Business
ਆਧਾਰ ਕਾਰਡ ਜਨਮ ਤੇ ਮੌਤ ਰਜਿਸਟ੍ਰੇਸ਼ਨ ਲਈ ਲਾਜ਼ਮੀ ਨਹੀਂ
ਜਨਮ ਤੇ ਮੌਤ ਰਜਿਸਟ੍ਰੇਸ਼ਨ ਲਈ ਆਧਾਰ ਦੀ ਲੋੜ ਨਹੀਂ ਹੈ। ਸਿਵਲ ਰਜਿਸਟ੍ਰੇਸ਼ਨ ਸਿਸਟਮ, 2019 ‘ਤੇ ਭਾਰਤੀ ਰਜਿਸਟਰਾਰ ਜਨਰਲ ਨੇ ਤਾਜ਼ਾ ਰਿਪੋਰਟ ‘ਚ ਕਿਹਾ ਹੈ ਕਿ ਜਨਮ ਤੇ ਮੌਤ ਦੇ ਰਜਿਸਟ੍ਰੇਸ਼ਨ ਲਈ ਆਧਾਰ ਨੰਬਰ ਲਾਜ਼ਮੀ ਨਹੀਂ ਹੈ। ਇਸ ਦੌਰਾਨ ਕਿਹਾ ਗਿਆ ਹੈ ਕਿ ”ਜਨਮ ਤੇ ਮੌਤ ਰਜਿਸਟ੍ਰੇਸਨ ਐਕਟ, 1969 ਵਿਚ ਅਜਿਹੀ ਕੋਈ ਵਿਵਸਥਾ ਨਹੀਂ ਹੈ ਜਿਸ ਦੇ ਆਧਾਰ ‘ਤੇ ਕਿਸੇ ਦੀ ਮੌਤ ਤੇ ਜਨਮ ਦੇ ਰਜਿਸਟ੍ਰੇਸ਼ਨ ਲਈ ਆਧਾਰ ਜ਼ਰੂਰੀ ਹੋਵੇ।” ਆਮ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਤੋਂ ਬਚਾਉਣ ਲਈ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਰਜਿਸਟਰ ਨੇ ਸਪੱਸ਼ਟ ਕੀਤਾ ਕਿ ਜਨਮ ਤੇ ਮੌਤ ਦੀ ਰਜਿਸਟ੍ਰੇਸ਼ਨ ਲਈ ਆਧਾਰ ਲਾਜ਼ਮੀ ਨਹੀਂ ਮੰਨਿਆ ਜਾ ਸਕਦਾ। ਉੱਤਰ ਪ੍ਰਦੇਸ਼ ਤੇ ਹਰਿਆਣਾ ਨੇ ਆਧਾਰ ਨਾਲ ਜੁੜੇ ਜਨਮ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਕੀਤੀ ਹੈ, ਜੋ ਆਰ. ਜੀ. ਆਈ. ਦੇ ਅਗਸਤ 2017 ਵਿਚ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੈ। ਇਸ ਦਾ ਮਕਸਦ ਜਨਮ ਤੇ ਮੌਤ ਨਾਲ ਜੁੜੇ ਵੇਰਵਿਆਂ ਵਿਚ ਸਪੱਸ਼ਟਤਾ ਸੁਨਿਸ਼ਚਿਤ ਕਰਨਾ ਹੈ। ਇਸ ਵਿਚਕਾਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਇਹ ਸਪੱਸ਼ਟ ਕੀਤਾ ਹੈ ਕਿ ਜਿਹੜੇ ਲੋਕ ਆਧਾਰ ਨੰਬਰ ਨਹੀਂ ਦੇ ਸਕਦੇ, ਉਨ੍ਹਾਂ ਨੂੰ ਇਕ ਪ੍ਰਮਾਣ ਪੱਤਰ ਦੇਣਾ ਪਵੇਗਾ ਕਿ ਮ੍ਰਿਤਕ ਵਿਅਕਤੀ ਕੋਲ ਆਧਾਰ ਨਹੀਂ ਸੀ।