਹੀਂ ਵੀ ਇਸਦਾ ਪ੍ਰਚਾਰ ਕਰ ਕੀਤਾ ਜਾ ਰਿਹਾ ਹੈ ਅਤੇ ਪ੍ਰਤੀ ਪਸ਼ੂ ਲਿਮਿਟ ਦੀ ਰਾਸ਼ੀ ਵੀ ਨਿਰਧਾਰਿਤ ਕਰ ਦਿੱਤੀ ਗਈ ਹੈ, ਜੋ ਕਿ ਮੱਝ ਅਤੇ ਵਲਾਇਤੀ ਗਾਂ ਲਈ 61,467/- ਰੁਪਏ, ਦੇਸੀ ਗਾਂ ਲਈ 43,018/- ਰੁਪਏ, ਭੇਡ/ਬੱਕਰੀ ਲਈ 2,032/- ਰੁਪਏ, ਸੂਰੀ ਲਈ 8,169/- ਰੁਪਏ, ਬ੍ਰਾਇਲਰ ਲਈ 161/- ਰੁਪਏ ਅਤੇ ਆਂਡੇ ਦੇਣ ਵਾਲੀ ਮੂਰਗੀ ਲਈ 630/- ਰੁਪਏ ਪ੍ਰਤੀ ਪਸ਼ੂ ਪ੍ਰਤੀ 6 ਮਹੀਨੇ ਲਈ ਹੈ।
ਉਨ੍ਹਾਂ ਨਾਲ ਹੀ ਦੱਸਿਆ ਕਿ ਪਸ਼ੂ ਪਾਲਕ ਲੋੜੀਦੀ ਰਾਸ਼ੀ ਉਸਨੂੰ ਜਾਰੀ ਕੀਤੇ ਹੋਏ ਕਾਰਡ ਵਿੱਚੋਂ ਸਮੇਂ-ਸਮੇਂ ਤੇ ਕਢਵਾ ਸਕਦੇ ਹਨ ਅਤੇ ਕਿਸਾਨ ਕ੍ਰੈਡਿਟ ਕਾਰਡ ਵਾਂਗ ਸਾਲ ਦੇ ਇੱਕ ਦਿਨ ਪੂਰੀ ਲਿਮਿਟ ਵਾਪਸ ਕਰਕੇ ਨਵੀਂ ਲਿਮਿਟ ਬਣਾ ਸਕਦੇ ਹਨ। ਉਹਨਾਂ ਇਹ ਵੀ ਦੱਸਿਆ ਕਿ ਲਿਮਿਟ ਬਣਾਉਣ ਲਈ ਕਿਸੇ ਕਿਸਮ ਦੀ ਕੋਈ ਫੀਸ ਆਦਿ ਬੈਂਕ ਵੱਲੋਂ ਨਹੀਂ ਲਈ ਜਾਵੇਗੀ।