Business
ਸਨੈਕਸ, ਡ੍ਰਿੰਕਸ ‘ਤੇ ਭਾਰੀ ਡਿਸਕਾਊਂਟ ਦੀ ਝੜੀ, ਫਿਰ ਨਹੀਂ ਮਿਲੇਗਾ ਇਹ ਮੌਕਾ
ਗਲੋਬਲ ਮਹਾਮਾਰੀ ਵਿਚਕਾਰ ਖਾਣ-ਪੀਣ ਦਾ ਸਾਮਾਨ ਆਨਲਾਈਨ ਸਸਤੇ ਵਿਚ ਖ਼ਰੀਦਣਾ ਹੈ ਤਾਂ ਇਹ ਸ਼ਾਨਦਾਰ ਮੌਕਾ ਹੈ। ਈ-ਕਾਮਰਸ ਅਤੇ ਸੁਪਰ ਮਾਰਕੀਟਸ ਵਿਚ ਸਨੈਕਸ ਤੋਂ ਲੈ ਕੇ ਕਈ ਖਾਣ-ਪੀਣ ਦੀਆਂ ਚੀਜ਼ਾਂ ‘ਤੇ ਭਾਰੀ ਛੋਟ ਦਿੱਤੀ ਜਾ ਰਹੀ ਹੈ। ਕੰਪਨੀਆਂ ਨੇ ਦਰਅਸਲ, ਮਾਰਚ ਤਿਮਾਹੀ ਵਿਚ ਵਿਕਰੀ ਵਿਚ ਸੁਧਾਰ ਦੇ ਮੱਦੇਨਜ਼ਰ ਅੱਗੋਂ ਗਰਮੀਆਂ ਲਈ ਕਾਫ਼ੀ ਮਾਲ ਬਣਾ ਲਿਆ ਸੀ ਪਰ ਸੂਬਿਆਂ ਵਿਚ ਤਾਲਾਬੰਦੀ ਲੱਗਣ ਕਾਰਨ ਅਪ੍ਰੈਲ-ਮਈ ਦੌਰਾਨ ਵਿਕਰੀ ਨੂੰ ਤਕੜਾ ਨੁਕਸਾਨ ਪੁੱਜਾ ਹੈ, ਜਿਸ ਵਜ੍ਹਾ ਨਾਲ ਹੁਣ ਆਨਲਾਈਨ ਤੇ ਸੁਪਰ ਮਾਰਕੀਟਸ ਵਿਚ ਕਈ ਚੀਜ਼ਾਂ ਟੈਗ ਕੀਮਤ ਤੋਂ ਵੀ ਤੀਜੇ ਹਿੱਸੇ ‘ਤੇ ਵੇਚੀਆਂ ਜਾ ਰਹੀਆਂ ਹਨ, ਜਿਨ੍ਹਾਂ ਦੀ ਲਾਈਫ਼ ਥੋੜ੍ਹੇ ਸਮੇਂ ਦੀ ਹੁੰਦੀ ਹੈ।
ਗੁਜਰਾਤ ਸਹਿਕਾਰੀ ਮਿਲਕ ਮਾਰਕੀਟਿੰਗ ਸੰਘ ਦੇ ਐੱਮ. ਡੀ. ਆਰ. ਐੱਸ. ਸੋਢੀ ਨੇ ਕਿਹਾ, ”ਤਾਲਾਬੰਦੀ ਦੀ ਵਜ੍ਹਾ ਨਾਲ ਸਾਨੂੰ ਇਸ ਗਰਮੀਆਂ ਲਈ ਵਿਕਰੀ ਵਿਚ ਨੁਕਸਾਨ ਹੋਇਆ ਹੈ ਅਤੇ ਮਾਨਸੂਨ ਤੋਂ ਕੁਝ ਦਿਨ ਪਹਿਲਾਂ ਡਿਸਕਾਊਂਟ ਜ਼ਰੀਏ ਇਸ ਦੀ ਭਰਪਾਈ ਹੋਣ ਦੀ ਉਮੀਦ ਹੈ।” ਉਨ੍ਹਾਂ ਕਿਹਾ ਕਿ ਆਨਲਾਈਨ ਸਾਂਝੇਦਾਰਾਂ ਦੇ ਨਾਲ-ਨਾਲ ਅਸੀਂ ਖੁਦ ਵੀ ਡਿਸਕਾਊਂਟ ਦੇ ਰਹੇ ਹਾਂ।ਬਿਗ ਬਾਸਕੀਟ, ਗੋਫਰਜ਼, ਜਿਓ ਮਾਰਟ ਤੇ ਐਮਜ਼ੋਨ ਦੇ ਨਾਲ-ਨਾਲ ਪ੍ਰਚੂਨ ਸਟੋਰਾਂ ‘ਤੇ ਕਾਰਬੋਨੇਟ ਡ੍ਰਿਕੰਕਸ, ਜੂਸ ਤੇ ਹੋਰ ਠੰਡਿਆਂ, ਪੋਟੇਟੋ ਚਿਪਸ ਤੇ ਦੂਜੇ ਸਨੈਕਸ ‘ਤੇ 30 ਤੋਂ 70 ਫ਼ੀਸਦੀ ਤੱਕ ਛੋਟ ਦਿੱਤੀ ਜਾ ਰਹੀ ਹੈ। ਜੂਨ ਤਿਮਾਹੀ ਕੰਪਨੀਆਂ ਲਈ ਕਾਫ਼ੀ ਮਹੱਤਵਪੂਰਨ ਹੈ ਕਿਉਂਕਿ ਕੁੱਲ ਵਿਕਰੀ ਵਿਚ ਇਸ ਦਾ ਤਕਰੀਬਨ ਤਿੰਨ-ਚੌਥਾਈ ਯੋਗਦਾਨ ਰਹਿੰਦਾ ਹੈ। ਇੰਡਸਟਰੀ ਅਨੁਮਾਨਾਂ ਅਨੁਸਾਰ, ਅਪ੍ਰੈਲ-ਮਈ ਵਿਚ ਤਾਲਾਬੰਦੀ ਕਾਰਨ ਪੈਕੇਡ ਸਨੈਕਸ ਦੀ ਵਿਕਰੀ ਵਿਚ ਤਕਰੀਬਨ 5,000-5,500 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਜਦੋਂ ਕਿ ਜੂਸ ਤੇ ਡ੍ਰਿੰਕਸ ਵਿਚ ਇਹ ਨੁਕਸਾਨ ਤਕਰੀਬਨ 12,000-13,000 ਕਰੋੜ ਰੁਪਏ ਦਾ ਹੈ।