Connect with us

Punjab

ਮਾਪਿਆਂ ਨੇ ਅਧਿਆਪਕਾਂ ਨੂੰ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਦੀ ਅਗਵਾਈ ਕਰਦੇ ਰਹਿਣ ਦਾ ਸੁਝਾਅ ਦਿੱਤਾ

Published

on

ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਅਤੇ ਆਲੋਕ ਸ਼ੇਖਰ ਪ੍ਰਿੰਸੀਪਲ ਸਕੱਤਰ ਸਕੂਲ ਸਿੱਖਿਆ ਦੀ ਅਗਵਾਈ ਹੇਠ ਡਾਇਰੈਕਟਰ ਜਰਨਲ ਸਕੂਲ ਸਿੱਖਿਆ ਪੰਜਾਬ ਪ੍ਰਦੀਪ ਕੁਮਾਰ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਸਕੂਲਾਂ ਵਿੱਚ 12 ਅਤੇ 13 ਮਈ ਨੂੰ ਮਾਪੇ-ਅਧਿਆਪਕ ਮਿਲਣੀ ਕਰਵਾਈ ਜਾ ਰਹੀ ਹੈ। ਇਸ ਮਿਲਣੀ ਦੇ ਪਹਿਲੇ ਦਿਨ ਹੀ ਸਕੂਲ ਵਿੱਚ ਮਾਪਿਆਂ ਦੇ ਪਹੁੰਚਣ ਦਾ ਭਾਰੀ ਉਤਸ਼ਾਹ ਦਿਖਿਆ।

ਡਾ. ਮਨਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਮਾਪੇ-ਅਧਿਆਪਕ ਮਿਲਣੀ ਸਕੂਲੀ ਸਿੱਖਿਆ ਦਾ ਅਨਿੱਖੜਵਾਂ ਅੰਗ ਹੈ। ਇਸ ਨਾਲ ਜਿੱਥੇ ਬੱਚਿਆਂ ਦੀ ਅਕਾਦਮਿਕ ਪ੍ਰਾਪਤੀਆਂ ਦਾ ਜ਼ਿਕਰ ਮਾਪਿਆਂ ਨਾਲ ਸਾਂਝਾ ਹੁੰਦਾ ਹੈ ਉੱਥੇ ਬੱਚਿਆਂ ਦੇ ਮਾਨਸਿਕ ਅਤੇ ਸਰੀਰਿਕ ਵਿਕਾਸ ਲਈ ਵੀ ਮਾਪਿਆਂ ਨੂੰ ਸੇਧ ਦਿੱਤੀ ਜਾਂਦੀ ਹੈ। ਮਾਪਿਆਂ ਦੁਆਰਾ ਅਧਿਆਪਕਾਂ ਨਾਲ ਵਿਚਾਰ ਕੀਤਾ ਜਾਂਦਾ ਹੈ ਕਿ ਕਿਵੇਂ ਬੱਚੇ ਘਰਾਂ ਵਿੱਚ ਚੰਗੀ ਪੜ੍ਹਾਈ ਕਰਨ ਅਤੇ ਭਵਿੱਖ ‘ਚ ਸਫ਼ਲਤਾ ਹਾਸਲ ਕਰਨ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਦੋ ਦਿਨਾਂ ਮਾਪੇ ਅਧਿਆਪਕ ਮਿਲਣੀ ਵਿੱਚ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੁਆਰਾ ਇਸ ਸ਼ੈਸ਼ਨ ਦੌਰਾਨ ਬੱਚਿਆਂ ਦੀਆਂ ਸਾਕਾਰਾਤਮਕ ਪ੍ਰਾਪਤੀਆਂ ਬਾਰੇ ਜ਼ਿਕਰ ਕੀਤਾ ਜਾ ਰਿਹਾ ਹੈ ਤਾਂ ਜੋ ਵਿਦਿਆਰਥੀ ਨੂੰ ਚੰਗੀ ਪੜ੍ਹਾਈ ਲਈ ਪ੍ਰੇਰਿਤ ਕੀਤਾ ਜਾ ਸਕੇ। ਅਧਿਆਪਕ ਮਾਪਿਆਂ ਨੂੰ ਦੱਸ ਰਹੇ ਹਨ ਕਿ ਉਹ ਛੁੱਟੀਆਂ ਦੌਰਾਨ ਬੱਚਿਆਂ ਦੀ ਪੜ੍ਹਾਈ ਲਈ ਕਿਹੜੇ ਸੌਖਾਲੇ ਢੰਗਾਂ ਨਾਲ ਸਹਾਇਤਾ ਕਰ ਸਕਦੇ ਹਨ। ਇਸਦੇ ਨਾਲ ਹੀ ਮਾਪਿਆਂ ਅਤੇ ਬੱਚਿਆਂ ਨੂੰ ਦੱਸਿਆ ਜਾ ਰਿਹਾ ਹੈ ਕਿ ਗਰਮੀ ਦੀਆਂ ਛੁੱਟੀਆਂ ਵਿੱਚ ਗਰਮੀ ਤੋਂ ਬਚਾਅ ਕਿਵੇਂ ਰੱਖਣਾ ਹੈ।

ਮਾਪੇ ਅਧਿਆਪਕ ਮਿਲਣੀ ਦੌਰਾਨ ਮਾਪਿਆਂ ਦੇ ਨਾਲ-ਨਾਲ ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ, ਪਤਵੰਤੇ ਸੱਜਣਾਂ, ਸੇਵਾ ਮੁਕਤ ਅਧਿਆਪਕਾਂ ਨੇ ਵੀ ਸ਼ਿਰਕਤ ਕੀਤੀ ਅਤੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਆਪਣੇ ਤਜ਼ਰਬੇ ਅਤੇ ਵਿਚਾਰ ਸਾਂਝੇ ਕੀਤੇ ਗਏ।