World
ਮੀਂਹ ਨੇ ਚੀਨ ‘ਚ ਮਚਾਈ ਤਬਾਹੀ, 21 ਦੀ ਮੌਤ, ਕਈ ਲਾਪਤਾ

ਚੀਨ : ਚੀਨ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਕਈ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਚੀਨ ਦੇ ਹੁਬੇਈ (Hubei) ਪ੍ਰਾਂਤ ਵਿੱਚ ਭਾਰੀ ਮੀਂਹ ਨੇ ਸਥਿਤੀ ਨੂੰ ਇੰਨਾ ਖਰਾਬ ਕਰ ਦਿੱਤਾ ਕਿ ਇੱਕ ਸ਼ਹਿਰ ਵਿੱਚ 21 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਚਾਰ ਲੋਕ ਅਜੇ ਵੀ ਲਾਪਤਾ ਹਨ।
ਸੂਇਸੀਅਨ (Suixian) ਖੇਤਰ ਦੀ ਲਿਉਲਿਨ (Luilin) ਟਾਊਨਸ਼ਿਪ ਵਿੱਚ ਪਿਛਲੇ ਕੁਝ ਦਿਨਾਂ ਵਿੱਚ 500 ਮਿਲੀਮੀਟਰ ਤੋ ਵੱਧ ਬਾਰਿਸ਼ ਹੋਈ, ਜਿਸ ਕਾਰਨ ਪੂਰਾ ਸ਼ਹਿਰ ਸਾਢੇ ਤਿੰਨ ਮੀਟਰ ਦੀ ਉਚਾਈ ਤੱਕ ਭਰ ਗਿਆ। ਜਾਣਕਾਰੀ ਅਨੁਸਾਰ ਸਮੁੱਚੀ ਟਾਊਂਨਸ਼ਿਪ ਵਿੱਚ ਲਗਭਗ 8 ਹਜ਼ਾਰ ਲੋਕ ਪ੍ਰਭਾਵਿਤ ਹੋਏ ਹਨ।
ਸਥਾਨਕ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ, ਹਾਲਾਂਕਿ ਅਜੇ ਵੀ ਮੌਤਾਂ ਦੀ ਗਿਣਤੀ ਵਧਣ ਦਾ ਡਰ ਬਣਿਆ ਹੋਇਆ ਹੈ। ਚੀਨੀ ਮੌਸਮ ਵਿਭਾਗ ਵੱਲੋਂ ਇਸ ਖੇਤਰ ਵਿੱਚ Yellow Alert ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਦੇ ਅਨੁਸਾਰ, ਸ਼ੁੱਕਰਵਾਰ ਨੂੰ ਹੁਬੇਈ, ਹੁਨਾਨ, ਜੇਜਾਂਗ ਅਤੇ ਚੀਨ ਦੇ ਕਈ ਹੋਰ ਖੇਤਰਾਂ ਸਮੇਤ ਕਈ ਇਲਾਕਿਆਂ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ ਅਤੇ ਇਹ ਅੰਕੜਾ 200 ਮਿਲੀਮੀਟਰ ਤੱਕ ਜਾ ਸਕਦਾ ਹੈ ਮੌਸਮ ਵਿਭਾਗ ਨੇ ਸਥਾਨਕ ਪ੍ਰਸ਼ਾਸਨ ਨੂੰ ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਲਈ ਕਿਹਾ ਹੈ।
ਹੁਬੇਈ ਪ੍ਰਾਂਤ ਦੇ ਸਿਰਫ ਪੰਜ ਵੱਖ -ਵੱਖ ਸ਼ਹਿਰਾਂ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਤੇਜ਼ੀ ਨਾਲ ਸੁਰੱਖਿਅਤ ਜਗ੍ਹਾ ਤੇ ਲਿਜਾਣ ਦਾ ਕੰਮ ਕੀਤਾ ਜਾ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਮਹੀਨੇ ਵੀ ਚੀਨ ਦੇ ਹੇਨਾਨ ਪ੍ਰਾਂਤ ਵਿੱਚ ਹੜ੍ਹਾਂ ਕਾਰਨ ਲਗਭਗ 300 ਲੋਕਾਂ ਦੀ ਮੌਤ ਹੋਈ ਸੀ, ਜਦੋਂ ਕਿ 50 ਤੋਂ ਜ਼ਿਆਦਾ ਲੋਕ ਲਾਪਤਾ ਸਨ। ਹੁਣ ਇੱਕ ਵਾਰ ਫਿਰ ਚੀਨ ਦੇ ਵੱਖ -ਵੱਖ ਇਲਾਕਿਆਂ ਵਿੱਚ ਮੀਂਹ ਅਤੇ ਹੜ੍ਹਾਂ ਦਾ ਕਹਿਰ ਦਿਖਾਈ ਦੇ ਰਿਹਾ ਹੈ।