Punjab
ਐਸ.ਸੀ. ਕਮਿਸ਼ਨ ਦੇ ਦਖ਼ਲ ਪਿੱਛੋਂ ਫ਼ੌਰੈਂਸਿਕ ਸਾਇੰਸ ਲੈਬਾਰਟਰੀ ਵਿਭਾਗ ਦੇ ਵਿਗਿਆਨਕ ਅਫ਼ਸਰ ਨੂੰ ਮਿਲੀ ਤਰੱਕੀ
ਚੰਡੀਗੜ੍ਹ: ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖ਼ਲ ਪਿੱਛੋ ਫ਼ੌਰੈਂਸਿਕ ਸਾਇੰਸ ਲੈਬਾਰਟਰੀ ਵਿਭਾਗ ਦੇ ਵਿਗਿਆਨਕ ਅਫ਼ਸਰ ਨੂੰ ਬਤੌਰ ਸਹਾਇਕ ਡਾਇਰੈਕਟਰ ਵੱਜੋਂ ਤਰੱਕੀ ਦੇ ਦਿੱਤੀ ਗਈ ਹੈ।
ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਕਮਿਸ਼ਨ ਦੇ ਮੈਂਬਰ ਗਿਆਨ ਚੰਦ ਦਿਵਾਲੀ ਨੇ ਦੱਸਿਆ ਕਿ ਡਾਇਰੈਕਟਰ, ਫ਼ੌਰੈਂਸਿਕ ਸਾਇੰਸ ਲੈਬਾਰਟਰੀ ਵਿਭਾਗ ਦੇ ਵਿਗਿਆਨਕ ਅਫ਼ਸਰ ਨਿਸ਼ਾਨ ਚੰਦ ਵੱਲੋਂ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਉਨ੍ਹਾਂ ਦੇ ਵਿਭਾਗ ਵਿੱਚ ਸਹਾਇਕ ਡਾਇਰੈਕਟਰ (ਬੈਲਿਸਟਿਕ) ਅਤੇ ਸਹਾਇਕ ਡਾਇਰੈਕਟਰ (ਫ਼ਿਜ਼ੀਕਸ) ਦੀਆਂ ਦੋ ਆਸਾਮੀਆਂ ਕ੍ਰਮਵਾਰ ਸਾਲ 2007 ਅਤੇ 2008 ਤੋਂ ਖ਼ਾਲੀ ਪਈਆਂ ਹਨ। ਇਹ ਦੋਵੇਂ ਆਸਾਮੀਆਂ ਰਿਜ਼ਰਵ ਕੈਟਾਗਰੀ ਲਈ ਰਾਖਵੀਆਂ ਹਨ ਪ੍ਰੰਤੂ ਇਸ ਦੇ ਬਾਵਜੂਦ ਉਨ੍ਹਾਂ ਨੂੰ ਬਣਦੀ ਤਰੱਕੀ ਨਹੀਂ ਦਿੱਤੀ ਗਈ।
ਕਮਿਸ਼ਨ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਨ ਉਪਰੰਤ ਪਾਇਆ ਗਿਆ ਕਿ ਸ਼ਿਕਾਇਤ ਨਿਯਮਾਂ ਅਨੁਸਾਰ ਬਿਲਕੁਲ ਦਰੁਸਤ ਹੈ। ਇਸ ਦੇ ਸਨਮੁਖ ਕਮਿਸ਼ਨ ਵੱਲੋਂ ਸਬੰਧਤ ਵਿਭਾਗ ਨੂੰ ਸ਼ਿਕਾਇਤਕਰਤਾ ਨੂੰ ਬਣਦੀ ਤਰੱਕੀ ਦੇਣ ਲਈ ਹੁਕਮ ਦਿੱਤੇ ਗਏ। ਕਮਿਸ਼ਨ ਦੀ ਸਿਫ਼ਾਰਸ਼ ਦੇ ਸਨਮੁਖ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ (ਗ੍ਰਹਿ-2 ਸ਼ਾਖਾ) ਵਲੋਂ 25 ਅਪ੍ਰੈਲ, 2022 ਨੂੰ ਸ਼ਿਕਾਇਤਕਰਤਾ ਨੂੰ ਸਹਾਇਕ ਡਾਇਰੈਕਟਰ ਦੀ ਆਸਾਮੀ ‘ਤੇ ਤਰੱਕੀ ਦੇ ਦਿੱਤੀ ਗਈ ਹੈ।