Punjab
ਹੋਲੇ ਮਹੱਲੇ ਦੀਆਂ ਰੌਣਕਾਂ ਬਰਕਰਾਰ, ਵੱਡੀ ਗਿਣਤੀ ‘ਚ ਸੰਗਤਾਂ ਹੋ ਰਹੀਆਂ ਗੁਰਦੁਆਰਾ ਸਾਹਿਬਾਨ ‘ਚ ਨਤਮਸਤਕ
ਸ੍ਰੀ ਅੰਨਦਪੁਰ ਸਾਹਿਬ: ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਸਾਲਾਨਾ ਜੋੜ ਮੇਲੇ ਹੋਲੇ ਮਹੱਲੇ ਦੀ ਸ਼ੁਰੂਆਤ ਬੀਤੇ ਦਿਨ ਖਾਲਸਾ ਪੰਥ ਦੇ ਜਨਮ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋ ਗਈ ਹੈ। ਇਸ ਮੇਲੇ ਦੀ ਸ਼ੁਰੂਆਤ ਤੋਂ ਹੀ ਗੁਰਦੁਆਰਾ ਸਾਹਿਬਾਨ ‘ਚ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਦਿਖਾਈ ਦੇ ਰਿਹਾ ਹੈ। ਅੱਜ ਦੂਸਰੇ ਦਿਨ ਵੀ ਹੋਲੇ-ਮਹੱਲੇ ਦੀਆਂ ਰੌਣਕਾਂ ਬਰਕਰਾਰ ਹਨ ਤੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ‘ਚ ਪਹੁੰਚੀਆਂ ਸੰਗਤਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਸਤਮਸਤਕ ਹੋ ਕੇ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੀਆਂ ਹਨ।
ਤੁਹਾਨੂੰ ਦੱਸ ਦੇਈਏ ਕਿ ਮਹੱਲੇ ਦੇ ਦੂਸਰੇ ਦਿਨ ਕੀਰਤਨ ਦਰਬਾਰ, ਢਾਡੀ ਦਰਬਾਰ ਅਤੇ ਕਈ ਹੋਰ ਪ੍ਰੋਗਰਾਮ ਉਲੀਕੇ ਗਏ ਹਨ ਤੇ ਬੀਤੇ ਦਿਨ ਹੋਲੇ ਮੁਹੱਲੇ ਨੂੰ ਮੁੱਖ ਰੱਖਦਿਆਂ ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ ਤੇ ਬਾਕੀ ਗੁਰੂ ਘਰਾਂ ‘ਚ ਅਖੰਡ ਪਾਠ ਸਾਹਿਬ ਦੀ ਅਰੰਭਤਾ ਹੋ ਗਈ ਹੈ, ਜਿਨ੍ਹਾਂ ਦੇ ਭੋਗ 10 ਮਾਰਚ ਨੂੰ ਪਾਏ ਜਾਣਗੇ।
ਸ਼੍ਰੋਮਣੀ ਕਮੇਟੀ ਵਲੋਂ ਹੋਲਾ ਮਹੱਲਾ ਮੌਕੇ ਦੇਸ਼-ਵਿਦੇਸ਼ ਤੋਂ ਸ੍ਰੀ ਅਨੰਦਪੁਰ ਸਾਹਿਬ ਆਉਣ ਵਾਲੀਆਂ ਸੰਗਤਾਂ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਉਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਈ ਸਖ਼ਤ ਕਦਮ ਚੁੱਕੇ ਗਏ ਹਨ। ਇਸ ਪਵਿੱਤਰ ਅਵਸਰ ’ਤੇ ਸ੍ਰੀ ਆਨੰਦਪੁਰ ਸਾਹਿਬ ਆਉਣ ਵਾਲੀਆਂ ਸੰਗਤਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਪ੍ਰਸ਼ਾਸਨ ਵੱਲੋਂ ਇਥੇ ਆਉਣ ਵਾਲੇ ਹਰੇਕ ਵਾਹਨ ਦੀ ਨਾਕਿਆਂ ’ਤੇ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।
ਇਸ ਦੌਰਾਨ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਅਹਤਿਆਤ ਵੀ ਵਰਤੇ ਜਾ ਰਹੇ ਹਨ। ਲੰਗਰ ਬਣਾਉਣ ਵਾਲੇ ਵੀ ਸਾਵਧਾਨੀ ਵਰਤ ਰਹੇ ਹਨ। ਇਹਨਾਂ ਲੰਗਰਾਂ ‘ਚ ਇੱਕ ਲੰਗਰ ਅਜਿਹਾ ਹੈ ਜਿਥੇ ਲੰਗਰ ਬਣਾਉਣ ਵਾਲੇ ਆਪਣੇ ਮੂੰਹ ‘ਤੇ ਮਾਸਕ ਪਾ ਕੇ ਲੰਗਰ ਬਣਾ ਰਹੇ ਹੈ।