Connect with us

punjab

ਸਥਿਤੀ ‘ਚ ਸੁਧਾਰ ਨਾ ਆਇਆ ਤਾਂ ਸਖਤ ਕਦਮ ਚੁੱਕਣ ‘ਤੇ ਵਿਚਾਰ ਕਰਾਂਗੇ – ਕੈਪਟਨ

Published

on

capt amarinder singh covid review meeting

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਸੋਮਵਾਰ ਨੂੰ ਕੀਤੀ ਗਈ ਕੋਵਿਡ ਰੀਵਿਊ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਸੀ ਕਿ ਪੰਜਾਬ ‘ਚ ਮੁਕੰਮਲ ਲੌਕਡਾਊਨ ਨਹੀਂ ਲੱਗੇਗਾ। ਉਹ ਇਸ ਦੇ ਹੱਕ ‘ਚ ਨਹੀਂ ਹਨ। ਪਰ ਜੇਕਰ ਪੰਜਾਬ ‘ਚ ਸਥਿਤੀ ਵਿਚ ਸੁਧਾਰ ਨਾ ਆਇਆ ਤਾਂ ਮੁਕੰਮਲ ਲੌਕਡਾਊਨ ਲਗਾਉਣ ‘ਤੇ ਵਿਚਾਰ ਕਰਨ ਲਈ ਮਜਬੂਰ ਹੋਣਾ ਪਵੇਗਾ। ਨਾਲ ਹੀ ਮੀਟਿੰਗ ‘ਚ ਇਹ ਵੀ ਕਿਹਾ ਕਿ ਜੋ ਬੰਦਿਸ਼ਾ ਲਗਾਇਆ ਗਈਆਂ ਹਨ ਉਨ੍ਹਾਂ ਦੀ ਪਾਲਣਾ ਨਾ ਕਰਨ ਵਾਲੀਆਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਕੈਪਟਨ ਨੇ ਮੀਟਿੰਗ ‘ਚ ਕਿਹਾ ਕਿ ਉਨ੍ਹਾ ਨੇ ਸੂਬੇ ‘ਚ ਹੁਣ ਤਕ ਸੰਪਰੂਨ ਲੌਕਡਾਊਨ ਦੇ ਆਦੇਸ਼ ਦੇਣ ਤੋਂ ਗੁਰੇਜ਼ ਹੀ ਕੀਤਾ ਹੈ ਕਿਉਂਕਿ ਇਸ ਨਾਲ ਸਭ ਤੋਂ ਵੱਧ ਮਾਰ ਗਰੀਬਾਂ ਨੂੰ ਪੈਂਦੀ ਹੈ। ਪਰਵਾਸੀ ਮਜ਼ਦੂਰਾਂ ਨੂੰ ਹਿਜਰਤ ਕਰਨੀ ਪੈਂਦੀ ਹੈ ਅਤੇ ਉਦਯੋਗਾਂ ਨੂੰ ਹਫੜਾ-ਦਫੜੀ ਪੈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਵੱਲੋਂ ਬੰਦਸ਼ਾਂ ਦੀ ਪਾਲਣਾ ਨਹੀਂ ਕੀਤੀ ਗਈ ਤਾਂ ਸਖਤ ਕਦਮ ਚੁੱਕਣੇ ਪੈ ਸਕਦੇ ਹਨ।

ਸੂਬੇ ਵਿੱਚ ਮੌਜੂਦਾ ਸਮੇਂ ਹਲਕੇ ਲੌਕਡਾਊਨ ਦੀ ਸਥਿਤੀ ਹੈ। ਸਰਕਾਰ ਵੱਲੋਂ ਐਤਵਾਰ ਨੂੰ ਲਗਾਈਆਂ ਹੋਰ ਰੋਕਾਂ ਦੇ ਨਾਲ ਸਖਤ ਬੰਦਸ਼ਾਂ ਲਗਾਈਆਂ ਗਈਆਂ ਹਨ। ਡੀ.ਜੀ.ਪੀ. ਦਿਨਕਰ ਗੁਪਤਾ ਨੇ ਮੀਟਿੰਗ ਵਿੱਚ ਦੱਸਿਆ ਕਿ ਮੌਜੂਦਾ ਰੋਕਾਂ ਨੂੰ ਸਖਤੀ ਨਾਲ ਲਾਗੂ ਕਰਨ ਲਈ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ। ਕੋਵਿਡ ਸਥਿਤੀ ਦੀ ਸਮੀਖਿਆ ਕਰਨ ਲਈ ਸੱਦੀ ਗਈ ਵਰਚੁਅਲ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਅੱਜ ਰੈਸਟੋਰੈਂਟ ਤੋਂ ਲੋਕਾਂ ਨੂੰ ਖੁਦ ਖਾਣਾ ਲੈ ਕੇ ਜਾਣ ਦੀ ਰੋਕ ਦੇ ਵੀ ਹੁਕਮ ਦਿੱਤੇ ਕਿਉਂਕਿ ਇਸ ਸਹੂਲਤ ਦੇ ਬਹਾਨੇ ਨੌਜਵਾਨ ਬਾਹਰ ਘੁੰਮਣ ਨਿਕਲ ਜਾਂਦੇ ਸਨ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਿਰਫ ਖਾਣੇ ਦੀ ਹੋਮ ਡਲਿਵਰੀ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਖਾਦਾਂ ਦੀ ਵਿਕਰੀ ਵਾਲੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਦਿੱਤੀ।

ਮੁੱਖ ਮੰਤਰੀ ਨੇ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਉਹ ਪੰਜਾਬ ਨੂੰ ਹੋਰਨਾਂ ਸੂਬਿਆਂ ਦੇ ਰਾਹ ਨਹੀਂ ਜਾਣ ਦੇਣਗੇ ਜਿੱਥੇ ਮਰੀਜ਼ ਸੜਕਾਂ ਉਤੇ ਪਾਏ ਦੇਖੇ ਜਾ ਸਕਦੇ ਹਨ। ਉਨ੍ਹਾਂ ਉਦਯੋਗਾਂ ਨੂੰ ਆਪਣੇ ਸੀ.ਐਸ.ਆਰ. ਫੰਡਾਂ ਦੀ ਵਰਤੋਂ ਟੀਕਾਕਰਨ ਅਤੇ ਮਾਮੂਲੀ ਤੇ ਸਾਧਾਰਣ ਲੱਛਣਾਂ ਵਾਲੇ ਮਜ਼ਦੂਰਾਂ ਦਾ ਇਲਾਜ ਕਰਵਾਉਣ ਲਈ ਕਰਨ ਲਈ ਆਖਿਆ ਤਾਂ ਜੋ ਉਹ ਘਰ ਰਹਿ ਸਕਣ ਜਿਸ ਨਾਲ ਹਸਪਤਾਲਾਂ ‘ਤੇ ਦਬਾਅ ਘਟੇਗਾ। ਆਉਂਦੇ ਦਿਨਾਂ ਵਿਚ ਕੋਵਿਡ ਦੇ ਸਿਖਰ ਉਤੇ ਜਾਣ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਤਿਆਰੀਆਂ ਵਧਾਉਣ ਦੀ ਲੋੜ ਉਤੇ ਦਿੰਦੇ ਹੋਏ ਮੁੱਖ ਮੰਤਰੀ ਨੇ ਅਗਲੇ 10 ਦਿਨਾਂ ਵਿਚ ਬੈੱਡਾਂ ਦੀ ਸਮਰੱਥਾ 20 ਫੀਸਦੀ ਤੱਕ ਵਧਾਉਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗਾਂ ਨੂੰ ਵੀ ਮਰੀਜ਼ਾਂ ਨੂੰ ਰੱਖਣ ਲਈ ਸਟੇਡੀਅਮਜ਼, ਜਿਮਨੇਜੀਅਮਜ਼ ਅਤੇ ਹੋਰ ਅਜਿਹੀਆਂ ਥਾਵਾਂ ਨੂੰ ਤਿਆਰ ਕਰਨ ਦੇ ਆਦੇਸ਼ ਦਿੱਤੇ ਹਨ। ਟੈਂਟ ਵਾਲੇ ਕੈਂਪ ਸਥਾਪਤ ਕਰਨੇ ਚਾਹੀਦੇ ਹਨ ਅਤੇ ਜਿੰਮਜ਼/ਹਾਲਜ਼ ਨੂੰ ਐਲ-2 ਅਤੇ ਐਲ-3 ਸੁਵਿਧਾਵਾਂ ਵਿਚ ਤਬਦੀਲ ਕਰ ਦੇਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ, ”ਸਾਨੂੰ ਬਦ ਤੋਂ ਬਦਤਰ ਸਥਿਤੀ ਲਈ ਤਿਆਰ ਰਹਿਣਾ ਹੋਵੇਗਾ।” ਉਨ੍ਹਾਂ ਨੇ ਪੇਂਡੂ ਵਿਕਾਸ ਅਤੇ ਹੋਰ ਵਿਭਾਗਾਂ ਦੇ ਸਟਾਫ ਦੀਆਂ ਸੇਵਾਵਾਂ ਲੈਣ ਦੇ ਵੀ ਹੁਕਮ ਦਿੱਤੇ ਤਾਂ ਕਿ ਪੇਂਡੂ ਇਲਾਕਿਆਂ ਵਿਚ ਕੋਵਿਡ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਨੂੰ ਲੱਭਣ ਲਈ ਕਾਰਜਸ਼ਕਤੀ ਵਧਾਈ ਜਾ ਸਕੇ।

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸਥਿਤੀ ਬਹੁਤ ਭਿਆਨਕ ਬਣੀ ਹੋਈ ਹੈ ਕਿਉਂਕਿ ਸੂਬੇ ਵਿਚ ਐਲ-3 ਲਈ ਸਿਰਫ 300 ਬੈੱਡ ਉਪਲੱਬਧ ਹਨ ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਇਹ ਆਦੇਸ਼ ਜਾਰੀ ਕੀਤੇ ਹਨ। ਹਸਪਤਾਲ ਭਰ ਰਹੇ ਹਨ। ਸਿਹਤ ਸਕੱਤਰ ਹੁਸਨ ਲਾਲ ਨੇ ਕਿਹਾ ਕਿ ਐਤਵਾਰ ਨੂੰ ਸੂਬੇ ਦੀ ਪਾਜ਼ੇਟਿਵਿਟੀ ਦਰ 12 ਫੀਸਦੀ ਉਤੇ ਖੜ੍ਹੀ ਹੈ ਅਤੇ ਪਿਛਲੇ 7-10 ਦਿਨਾਂ ਤੋਂ ਮਾਲਵਾ ਖੇਤਰ ਵਿਚ ਕੇਸ ਵਧ ਰਹੇ ਹਨ। ਐਲ-3 ਦੇ 90 ਫੀਸਦੀ ਬੈੱਡ ਭਰ ਗਏ ਹਨ ਅਤੇ ਕਈ ਮਾਮਲਿਆਂ ਵਿਚ 100 ਫੀਸਦੀ ਭਰ ਗਏ ਹਨ ਜਿਸ ਕਰਕੇ ਸਥਿਤੀ ਬਹੁਤ ਭਿਆਨਕ ਹੈ। ਮੌਤ ਦਰ 2 ਫੀਸਦੀ ਦੇ ਨੇੜੇ ਪਹੁੰਚ ਗਈ ਹੈ ਅਤੇ ਪੇਂਡੂ ਇਲਾਕਿਆਂ ਵਿੱਚ ਇਸ ਤੋਂ ਵੀ ਵੱਧ ਹੈ। ਇਸ ਵੇਲੇ ਘਰਾਂ ਵਿਚ ਮੌਤਾਂ ਦੀ ਦਰ ਵੀ 2 ਫੀਸਦੀ ਹੈ। ਸਭ ਤੋਂ ਚਿੰਤਾ ਦਾ ਕਾਰਨ ਇਹ ਹੈ ਕਿ ਕੁੱਲ ਮੌਤਾਂ ਵਿੱਚੋਂ 17 ਫੀਸਦੀ ਮਰੀਜ਼ ਸਹਿ ਬਿਮਾਰੀਆਂ ਤੋਂ ਵੀ ਪੀੜਤ ਨਹੀਂ ਸਨ।

ਸੂਬੇ ਵਿਚ ਕੋਵਿਡ ਮਾਹਿਰਾਂ ਦੀ ਕਮੇਟੀ ਦੇ ਮੁਖੀ ਡਾ. ਕੇ.ਕੇ. ਤਲਵਾੜ ਨੇ ਸੂਬੇ ਵਿਚ, ਖਾਸ ਕਰਕੇ ਪੇਂਡੂ ਇਲਾਕਿਆਂ ‘ਚ ਗੰਭੀਰ ਮਰੀਜ਼ਾਂ ਦੀ ਤੇਜੀ ਨਾਲ ਸ਼ਨਾਖਤ ਕਰਨ ਲਈ ਘਰੇਲੂ ਇਕਾਂਤਵਾਸ ਦੀ ਨਿਗਰਾਨੀ ਨੂੰ ਤਰਜੀਹ ਦੇਣ ਦੀ ਲੋੜ ਉਤੇ ਜ਼ੋਰ ਦਿੱਤਾ। ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਮੌਜੂਦਾ ਫੈਲਾਅ ਲਈ ਵਾਇਰਸ ਦਾ ਇਹ ਰੂਪ ਹੀ ਜ਼ਿੰਮੇਵਾਰ ਹੈ ਤੇ ਉਨ੍ਹਾਂ ਨੇ ਐਲ-3 ਬੈੱਡਾਂ ਦੀ ਸਮਰੱਥਾ ਵਧਾਉਣ ਦੀ ਅਹਿਮੀਅਤ ਉਤੇ ਜ਼ੋਰ ਦਿੱਤਾ।

ਮੈਡੀਕਲ ਸਿੱਖਿਆ ਦੇ ਸਕੱਤਰ ਡੀ.ਕੇ. ਤਿਵਾੜੀ ਨੇ ਖੁਲਾਸਾ ਕੀਤਾ ਕਿ ਅਪਰੈਲ ਦੇ ਪਹਿਲੇ ਹਫਤੇ ਆਈ.ਸੀ.ਯੂ. ਬੈਡਾਂ ਦੀ ਸਮਰੱਥਾ 343 ਸੀ ਜੋ ਵੱਧ ਕੇ 770 ਹੋ ਗਈ ਹੈ ਤੇ ਹਫਤੇ ਦੇ ਅੰਤ ਤੱਕ 900 ਕਰ ਦਿੱਤੀ ਜਾਵੇਗੀ। ਉਨ੍ਹਾਂ ਖੁਲਾਸਾ ਕੀਤਾ ਕਿ ਆਕਸੀਜਨ ਬੈੱਡਾਂ ਦੀ ਗਿਣਤੀ ਇਸ ਹਫਤੇ 1500 ਤੋਂ ਵਧਾ ਕੇ 1800 ਕਰ ਦਿੱਤੀ ਗਈ ਹੈ ਅਤੇ ਅੱਗੇ 2000 ਕੀਤੀ ਜਾਵੇਗੀ। ਮਨੁੱਖੀ ਸ਼ਕਤੀ ਵਧਾਉਣ ਲਈ ਐਮ.ਬੀ.ਬੀ.ਐਸ. ਦੇ ਅਖੀਰਲੇ ਸਾਲ ਦੇ 700 ਵਿਦਿਆਰਥੀ, ਬੀ.ਡੀ.ਐਸ. ਦੇ ਅਖੀਰਲੇ ਸਾਲ 90 ਵਿਦਿਆਰਥੀ ਅਤੇ 70 ਸੀਨੀਅਰ ਰੈਜੀਡੈਂਟ ਡਾਕਟਰਾਂ ਦੀ ਭਰਤੀ ਛੇਤੀ ਕੀਤੀ ਜਾਵੇਗੀ ਜਦੋਂ ਕਿ ਅਗਲੇ ਇਕ ਹਫਤੇ ਵਿਚ 86 ਨਰਸਾਂ ਵੀ ਨੌਕਰੀ ਜੁਆਇੰਨ ਕਰਨਗੀਆਂ ਅਤੇ ਇਸੇ ਤਰ੍ਹਾਂ 473 ਨਵੀਂ ਭਰਤੀ ਕੀਤੀ ਜਾਵੇਗੀ।