Punjab
ਯੋਗੀ ਸਰਕਾਰ ਦਾ ਵੱਡਾ ਫ਼ੈਸਲਾ, DS ਚੌਹਾਨ ਨੂੰ ਬਣਾਇਆ ਯੂਪੀ ਦਾ ਕਾਰਜਕਾਰੀ DGP
ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ 1988 ਬੈਚ ਦੇ ਆਈ.ਪੀ.ਐਸ. ਡੀ.ਐਸ ਚੌਹਾਨ ਨੂੰ ਯੂਪੀ ਦਾ ਕਾਰਜਕਾਰੀ ਡੀ.ਜੀ.ਪੀ ਨਿਯੁਕਤ ਕੀਤਾ ਹੈ। ਵੀਰਵਾਰ ਨੂੰ ਜਾਰੀ ਇੱਕ ਹੁਕਮ ਵਿੱਚ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਵਨੀਸ਼ ਕੁਮਾਰ ਅਵਸਥੀ ਨੇ ਕਿਹਾ ਕਿ ਚੌਹਾਨ, 1988 ਬੈਚ ਦੇ ਭਾਰਤੀ ਪੁਲਿਸ ਸੇਵਾ ਦੇ ਅਧਿਕਾਰੀ, ਨੂੰ ਰਾਜ ਦਾ ਨਵਾਂ ਪੁਲਿਸ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਚੌਹਾਨ ਮੁਕੁਲ ਗੋਇਲ ਦੀ ਥਾਂ ਲੈਣਗੇ, ਜਿਨ੍ਹਾਂ ਨੂੰ ਬੁੱਧਵਾਰ ਨੂੰ ਡਿਊਟੀ ‘ਚ ਅਣਗਹਿਲੀ ਦੇ ਦੋਸ਼ ‘ਚ ਡਾਇਰੈਕਟਰ ਜਨਰਲ (ਸਿਵਲ ਡਿਫੈਂਸ) ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਦੱਸ ਦਈਏ ਕਿ ਯੂਪੀ ‘ਚ ਅਪਰਾਧ ‘ਤੇ ਕੰਟਰੋਲ ਨਾ ਹੋਣ ਕਾਰਨ ਸੀਐਮ ਯੋਗੀ ਨੇ ਸਖ਼ਤ ਰੁਖ਼ ਅਪਣਾਉਂਦੇ ਹੋਏ ਇਕ ਦਿਨ ਪਹਿਲਾਂ ਡੀਜੀਪੀ ਮੁਕੁਲ ਗੋਇਲ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ। 1987 ਬੈਚ ਦੇ ਆਈ.ਪੀ.ਐਸ ਅਧਿਕਾਰੀ ਮੁਕੁਲ ਯੂਪੀ ਪੁਲਿਸ ਦੇ ਡਾਇਰੈਕਟਰ ਜਨਰਲ ਵਜੋਂ ਇੱਕ ਸਾਲ ਵੀ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੇ।