Connect with us

Punjab

ਨੀਰਜ ਚੋਪੜਾ ਲਈ ਕੈਪਟਨ ਨੇ ਕੀਤਾ ਵੱਡਾ ਐਲਾਨ

Published

on

amarinder

ਚੰਡੀਗੜ੍ਹ : ਓਲੰਪਿਕ ਖੇਡਾਂ ਵਿੱਚ ਅਥਲੈਟਿਕਸ ਵਿੱਚ ਭਾਰਤ ਲਈ ਪਹਿਲਾ ਸੋਨੇ ਦਾ ਤਮਗਾ ਜਿੱਤਣ ਵਾਲੇ ਭਾਰਤੀ ਫੌਜ ਦੇ ਸੂਬੇਦਾਰ ਨੀਰਜ ਚੋਪੜਾ (ਵੀ.ਐਸ.ਐਮ.) ਦੀ ਸ਼ਾਨਾਮੱਤੀ ਪ੍ਰਾਪਤੀ ਨੂੰ ਸਨਮਾਨਿਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ  ਭਾਰਤ ਦੇ ਇਸ ਅਥਲੀਟ ਨੂੰ ਦੋ ਕਰੋੜ ਰੁਪਏ ਦਾ ਵਿਸ਼ੇਸ਼ ਇਨਾਮ ਦੇਣ ਦਾ ਐਲਾਨ ਕੀਤਾ ਹੈ। ਨੀਰਜ ਨੇ ਟੋਕੀਓ ਵਿਖੇ 87.58 ਮੀਟਰ ਦੀ ਥਰੋਅ ਨਾਲ ਜੈਵਲਿਨ ਵਿੱਚ ਸੋਨੇ ਦਾ ਤਮਗਾ ਜਿੱਤਿਆ।


ਮੁੱਖ ਮੰਤਰੀ ਨੇ ਕਿਹਾ ਕਿ ਇਹ ਭਾਰਤ ਅਤੇ ਸਾਰੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ। ਨੀਰਜ ਚੋਪੜਾ ਜੋ ਭਾਰਤੀ ਫੌਜ ਦਾ ਸਿਪਾਹੀ ਹੈ, ਦੇ ਪਰਿਵਾਰ ਦਾ ਪਿਛੋਕੜ ਪੰਜਾਬ ਨਾਲ ਜੁੜਿਆ ਹੋਇਆ ਹੈ।


ਜ਼ਿਕਰਯੋਗ ਹੈ ਕਿ ਨੀਰਜ ਚੋਪੜਾ ਨੇ ਭਾਰਤ ਵਿੱਚ ਬਹੁਤਾ ਸਮਾਂ ਆਪਣੀ ਪ੍ਰੈਕਟਿਸ ਐਨ.ਆਈ.ਐਸ. ਪਟਿਆਲਾ ਵਿਖੇ ਕੀਤੀ ਹੈ। ਇਸ ਤੋਂ ਪਹਿਲਾਂ ਉਸ ਨੇ 2018 ਵਿੱਚ ਜਕਾਰਤਾ ਏਸ਼ਿਆਈ ਖੇਡਾਂ ਅਤੇ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤਿਆ। ਜੈਵਲਿਨ ਥਰੋਅ ਵਿੱਚ ਉਹ 88.07 ਮੀਟਰ ਦੀ ਥਰੋਅ ਨਾਲ ਭਾਰਤ ਦਾ ਮੌਜੂਦਾ ਰਿਕਾਰਡ ਹੋਲਡਰ ਹੈ।


ਨੀਰਜ ਨੇ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਵੀ ਸੋਨੇ ਦਾ ਤਮਗਾ ਜਿੱਤਿਆ ਸੀ ਅਤੇ ਅੰਡਰ 20 ਵਰਗ ਵਿੱਚ 86.48 ਮੀਟਰ ਦੀ ਥਰੋਅ ਨਾਲ ਵਿਸ਼ਵ ਰਿਕਾਰਡ ਬਣਾਇਆ ਸੀ।

ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਵਿਅਕਤੀਗਤ ਖੇਡਾਂ ਵਿੱਚ ਇਹ ਭਾਰਤ ਦਾ ਦੂਜਾ ਸੋਨ ਤਮਗਾ ਹੈ। ਪਹਿਲਾ ਸੋਨ ਤਮਗਾ ਪੰਜਾਬ ਦੇ ਅਭਿਨਵ ਬਿੰਦਰਾ ਨੇ 2008 ਵਿੱਚ ਬੀਜਿੰਗ ਵਿਖੇ ਜਿੱਤਿਆ ਸੀ।ਨੀਰਜ ਚੋਪੜਾ ਨੇ ਆਪਣੀ ਪੜ੍ਹਾਈ ਡੀ.ਏ.ਵੀ.ਕਾਲਜ ਚੰਡੀਗੜ੍ਹ ਤੋਂ ਕੀਤੀ ਹੈ ਅਤੇ 2016 ਵਿੱਚ ਉਸ ਨੇ ਭਾਰਤੀ ਸੈਨਾ ਵਿੱਚ 4 ਰਾਜਸਥਾਨ ਰਾਈਫਲਜ਼ ਜੁਆਇਨ ਕੀਤੀ ਸੀ।