Connect with us

Politics

ਜਾਖੜ ਸਾਹਿਬ, ਦੂਜਿਆਂ ’ਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠਾਂ ਸੋਟਾ ਮਾਰੋ

Published

on

ਚੰਡੀਗੜ੍ਹ, 19 ਮਾਰਚ 2024: ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਦਲ-ਬਦਲੂ ਦੀ ‘ਨਵੀਂ ਮਿਸਾਲ’ ਦੱਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਾਖੜ ਨੂੰ ਦੂਜਿਆਂ ਉਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਮਾਰਨਾ ਚਾਹੀਦਾ ਹੈ।

ਇੱਥੋਂ ਜਾਰੀ ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਗਿਰਗਿਟ ਵਾਂਗ ਰੰਗ ਬਦਲਣ ਵਾਲੇ ਜਾਖੜ ਦੂਸ਼ਣਬਾਜ਼ੀ ਕਰਨ ਤੋਂ ਪਹਿਲਾਂ ਇਹ ਜ਼ਰੂਰ ਦੱਸਿਆ ਕਰਨ ਕਿ ਉਹ ਕਿਹੜੀ ਪਾਰਟੀ ਦੀ ਤਰਫੋਂ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਾਖੜ ਨੇ ਪਹਿਲਾਂ ਕਾਂਗਰਸ ਦੇ ਸੂਬਾ ਪ੍ਰਧਾਨ ਹੁੰਦਿਆਂ ਸੱਤਾ ਦਾ ਸੁਖ ਮਾਣਿਆ ਅਤੇ ਜਦੋਂ ਸੱਤਾ ਦੇ ਗਲਿਆਰਿਆਂ ਵਿੱਚ ਉਨ੍ਹਾਂ ਦੀ ਪੁੱਛ ਪ੍ਰਤੀਤ ਹੋਣੋਂ ਹਟ ਗਈ ਤਾਂ ਭਾਜਪਾ ਦਾ ਪੱਲਾ ਫੜ ਲਿਆ।

ਮੁੱਖ ਮੰਤਰੀ ਨੇ ਕਿਹਾ ਕਿ ਹੁਣ ਜਾਖੜ ਨੂੰ ਜਾਪਣ ਲੱਗਾ ਹੈ ਕਿ ਲੋਕ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਭਾਜਪਾ ਦੇ ਪੱਲੇ ਕੱਖ ਨਹੀਂ ਪੈਣਾ ਤਾਂ ਉਹ ਅਕਾਲੀ ਦਲ ਨਾਲ ਗੱਠਜੋੜ ਲਈ ਹਾੜੇ ਕੱਢ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸ਼ਾਇਦ ਜਾਖੜ ਹੀ ਅਜਿਹੇ ਸਿਆਸਤਦਾਨ ਹਨ ਜੋ ਆਪਣੇ ਸਿਆਸੀ ਭਵਿੱਖ ਦੀ ਸਾਲਮਤੀ ਖਾਤਰ ਭਾਜਪਾ ਦੇ ਪ੍ਰਧਾਨ ਹੁੰਦਿਆਂ ਅਕਾਲੀ ਦਲ ਦੇ ‘ਬੁਲਾਰੇ’ ਬਣ ਕੇ ਵਿਚਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ  ਜਾਖੜ ਨੂੰ ਲੋਕਾਂ ਸਾਹਮਣੇ ਘੱਟੋ-ਘੱਟ ਇਹ ਜ਼ਰੂਰ ਦੱਸਣਾ ਚਾਹੀਦਾ ਹੈ ਕਿ ਉਹ ਕਿਹੜੀ ਪਾਰਟੀ ਵੱਲੋਂ ਬੋਲ ਰਹੇ ਹਨ।

ਮੁੱਖ ਮੰਤਰੀ ਨੇ ਜਾਖੜ ਨੂੰ ਸਪੱਸ਼ਟ ਸ਼ਬਦਾਂ ਵਿੱਚ ਕਿਹਾ, “ਪੰਜਾਬ ਦੇ ਲੋਕਾਂ ਨੂੰ ਮੂਰਖ ਨਾ ਸਮਝੋ। ਪੰਜਾਬੀਆਂ ਨਾਲ ਕਦੇ ਮਰਜ਼ਾ ਚਿੜੀਏ, ਕਦੇ ਜਿਉਂਜਾ ਚਿੜੀਏ ਵਾਲੀ ਖੇਡ ਨਾ ਖੇਡੋ। ਸਗੋਂ ਲੋਕਾਂ ਨੂੰ ਜਵਾਬ ਦਿਓ ਕਿ ਤੁਸੀਂ ਪੰਜਾਬ ਦੀ ਗੱਲ ਕਰਨ ਦੀ ਬਜਾਏ ਸੂਬੇ ਨੂੰ ਬਰਬਾਦ ਕਰ ਵਾਲੀਆਂ ਪਾਰਟੀਆਂ ਦਾ ਬੁਲਾਰਾ ਬਣ ਕੇ ਕਿਉਂ ਵਿਚਰ ਰਹੇ ਹੋ। ਸੱਤਾ ਦੀ ਲਾਲਸਾ ਵਿੱਚ ਤੁਸੀਂ ਪੰਜਾਬ ਦੇ ਮੁੱਦਿਆਂ ਨੂੰ ਵਿਸਾਰ ਕੇ ਅਕਾਲੀ ਦਲ ਨਾਲ ਭਾਜਪਾ ਦਾ ਗੱਠਜੋੜ ਕਰਵਾਉਣ ਲਈ ਏਨੇ ਉਤਾਵਲੇ ਕਿਉਂ ਹੋਏ ਪਏ ਹੋ।” ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਕੰਧ ਉਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਲੋਕ ਸਭਾ ਚੋਣਾਂ ਵਿੱਚ ਪੰਜਾਬੀ ਸੂਬੇ ਦੇ ਵਿਕਾਸ ਲਈ ਸਿਰਤੋੜ ਯਤਨ ਕਰ ਰਹੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਸਪੱਸ਼ਟ ਤੌਰ ਉਤੇ ਫਤਵਾ ਦੇਣਗੇ।