Uncategorized
ਹਿੰਦੀ ਸਿਨੇਮਾ ਜਗਤ ਦੇ ਮਸ਼ਹੂਰ ਕਲਾਕਾਰ ਦਲੀਪ ਕੁਮਾਰ ਦਾ ਹੋਇਆ ਦੇਹਾਂਤ,98 ਸਾਲ ਦੀ ਉਮਰ ‘ਚ ਲਿਆ ਆਖਰੀ ਸਾਹ
ਦਿਲੀਪ ਕੁਮਾਰ ਜੋ ਕਿ ਹਿੰਦੀ ਸਿਨੇਮਾ ਦੇ ਦਿੱਗਜ ਅਦਾਕਾਰ ਰਹਿ ਚੁੱਕੇ ਹਨ ਤੇ ਜਿਨ੍ਹਾਂ ਨੂੰ ਟ੍ਰੈਜੇਡੀ ਕਿੰਗ ਵੀ ਕਿਹਾ ਜਾਦਾ ਸੀ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ। ਬੁੱਧਵਾਰ ਸਵੇਰੇ 7.30 ਵਜੇ 98 ਸਾਲ ਦੀ ਉਮਰ ‘ਚ ਉਨ੍ਹਾਂ ਮੁੰਬਈ ਦੇ ਹਿੰਦੂਜਾ ਹਸਪਤਾਲ ‘ਚ ਆਖਰੀ ਸਾਹ ਲਿਆ। ਉਹ ਕਾਫੀ ਸਮੇਂ ਤੋਂ ਬਿਮਾਰ ਸਨ ਤੇ ਵਾਰ-ਵਾਰ ਉਨ੍ਹਾਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਜਾ ਰਿਹਾ ਸੀ। ਪਿਛਲੇ ਇਕ ਮਹੀਨੇ ‘ਚ ਉਨ੍ਹਾਂ ਨੂੰ ਦੂਸਰੀ ਵਾਰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਹਰ ਵਾਰ ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਨਾਲ ਰਹੀ ਤੇ ਹਰ ਵਾਰ ਉਨ੍ਹਾਂ ਨੇ ਫੈਨਜ਼ ਨੂੰ ਅਪੀਲ ਕੀਤੀ ਕਿ ਉਹ ਦਲੀਪ ਸਾਹਬ ਦੀ ਚੰਗੀ ਸਿਹਤ ਲਈ ਦੁਆ ਕਰਨ। ਦਿਲੀਪ ਕੁਮਾਰ ਬੀਤੇ ਕੁਝ ਦਿਨਾਂ ਤੋਂ ਉਮਰ ਨਾਲ ਸਬੰਧਤ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਰਹੇ ਸਨ ਤੇ ਉਨ੍ਹਾਂ ਨੂੰ 30 ਜੂਨ ਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ ਦੇ ਆਈਸੀਯੂ ‘ਚ ਦਾਖ਼ਲ ਕਰਵਾਇਆ ਗਿਆ ਸੀ।
ਇਸ ਤੋਂ ਪਹਿਲਾਂ ਦਿਲੀਪ ਕੁਮਾਰ ਨੂੰ 6 ਜੂਨ ਨੂੰ ਸਾਹ ਲੈਣ ਵਿਚ ਤਕਲੀਫ਼ ਹੋਣ ਤੋਂ ਬਾਅਦ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਫੇਫੜਿਆਂ ‘ਚ ਪਾਣੀ ਭਰਨ ਦੀ ਸਮੱਸਿਆ ਸੀ। ਉਦੋਂ ਇਕ ਛੋਟੀ ਜਿਹੀ ਸਰਜਰੀ ਹੋਈ ਸੀ ਤੇ ਪੰਜ ਦਿਨਾਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਸੀ। ਬਾਲੀਵੁੱਡ ਦੇ ਟ੍ਰੈਜੇਡੀ ਕਿੰਗ ਦੇ ਰੂਪ ‘ਚ ਜਾਣੇ ਜਾਂਦੇ ਇਸ ਦਿੱਗਜ ਅਦਾਕਾਰ ਦਾ ਕਰੀਅਰ ਛੇ ਦਹਾਕਿਆਂ ਤੋਂ ਜ਼ਿਆਦਾ ਹੈ। ਉਨ੍ਹਾਂ ਆਪਣੇ ਕਰੀਅਰ ‘ਚ 65 ਤੋਂ ਜ਼ਿਆਦਾ ਫਿਲਮਾਂ ‘ਚ ਅਦਾਕਾਰੀ ਕੀਤੀ ਤੇ ਉਨ੍ਹਾਂ ਨੂੰ ‘ਦੇਵਦਾਸ’ (1955), ‘ਨਯਾ ਦੌਰ’ (1957), ‘ਮਗ਼ਲ ਏ ਆਜ਼ਮ’ (1960), ‘ਗੰਗਾ ਜਮੁਨਾ’ (1961), ‘ਕ੍ਰਾਂਤੀ’ (1981) ਤੇ ‘ਕਰਮਾ’ (1986) ਵਰਗੀਆਂ ਫਿਲਮਾਂ ‘ਚ ਉਨ੍ਹਾਂ ਦੀ ਬਿਹਤਰੀਨ ਅਦਾਕਾਰੀ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੂੰ ਆਖਰੀ ਵਾਰ 1998 ‘ਚ ‘ਕਿਲਾ’ ‘ਚ ਦੇਖਿਆ ਗਿਆ ਸੀ।