Punjab
ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਜ਼ਿਲ੍ਹਾ ਵਾਸੀਆਂ ਤੱਕ ਪਹੁੰਚਾਉਣ ਲਈ ਜਨ ਸੁਵਿਧਾ ਕੈਂਪ 14 ਅਪ੍ਰੈਲ ਨੂੰ : ਸਾਕਸ਼ੀ ਸਾਹਨੀ
ਪਟਿਆਲਾ: ਪੰਜਾਬ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਅਤੇ ਨੀਤੀਆਂ ਦਾ ਲਾਭ ਜਮੀਨੀ ਪੱਧਰ ਤੱਕ ਪਹੁੰਚਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ‘ਤੇ ਜ਼ਿਲ੍ਹੇ ਦੇ ਸਮੂਹ ਵਿਧਾਇਕਾਂ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ 14 ਅਪ੍ਰੈਲ ਨੂੰ ਅੰਬੇਡਕਰ ਜਯੰਤੀ ਮੌਕੇ ਸਾਰੇ ਅੱਠ ਵਿਧਾਨ ਸਭਾ ਹਲਕਿਆਂ ‘ਚ ਜਨ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ।
14 ਅਪ੍ਰੈਲ ਨੂੰ ਸਵੇਰੇ 9 ਵਜੇ ਸ਼ੁਰੂ ਹੋਣ ਵਾਲੇ ਜਨ ਸੁਵਿਧਾ ਕੈਂਪਾਂ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪਟਿਆਲਾ ਵਿਖੇ ਇਹ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੀਲਖਾਨਾ ਵਿਖੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਦਿਹਾਤੀ ਖੇਤਰ ਦਾ ਕੈਂਪ ਪਿੰਡ ਲੰਗ ਵਿਖੇ, ਨਾਭਾ ਵਿਖੇ ਜਨ ਸੁਵਿਧਾ ਕੈਂਪ ਪਿੰਡ ਕਕਰਾਲਾ ਵਿਖੇ, ਸਨੌਰ ਦਾ ਕੈਂਪ ਪਿੰਡ ਮਸੀਂਗਣ ਵਿਖੇ, ਪਾਤੜਾਂ ਦੇ ਪਿੰਡ ਖਾਂਗ ਵਿਖੇ, ਸਮਾਣਾ ਦੇ ਪਿੰਡ ਕੁਲਬੁਰਛਾ ਵਿਖੇ, ਘਨੌਰ ਦਾ ਜਨ ਸੁਵਿਧਾ ਕੈਂਪ ਤਹਿਸੀਲ ਦਫ਼ਤਰ ਘਨੌਰ ਵਿਖੇ ਅਤੇ ਰਾਜਪੁਰਾ ਦਾ ਜਨ ਸੁਵਿਧਾ ਕੈਂਪ ਬੱਸ ਸਟੈਂਡ ਵਿਖੇ ਲਗਾਇਆ ਜਾਵੇਗਾ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਕੈਂਪ ਵਿਚ ਵੱਖ-ਵੱਖ ਵਿਭਾਗਾਂ ਵਲੋਂ ਆਪਣੇ ਕਾਊਂਟਰ ਸਥਾਪਿਤ ਕੀਤੇ ਜਾਣਗੇ ਤਾਂ ਜੋ ਲੋਕਾਂ ਨੂੰ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਜਨ ਕਲਿਆਣ ਯੋਜਨਾਵਾਂ ਦਾ ਲਾਭ ਪ੍ਰਦਾਨ ਕਰਨਾ ਯਕੀਨੀ ਬਨਾਉਣ ਦੇ ਉਦੇਸ਼ ਨਾਲ ਇਹ ਕੈਂਪ ਪਿੰਡਾਂ ਤੇ ਸ਼ਹਿਰਾਂ ‘ਚ ਲਗਾਏ ਜਾ ਰਹੇ ਹਨ। ਉਨ੍ਹਾਂ ਕੈਂਪ ਨੂੰ ਸਫ਼ਲ ਬਨਾਉਣ ਲਈ ਸਬੰਧਤ ਵਿਭਾਗਾਂ ਨੂੰ ਮਿਲਜੁਲ ਕੇ ਕੰਮ ਕਰਨ ਦੇ ਨਿਰਦੇਸ਼ ਦਿੱਤੇ ਅਤੇ ਜ਼ਿਲ੍ਹਾ ਵਾਸੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਜਨ ਸੁਵਿਧਾ ਕੈਂਪਾਂ ਵਿਚ ਪਹੁੰਚ ਕੇ ਇਨ੍ਹਾਂ ਕੈਂਪਾਂ ਦਾ ਲਾਭ ਉਠਾਉਣ ਦੀ ਅਪੀਲ ਕੀਤੀ।