punjab
ਬਾਟਾਲਾ ‘ਚ ਹੋਈ ਵੱਡੀ ਵਾਰਦਾਤ, ਦਿਨ-ਦਿਹਾੜੇ ਹੋਇਆ ਨੌਜਵਾਨ ਦਾ ਕਤਲ
ਬਟਾਲਾ : ਪੁਲਿਸ ਚੌਕੀ ਹਰਚੋਵਾਲ ਅਧੀਨ ਪੈਂਦੇ ਪਿੰਡ ਭਾਮ ਦੇ ਨੌਜਵਾਨ ਦਾ ਗੋਲ਼ੀਆਂ ਮਾਰ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਪਿੰਦਰ ਸਿੰਘ ਵਾਸੀ ਭਾਮ ਜੋ ਕਿ ਚੱਢਾ ਸ਼ੂਗਰ ਮਿੱਲ ਕੀੜੀ ਅਫਗਾਨਾ ਵਿਖੇ ਨੌਕਰੀ ਕਰਦਾ ਸੀ। ਉਸ ਦੀ ਹਰਚੋਵਾਲ ਤੋਂ ਬਟਾਲਾ ਰੋਡ ’ਤੇ ਇਕ ਟਿਊਬਵੈੱਲ ’ਤੇ ਗੋਲੀਆਂ ਨਾਲ ਵਿੰਨ੍ਹੀ ਲਾਸ਼ ਮਿਲੀ ਹੈ।
ਵਾਰਦਾਤ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਮ੍ਰਿਤਕ ਦਾ ਪਰਿਵਾਰ ਵੀ ਪਹੁੰਚ ਗਿਆ ਅਤੇ ਥਾਣਾ ਸ੍ਰੀ ਹਰਗੋਬਿੰਦਪੁਰ ਦੀ ਐੱਸ. ਐੱਚ. ਓ. ਬਲਜੀਤ ਕੌਰ ਡੀ. ਐੱਸ. ਪੀ ਹਰਵਿੰਦਰ ਸਿੰਘ ਗਿੱਲ ਨੇ ਵੀ ਵਾਰਦਾਤ ਦੀ ਮੌਕੇ ’ਤੇ ਜਾ ਕੇ ਜਾਂਚ ਸ਼ੁਰੂ ਕਰ ਦਿਤੀ। ਉਥੇ ਹੀ ਪੁਲਿਸ ਅਧਕਾਰੀਆਂ ਦਾ ਕਹਿਣਾ ਹੈ ਕਿ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਜਲਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਸ ਮੌਕੇ ਡੀ. ਐੱਸ. ਪੀ. ਹਰਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਹਾਲ ਦੀ ਘੜੀ ਗੁਰਪਿੰਦਰ ਸਿੰਘ ਪੁੱਤਰ ਸੁਖਜਿੰਦਰ ਸਿੰਘ ਦੇ ਕਤਲ ਦੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਕਿ ਇਹ ਕਤਲ ਕਿਹੜੇ ਕਾਰਨਾਂ ਕਰਕੇ ਹੋਇਆ ਹੈ ਅਤੇ ਇਸ ਕਤਲ ਵਿਚ ਕੌਣ-ਕੌਣ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਮ੍ਰਿਤਕ ਦੇ ਪਿਤਾ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਗੁਰਪਿੰਦਰ ਸਿੰਘ ਨੂੰ ਅੱਜ ਦੁਪਹਿਰ ਸਮੇਂ ਦੋ ਨੌਜਵਾਨ ਘਰੋਂ ਮੋਟਰਸਾਈਕਲ ’ਤੇ ਬਿਠਾ ਕੇ ਲੈ ਕੇ ਆਏ ਸਨ। ਕੁਝ ਸਮੇਂ ਬਾਅਦ ਜਦੋਂ ਉਨ੍ਹਾਂ ਨੇ ਗੁਰਵਿੰਦਰ ਨੂੰ ਫੋਨ ਕੀਤਾ ਤਾਂ ਉਸ ਦਾ ਫੋਨ ਬੰਦ ਆ ਰਿਹਾ ਸੀ।
ਇਸ ਉਪਰੰਤ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਗੁਰਪਿੰਦਰ ਨੇ ਉਨ੍ਹਾਂ ਨੂੰ ਦੱਸਿਆ ਕਿ ਪਿੰਡ ਹਰਚੋਵਾਲ ਦੇ ਕੁਝ ਮੁੰਡਿਆਂ ਨਾਲ ਉਸ ਦਾ ਝਗੜਾ ਚੱਲ ਰਿਹਾ ਹੈ ਜਿਸ ਦਾ ਰਾਜ਼ੀਨਾਮਾ ਹੋ ਗਿਆ ਹੈ ਅਤੇ ਹੁਣ ਕੋਈ ਖ਼ਤਰੇ ਦੀ ਗੱਲ ਨਹੀਂ ਹੈ ਪਰ ਅੱਜ ਉਸ ਦਾ ਕਤਲ ਹੋ ਗਿਆ ਹੈ। ਜਵਾਨ ਪੁੱਤਰ ਦੀ ਮੌਤ ਕਾਰਨ ਉਸ ਦਾ ਪੂਰਾ ਪਰਿਵਾਰ ਹੀ ਉੱਜੜ ਗਿਆ ਹੈ। ਪੀੜਤ ਪਰਿਵਾਰ ਨੇ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇ ਕੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦੀ ਗੁਹਾਰ ਲਗਾਈ ਹੈ।