punjab
ਵਿਦੇਸ਼ ਭੇਜਣ ਦੇ ਨਾਂ ‘ਤੇ ਲੜਕੀ ਨਾਲ ਹੋਈ ਲੱਖਾਂ ਰੁਪਏ ਦੀ ਠੱਗੀ

ਸਮਾਣਾ : ਪੰਜਾਬ ਵਿਚ ਠੱਗ ਏਜੰਟਾ ਵੱਲੋਂ ਵਿਦੇਸ਼ ਭੇਜਣ ਦੇ ਨਾਮ ‘ਤੇ ਲੋਕਾਂ ਨਾਲ ਲੱਖਾਂ ਦੀ ਠੱਗੀ ਕੀਤੀ ਜਾ ਰਹੀ ਹੈ। ਜਿਸ ਦਾ ਬਹੁਤ ਸਾਰੇ ਲੋਕ ਸ਼ਿਕਾਰ ਹੋ ਰਹੇ ਹਨ। ਅਜਿਹਾ ਹੀ ਮਾਮਲਾ ਸਮਾਣਾ ਤੋਂ ਸਾਹਮਣੇ ਆਇਆ ਹੈ, ਜਿਥੇ ਏਜੰਟ ਵੱਲੋਂ ਕੁੜੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 8 ਲੱਖ ਰੁਪਏ ਠੱਗਣ ਅਤੇ ਵਾਪਸੀ ਵਜੋਂ ਦਿੱਤੇ ਗਏ ਚੈੱਕ ਬਾਊਂਸ ਹੋਣ ਦੇ ਇਕ ਮਾਮਲੇ ਵਿਚ ਸਦਰ ਪੁਲਿਸ ਨੇ ਹਰਪ੍ਰੀਤ ਸਿੰਘ ਦੇ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਸਬੰਧਿਤ ਪੁਲਿਸ ਚੌਂਕੀ ਮਵੀ ਕਲਾਂ ਦੇ ਇੰਚਾਰਜ ਸਬ-ਇੰਸਪੈਕਟਰ ਸੰਦੀਪ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਕੌਰ ਪੁੱਤਰੀ ਦਰਸ਼ਨ ਸਿੰਘ ਨਿਵਾਸੀ ਪਿੰਡ ਕੁਲਾਰਾਂ ਵੱਲੋਂ ਉੱਚ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਗਈ ਸ਼ਿਕਾਇਤ ਅਨੁਸਾਰ ਉਹ ਆਸਟ੍ਰੇਲੀਆ ਜਾਣ ਦੀ ਚਾਹਵਾਨ ਸੀ।
ਵਿਦੇਸ਼ ਭੇਜਣ ਦੇ ਏਜੰਟ ਵਜੋਂ ਕੰਮ ਕਰਦੇ ਹਰਪ੍ਰੀਤ ਸਿੰਘ ਵੱਲੋਂ ਉਸ ਨਾਲ 17 ਲੱਖ ਰੁਪਏ ਵਿਚ ਆਸਟ੍ਰੇਲੀਆ ਭੇਜਣ ਦਾ ਸੌਦਾ ਪੱਕਾ ਕਰ ਲਿਆ ਗਿਆ ਅਤੇ ਵੀਜ਼ਾ ਲਗਵਾਉਣ ਲਈ 5 ਲੱਖ ਰੁਪਏ ਦਾ ਇਕ ਚੈੱਕ ਅਤੇ ਵੀਜ਼ਾ ਫ਼ੀਸ ਭਰਨ ਲਈ ਉਸ ਨੇ 3 ਲੱਖ ਰੁਪਏ ਨਕਦ ਦੇ ਦਿੱਤੇ ਪਰ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਦਿੱਤੇ ਗਏ ਪੈਸੇ ਵਾਪਸ ਕੀਤੇ। ਕੁੜੀ ਅਤੇ ਉਸ ਦੇ ਪਰਿਵਾਰ ਵੱਲੋਂ ਵਾਰ-ਵਾਰ ਮੰਗਣ ਦੇ ਬਾਵਜੂਦ ਉਨ੍ਹਾਂ ਨੂੰ 8 ਲੱਖ ਰੁਪਏ ਦੇ 2 ਚੈੱਕ ਦੇ ਦਿੱਤੇ ਪਰ ਦੋਵੇਂ ਚੈੱਕ ਬਾਊਂਸ ਹੋ ਗਏ। ਅਧਿਕਾਰੀ ਅਨੁਸਾਰ ਪੁਲਸ ਉੱਚ ਅਧਿਕਾਰੀਆਂ ਵੱਲੋਂ ਸ਼ਿਕਾਇਤ ਦੀ ਜਾਂਚ ਕੀਤੇ ਜਾਣ ਉਪਰੰਤ ਸਦਰ ਪੁਲਿਸ ਸਮਾਣਾ ਵੱਲੋਂ ਹਰਪ੍ਰੀਤ ਸਿੰਘ ਖ਼ਿਲਾਫ਼ ਧੋਖਾਦੇਹੀ ਸਣੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।