Connect with us

punjab

58 ਸਾਲ ਦੀ ਉਮਰ ’ਚ ਤਮਗਾ ਜਿੱਤ ਕੇ ਮਿਸਾਲ ਬਣਿਆ ਅਬਦੁੱਲਾ ਅਲਰਸ਼ੀਦੀ

Published

on

tokyo olympic

ਜੇਕਰ ਕੁਝ ਬਣਨ ਦਾ ਜ਼ਜਬਾ ਹੋਵੇ ਤਾਂ ਇਨਸਾਨ ਕੁਝ ਵੀ ਕਰ ਸਕਦਾ ਹੈ। ਉਮਰ ਦੇ ਜਿਸ ਪੜ੍ਹਾਅ ਵਿਚ ਲੋਕ ਅਕਸਰ ‘ਰਿਟਾਇਰਡ’ ਜ਼ਿੰਦਗੀ ਦੀਆਂ ਯੋਜਨਾਵਾਂ ਬਣਾਉਣ ਵਿਚ ਰੁੱਝੇ ਹੁੰਦੇ ਹਨ, ਉਥੇ ਹੀ ਕੁਵੈਤ ਦੇ ਅਬਦੁੱਲਾ ਅਲਰਸ਼ੀਦੀ ਨੇ ਟੋਕੀਓ ਓਲੰਪਿਕ ਨਿਸ਼ਾਨੇਬਾਜ਼ੀ ਵਿਚ ਕਾਂਸੀ ਤਮਗਾ ਜਿੱਤ ਕੇ ਦੁਨੀਆ ਨੂੰ ਦਿਖਾ ਦਿੱਤਾ ਕਿ ਉਨ੍ਹਾਂ ਲਈ ਉਮਰ ਸਿਰਫ਼ ਇਕ ਅੰਕੜਾ ਹੈ। 7 ਵਾਰ ਦੇ ਓਲੰਪੀਅਨ ਨੇ ਸੋਮਵਾਰ ਨੂੰ ਪੁਰਸ਼ਾਂ ਦੇ ਸਕੀਟ ਮੁਕਾਬਲੇ ਵਿਚ ਕਾਂਸੀ ਤਮਗਾ ਜਿੱਤਿਆ। ਇਹੀ ਨਹੀਂ ਤਮਗਾ ਜਿੱਤਣ ਦੇ ਬਾਅਦ ਉਨ੍ਹਾਂ ਨੇ 2024 ਵਿਚ ਪੈਰਿਸ ਓਲੰਪਿਕ ਵਿਚ ਸੋਨ ਤਮਗੇ ’ਤੇ ਨਿਸ਼ਾਨਾ ਲਗਾਉਣ ਦਾ ਵੀ ਵਾਅਦਾ ਕੀਤਾ। ਉਦੋਂ ਉਹ 60 ਸਾਲ ਤੋਂ ਪਾਰ ਹੋ ਚੁੱਕੇ ਹੋਣਗੇ। ਉਨ੍ਹਾਂ ਨੇ ਅਸਾਕਾ ਨਿਸ਼ਾਨੇਬਾਜ਼ੀ ਰੇਂਜ ’ਤੇ ਓਲੰਪਿਕ ਸੂਚਨਾ ਸੇਵਾ ਨੂੰ ਕਿਹਾ, ‘ਮੈਂ 58 ਸਾਲ ਦਾ  ਹਾਂ। ਸਭ ਤੋਂ ਬੁੱਢਾ ਨਿਸ਼ਾਨੇਬਾਜ਼ ਅਤੇ ਇਹ ਕਾਂਸੀ ਤਮਗਾ ਮੇਰੇ ਲਈ ਸੋਨੇ ਤੋਂ ਘੱਟ ਨਹੀਂ। ਮੈਂ ਇਸ ਤਮਗੇ ਤੋਂ ਬਹੁਤ ਖ਼ੁਸ਼ ਹਾਂ ਪਰ ਉਮੀਦ ਹੈ ਕਿ ਅਗਲੇ ਓਲੰਪਿਕ ਵਿਚ ਸੋਨ ਤਮਗਾ ਜਿੱਤਾਂਗਾ। ਪੈਰਿਸ ਵਿਚ।’

ਉਨ੍ਹਾਂ ਕਿਹਾ, ‘ਮੈਂ ਬਦਕਿਸਮਤ ਹਾਂ ਕਿ ਸੋਨ ਤਮਗਾ ਨਹੀਂ ਜਿੱਤ ਸਕਿਆ ਪਰ ਕਾਂਸੀ ਤਮਗੇ ਨਾਲ ਵੀ ਖ਼ੁਸ਼ ਹਾਂ। ਇਨਸ਼ਾ ਅੱਲਾਹ ਅਗਲੇ ਓਲੰਪਿਕ ਵਿਚ ਪੈਰਿਸ ਵਿਚ 2024 ਵਿਚ ਸੋਨ ਤਮਗਾ ਜਿੱਤਾਂਗਾ। ਮੈਂ ਉਸ ਸਮੇਂ 61 ਸਾਲ ਦਾ ਹੋ ਜਾਵਾਂਗਾ ਅਤੇ ਸਕੀਟ ਨਾਲ ਟਰੈਪ ਵਿਚ ਵੀ ਉਤਰਾਂਗਾ।’ ਅਲਰਸ਼ੀਦੀ ਨੇ ਪਹਿਲੀ ਵਾਰ 1996 ਅਟਲਾਂਟਾ ਓਲੰਪਿਕ ਵਿਚ ਹਿੱਸਾ ਲਿਆ ਸੀ। ਉਨ੍ਹਾਂ ਨੇ ਰਿਓ ਓਲੰਪਿਕ 2016 ਵਿਚ ਵੀ ਕਾਂਸੀ ਤਮਗਾ ਜਿੱਤਿਆ ਸੀ ਪਰ ਉਸ ਸਮੇਂ ਆਜ਼ਾਦ ਖਿਡਾਰੀ ਦੇ ਤੌਰ ’ਤੇ ਉਤਰੇ ਸਨ। ਕੁਵੈਤ ’ਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਪਾਬੰਦੀ ਲਗਾਈ ਹੋਈ ਸੀ। ਉਸ ਸਮੇਂ ਅਲਰਸ਼ੀਦੀ ਆਰਸੇਨਲ ਫੁੱਟਬਾਲ ਕਲੱਬ ਦੀ ਜਰਸੀ ਪਾ ਕੇ ਆਏ ਸਨ। ਇੱਥੇ ਕੁਵੈਤ ਲਈ ਖੇਡਦੇ ਹੋਏ ਤਮਗਾ ਜਿੱਤਣ ਦੇ ਬਾਰੇ ਵਿਚ ਉਨ੍ਹਾਂ ਕਿਹਾ, ‘ਰਿਓ ਵਿਚ ਤਮਗੇ ਤੋਂ ਮੈਂ ਖ਼ੁਸ਼ ਸੀ ਪਰ ਕੁਵੈਤ ਦਾ ਝੰਡਾ ਨਾ ਹੋਣ ਤੋਂ ਦੁਖੀ ਸੀ। ਤੁਸੀਂ ਸਮਾਰੋਹ ਦੇਖੋ, ਮੇਰਾ ਸਿਰ ਝੁਕਿਆ ਹੋਇਆ ਸੀ। ਇੱਥੇ ਮੈਂ ਖ਼ੁਸ਼ ਹਾਂ ਕਿਉਂਕਿ ਮੇਰੇ ਦੇਸ਼ ਦਾ ਝੰਡਾ ਇੱਥੇ ਹੈ।’