Connect with us

Politics

ਵਿਧਾਨ ਸਭਾ ਰਾਹੀਂ ਕੇਂਦਰ ਦੇ ਆਰਡੀਨੈਂਸ ਰੱਦ ਕਰਨ ਤੋਂ ਕਿਉਂ ਭੱਜ ਰਹੇ ਹਨ ਕੈਪਟਨ -ਭਗਵੰਤ ਮਾਨ

Published

on

ਆਪ’ ਨੇ ਕੈਪਟਨ ਨੂੰ ਯਾਦ ਕਰਵਾਇਆ ਸਰਬ ਪਾਰਟੀ ਬੈਠਕ ਦੌਰਾਨ ਸਿਆਸੀ ਦਲਾਂ ਅਤੇ ਕਿਸਾਨਾਂ ਨਾਲ ਕੀਤਾ ਵਾਅਦਾ

ਆਰਡੀਨੈਂਸਾਂ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਅਤੇ ‘ਆਪ’ ਆਗੂਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਦਰਜ਼ ਕੀਤੇ ਕੇਸਾਂ ਦੀ ਕੀਤੀ ਨਿਖੇਧੀ
ਚੰਡੀਗੜ੍ਹ, 23 ਜੁਲਾਈ : ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੇ ਨਾਂ ‘ਤੇ ਲਿਆਂਦੇ 2 ਆਰਡੀਨੈਂਸਾਂ ਬਾਰੇ ਜਾਰੀ ਕੀਤੀ ਨੋਟੀਫ਼ਿਕੇਸ਼ਨ ਨੂੰ ਪੂਰੀ ਤਰਾਂ ਰੱਦ ਕਰਦਿਆਂ ਮੋਦੀ ਸਰਕਾਰ ਦੇ ਭਾਈਵਾਲ ਬਾਦਲਾਂ ਦੇ ਨਾਲ-ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ‘ਤੇ ਵੀ ਸਵਾਲ ਉਠਾਏ ਹਨ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁਖ਼ਾਤਬ ਹੁੰਦਿਆਂ ਪੁੱਛਿਆ, ”ਕੇਂਦਰ ਦੇ ਤਿੰਨੋਂ ਖੇਤੀ ਵਿਰੋਧੀ, ਕਿਸਾਨ-ਖੇਤ ਮਜ਼ਦੂਰ ਅਤੇ ਆੜ੍ਹਤੀਆਂ-ਟਰਾਂਸਪੋਰਟਰਾਂ ਸਮੇਤ ਖ਼ੁਦ ਪੰਜਾਬ ਵਿਰੋਧੀ ਆਰਡੀਨੈਂਸਾਂ ਨੂੰ ਲੈ ਕੇ ਤੁਹਾਡੇ (ਮੁੱਖ ਮੰਤਰੀ) ਵੱਲੋਂ ਬੁਲਾਈ ਗਈ ਸਿਆਸੀ ਦਲਾਂ ਅਤੇ ਕਿਸਾਨ ਸੰਗਠਨਾਂ ਨਾਲ ਸਰਬ ਪਾਰਟੀ ਬੈਠਕ ‘ਚੋਂ ਜਦੋਂ ਕੇਂਦਰ ਦੀ ਇਸ ਤਾਨਾਸ਼ਾਹੀ ਨੂੰ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਰਾਹੀਂ ਰੱਦ ਕਰਨ ਦਾ ਸਰਬਸੰਮਤੀ ਨਾਲ ਮਤਾ ਪਾਸ ਹੋ ਗਿਆ ਸੀ ਤਾਂ ਤੁਸੀਂ ਹੁਣ ਤੱਕ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਕਿਉਂ ਨਹੀਂ ਬੁਲਾਇਆ? ਇਸ ਕਦਮ ਤੋਂ ਭੱਜਿਆ ਕਿਉਂ ਜਾ ਰਿਹਾ ਹੈ? ਜੇ ਕੋਰੋਨਾ ਮਹਾਂਮਾਰੀ ਦੌਰਾਨ ਮੋਦੀ ਅਤੇ ਤੁਹਾਡੀ ਪੰਜਾਬ ਸਰਕਾਰ ਵੱਲੋਂ ਹੋਰ 20 ਤਰ੍ਹਾਂ ਦੇ ਲੋਕ ਮਾਰੂ ਫ਼ੈਸਲੇ ਲਏ ਜਾ ਸਕਦੇ ਹਨ ਤਾਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਾਲੀ ਕਾਰਵਾਈ ਕਿਉਂ ਟਾਲੀ ਜਾ ਰਹੀ ਹੈ? ਜਦਕਿ ਕੇਂਦਰ ਦੇ ਇਹ ਫ਼ੈਸਲੇ ਰੱਦ ਕਰਨੇ ਪੰਜਾਬ ਅਤੇ ਪੰਜਾਬ ਦੀ ਖੇਤੀਬਾੜੀ ਲਈ ‘ਕਰੋ ਜਾਂ ਮਰੋਂ’ ਜਿੰਨੀ ਮਹੱਤਤਾ ਰੱਖਦੇ ਹਨ।”
ਭਗਵੰਤ ਮਾਨ ਨੇ ਸੁਝਾਅ ਦਿੱਤਾ ਬੇਸ਼ੱਕ 50 ਪ੍ਰਤੀਸ਼ਤ ਵਿਧਾਇਕਾਂ ਨਾਲ 2 ਦਿਨ ਜਿਸਤ-ਟਾਂਕ (ਔਡ-ਈਵਨ) ਸੀਟਿੰਗ ਫ਼ਾਰਮੂਲੇ ਨਾਲ ਹੀ ਸਹੀ ਪਰੰਤੂ ਕੇਂਦਰ ਸਰਕਾਰ ਦੀ ਆਰਡੀਨੈਂਸਾਂ ਦੇ ਰੂਪ ‘ਚ ਪੰਜਾਬ ਦੇ ਕਿਸਾਨਾਂ ‘ਤੇ ਥੋਪੀ ਜਾ ਰਹੀ ਤਬਾਹਕੁਨ ਤਾਨਾਸ਼ਾਹੀ ਨੂੰ ਹਰ ਹਾਲ ਵਿਧਾਨ ਸਭਾ ਰਾਹੀਂ ਰੱਦ ਕੀਤਾ ਜਾਵੇ।
ਭਗਵੰਤ ਮਾਨ ਨੇ ਬਾਦਲ ਪਰਿਵਾਰ ਨੂੰ ਵੰਗਾਰਦਿਆਂ ਕਿਹਾ ਮੋਦੀ ਨੇ ਆਰਡੀਨੈਂਸਾਂ ਬਾਰੇ ਨੋਟੀਫ਼ਿਕੇਸ਼ਨ ਜਾਰੀ ਕਰਕੇ ਸੰਘੀ ਢਾਂਚੇ ਦੀ ਉਲੰਘਣਾ ਅਤੇ ਸੂਬੇ ਦੇ ਅਧਿਕਾਰ ਖੋਹੇ ਹਨ। ਸੂਬੇ ਦੇ ਮੰਡੀਕਰਨ ਢਾਂਚੇ ਨੂੰ ਤੋੜ ਕੇ ਨਾ ਕੇਵਲ ਆੜ੍ਹਤੀਆ ਸਗੋਂ ਪੰਜਾਬ ਸਰਕਾਰ ਨੂੰ ਇਕੱਠੀ ਹੁੰਦੀ ਮੰਡੀ ਫ਼ੀਸ ਵੀ ਲੁੱਟ ਲਈ ਗਈ ਹੈ। ਖੁੱਲ੍ਹੀ ਮੰਡੀ ਦੇ ਨਾਂ ‘ਤੇ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਰਹਿਮੋ ਕਰਮ (ਮਰਸੀ) ‘ਤੇ ਸੁੱਟ ਕੇ ਘੱਟੋ-ਘੱਟ ਸਮਰਥਨ ਮੁੱਲ ਨੂੰ ਬੇਅਸਰ ਕਰ ਦਿੱਤਾ ਹੈ। ਮੋਦੀ ਵੱਲੋਂ ਐਨੀ ਬਰਬਾਦੀ ਕੰਧ ‘ਤੇ ਲਿਖੀ ਜਾ ਚੁੱਕੀ ਹੈ ਤੁਸੀਂ (ਬਾਦਲ) ਉਹ ‘ਕੁਰਬਾਨੀ’ ਕਦੋਂ ਦਿਉਗੇ ਜਿਸ ਦਾ ਤੁਸੀਂ (ਬਾਦਲ) 2 ਪੀੜੀਆਂ ਤੋਂ ਜ਼ਿਕਰ ਕਰਦੇ ਆਏ ਹੋ?”
ਭਗਵੰਤ ਮਾਨ ਨੇ ਕਿਹਾ ਕਿ ਬਾਦਲ ਪਰਿਵਾਰ ਨੂੰ ਹੁਣ ਦੋ ਬੇੜੀਆਂ ‘ਚ ਸਵਾਰੀ ਨਹੀਂ ਕਰ ਦਿਆਂਗੇ। ਭਗਵੰਤ ਮਾਨ ਨੇ ਕੈਪਟਨ ਸਰਕਾਰ ਵੱਲੋਂ ਇਨ੍ਹਾਂ ਆਰਡੀਨੈਂਸਾਂ ਵਿਰੁੱਧ ਕੇਂਦਰ ਦੀ ਭਾਜਪਾ-ਬਾਦਲ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨ ਸੰਗਠਨਾਂ ਅਤੇ ‘ਆਪ’ ਆਗੂਆਂ ਉੱਤੇ ਦਰਜ ਕੀਤੇ ਪਰਚਿਆਂ ਦੀ ਨਿੰਦਾ ਕਰਦੇ ਹੋਏ ਕੈਪਟਨ ਨੂੰ ਸਵਾਲ ਕੀਤਾ ਕਿ ਰੋਸ ਪ੍ਰਦਰਸ਼ਨ ਮੋਦੀ ਸਰਕਾਰ ਵਿਰੁੱਧ ਹੋ ਰਹੇ ਹਨ, ਤੁਹਾਨੂੰ (ਪੰਜਾਬ ਸਰਕਾਰ) ਨੂੰ ਦਰਦ ਕਿਉਂ ਹੋ ਰਿਹਾ ਹੈ?