Corona Virus
ਸਿਹਤ ਮੰਤਰੀ ਨੇ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 22 ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 22 ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਪੰਜਾਬ ਸਰਕਾਰ ਹਰ ਸਾਲ ਸੂਬੇ ਦੇ ਲਗਭਗ 40 ਲੱਖ ਪਰਿਵਾਰਾਂ ਨੂੰ 5 ਲੱਖ ਰੁਪਏ ਸਲਾਨਾ ਸਿਹਤ ਬੀਮਾ ਅਧੀਨ ਇਲਾਜ ਸੇਵਾਵਾਂ ਮੁਹੱਈਆ ਕਰਵਾ ਰਹੀ ਹੈ, ਜਿਸ ਵਿੱਚ ਬੀਪੀਐਲ ਪਰਿਵਾਰ, ਸਮਾਰਟ ਰਾਸ਼ਨ ਕਾਰਡ ਧਾਰਕ, ਕਿਸਾਨ ਅਤੇ ਵਪਾਰੀ ਆਦਿ ਸ਼ਾਮਲ ਹਨ। ਇਹ ਵੈਨਾਂ ਯੋਜਨਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਸਾਰੇ ਜ਼ਿਲਿਆਂ ਦੇ ਦੂਰ-ਦੁਰਾਡੇ ਦੇ ਇਲਾਕਿਆਂ ਅਤੇ ਪਿੰਡਾਂ ਦਾ ਦੌਰਾ ਕਰਨਗੀਆਂ ਅਤੇ ਯੋਗ ਲਾਭਪਾਤਰੀਆਂ ਦੇ ਈ-ਕਾਰਡ ਵੀ ਉਥੇ ਹੀ ਤਿਆਰ ਕੀਤੇ ਜਾਣਗੇ।ਇਸ ਦੀ ਮਾਈਕਰੋ-ਪਲਾਨਿੰਗ ਅਤੇ ਵੈਨਾਂ ਦੀ ਰੋਜ਼ਾਨਾ ਰਿਪੋਰਟਿੰਗ ਦੀ ਨਿਗਰਾਨੀ ਵੀ ਕੀਤੀ ਜਾਵੇਗੀ।
ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਸੂਬੇ ਦੇ ਲਗਭਗ 60 ਫ਼ੀਸਦੀ ਪਰਿਵਾਰਾਂ ਦੇ ਈ-ਕਾਰਡ ਬਣਾਏ ਗਏ ਹਨ। ਈ-ਕਾਰਡ ਬਣਾਉਣ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਗਈ ਅਤੇ ਇੱਥੇ ਲਗਭਗ 13000 ਕਾਮਨ ਸਰਵਿਸ ਸੈਂਟਰ, 516 ਸੇਵਾ ਕੇਂਦਰ ਅਤੇ 154 ਮਾਰਕੀਟ ਕਮੇਟੀਆਂ ਹਨ ਜਿਥੇ ਇਹ ਈ-ਕਾਰਡ ਬਣਾਏੇ ਜਾ ਰਹੇ ਹਨ। ਉਨਾਂ ਸਮੂਹ ਯੋਗ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਯੋਜਨਾ ਤਹਿਤ ਆਪਣੇ ਈ-ਕਾਰਡ ਬਣਵਾਉਣ ਲਈ ਨਜ਼ਦੀਕੀ ਈ-ਕਾਰਡ ਕੇਂਦਰ ਤੱਕ ਜਲਦ ਪਹੁੰਚ ਕਰਨ।
ਸਿਹਤ ਮੰਤਰੀ ਨੇ ਦੱਸਿਆ ਕਿ ਹੁਣ ਤੱਕ ਇਸ ਸਕੀਮ ਤਹਿਤ 631 ਕਰੋੜ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ 6.65 ਲੱਖ ਤੋਂ ਵੱਧ ਲੋਕਾਂ ਨੇ ਇਲਾਜ ਸੇਵਾਵਾਂ ਦਾ ਲਾਭ ਲਿਆ ਜਿਸ ਵਿੱਚ 10,000 ਤੋਂ ਵੱਧ ਦਿਲ ਦੇ ਆਪ੍ਰੇਸ਼ਨ, 3800 ਤੋਂ ਵੱਧ ਜੋੜਾਂ ਦੇ ਆਪ੍ਰੇਸ਼ਨ ਅਤੇ 10,000 ਤੋਂ ਵੱਧ ਕੈਂਸਰ ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਇਸ ਮੌਕੇ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ, ਵਿਸ਼ੇਸ਼ ਸਕੱਤਰ ਸਿਹਤ ਕਮ ਸੀਈਓ, ਸਟੇਟ ਹੈਲਥ ਏਜੰਸੀ ਸ੍ਰੀ ਅਮਿਤ ਕੁਮਾਰ, ਸਿਹਤ ਸੇਵਾਵਾਂ ਦੇ ਡਾਇਰੈਕਟਰ ਡਾ. ਜੀ.ਬੀ. ਸਿੰਘ, ਸਿਹਤ ਮੰਤਰੀ ਦੇ ਸਿਆਸੀ ਸਲਾਹਕਾਰ ਸ੍ਰੀ ਹਰਕੇਸ਼ ਚੰਦ ਸ਼ਰਮਾ, ਰਾਸ਼ਟਰੀ ਸਿਹਤ ਮਿਸ਼ਨ ਦੇ ਡਾਇਰੈਕਟਰ ਡਾ. ਅਰੀਤ ਕੌਰ, ਓਐਸਡੀ ਡਾ. ਬਲਵਿੰਦਰ ਸਿੰਘ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।