India
ਪੰਜਾਬ ਪੁਲਿਸ ਨੇ ਸੁਧੀਰ ਸੂਰੀ ਨੂੰ 1300 ਕਿਲੋਮੀਟਰ ਪਿੱਛਾ ਕਰਕੇ ਇੰਦੌਰ ਤੋਂ ਨੱਪਿਆ : ਡੀਜੀਪੀ
ਚੰਡੀਗੜ੍ਹ, 12 ਜੁਲਾਈ: ਪੰਜਾਬ ਪੁਲਿਸ ਨੇ ਕਰੀਬ 1300 ਕਿਲੋਮੀਟਰ ਦਾ ਪਿੱਛਾ ਕਰਕੇ ਅੱਜ ਸ਼ਿਵ ਸੈਨਾ (ਟਕਸਾਲੀ) ਦੇ ਪ੍ਰਧਾਨ ਸੁਧੀਰ ਸੂਰੀ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਔਰਤ ਜਾਤੀ ਦੀ ਨਿਰਾਦਰੀ ਕਰਨ ਅਤੇ ਵੱਖ-ਵੱਖ ਭਾਈਚਾਰਿਆਂ ਦਰਮਿਆਨ ਦੁਸ਼ਮਣੀ ਭੜਕਾਉਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਸੂਰੀ ਨੇ ਸਿੱਖ ਬੀਬੀਆਂ ਬਾਰੇ ਅਸ਼ਲੀਲ ਸ਼ਬਦਾਵਲੀ ਵਾਲੀ ਵੀਡੀਓ ਪਾਈ ਸੀ।
ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਐਤਵਾਰ ਸਵੇਰੇ ਜਿਲ੍ਹਾ ਅੰਮ੍ਰਿਤਸਰ (ਦਿਹਾਤੀ) ਦੇ 11 ਜਵਾਨਾਂ ‘ਤੇ ਆਧਾਰਤ ਪੰਜਾਬ ਪੁਲਿਸ ਦੀਆਂ ਦੋ ਟੀਮਾਂ ਨੇ ਸੂਰੀ ਨੂੰ ਕਾਬੂ ਕੀਤਾ। ਉਹਨਾਂ ਕਿਹਾ ਕਿ ਔਰਤਾਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਵਾਲਾ ਇੱਕ ਵੀਡੀਓ ਜਾਰੀ ਹੋਣ ਤੋਂ ਬਾਅਦ ਉਸ ਨੂੰ ਫੜਨ ਦੀ ਮੁਹਿੰਮ ਚਲਾਈ ਗਈ ਸੀ।
ਪਹਿਲਾ ਵੀਡੀਓ ਵਾਇਰਲ ਹੋਣ ‘ਤੇ ਭਾਰਤ ਅਤੇ ਵਿਦੇਸ਼ ਵਿੱਚ ਭਾਰੀ ਅਲੋਚਨਾ ਤੋਂ ਬਾਅਦ ਜੰਡਿਆਲਾ ਪੁਲਿਸ ਨੇ ਸੂਰੀ ਵਿਰੁੱਧ ਧਾਰਾ 153-ਏ, 354 ਏ, 509 ਆਈ. ਪੀ. ਸੀ. ਅਤੇ 67 ਆਈ. ਟੀ. ਐਕਟ ਤਹਿਤ ਅਪਰਾਧਿਕ ਮਾਮਲਾ ਦਰਜ ਕੀਤਾ ਸੀ। ਉਹਨਾਂ ਦੱਸਿਆ ਕਿ ਜਾਂਚ ਤੋਂ ਪਤਾ ਲੱਗਿਆ ਕਿ ਗ੍ਰਿਫਤਾਰੀ ਦੇ ਡਰੋਂ ਸੂਰੀ ਇੰਦੌਰ ਭੱਜ ਸਕਦਾ ਹੈ। ਡੀ. ਜੀ. ਪੀ. ਨੇ ਦੱਸਿਆ ਕਿ ਇਹ ਆਪ੍ਰੇਸ਼ਨ ਮੱਧ ਪ੍ਰਦੇਸ਼ ਪੁਲਿਸ ਦੇ ਤਾਲਮੇਲ ਨਾਲ ਸਫਲਤਾਪੂਰਵਕ ਚਲਾਇਆ ਗਿਆ ਸੀ।