Connect with us

Punjab

ਸਿੱਖਿਆ ਮੰਤਰੀ ਨੇ ‘ਪੜ੍ਹੋ ਪੰਜਾਬ-ਪੜ੍ਹਾਉ ਪੰਜਾਬ’ ਅਤੇ ‘ਸਮਾਰਟ ਸਕੂਲ ਮੁਹਿੰਮ’ ਦੇ ਕੋਆਰਡੀਨੇਟਰਾਂ ਨੂੰ ਹੋਰ ਗਰਮਜੋਸ਼ੀ ਨਾਲ ਕੰਮ ਕਰਨ ਲਈ ਪ੍ਰੇਰਿਆ

Published

on

ਚੰਡੀਗੜ੍ਹ/ਐਸ.ਏ.ਐਸ. ਨਗਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਪੰਜਾਬ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ‘ਪੜ੍ਹੋ ਪੰਜਾਬ-ਪੜ੍ਹਾਉ ਪੰਜਾਬ’ ਅਤੇ ‘ਸਮਾਰਟ ਸਕੂਲ ਮੁਹਿੰਮ’ ਦੇ ਰਾਜ ਅਤੇ ਜ਼ਿਲ੍ਹਾ ਕੋਆਰਡੀਨੇਟਰਾਂ ਨਾਲ ਲੰਮੀ ਮੀਟਿੰਗ ਕੀਤੀ। ਮੰਤਰੀ ਨੇ ਜਿੱਥੇ ਕੋਆਰਡੀਨੇਟਰਾਂ ਅਤੇ ਅਧਿਆਪਕਾਂ ਦਾ ਹੋਰ ਗਰਮਜੋਸ਼ੀ ਨਾਲ ਕੰਮ ਕਰਨ ਲਈ ਹੌਸਲਾ ਵਧਾਇਆ, ਉਥੇ ਉਨ੍ਹਾਂ ਦੀਆਂ ਮੁਸ਼ਕਿਲਾਂ ਵੀ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ।

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿੱਚ ਇੱਕਠ ਨੂੰ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਸਕੂਲਾਂ ਵਿੱਚ ਪਹਿਲ ਦੇ ਆਧਾਰ ‘ਤੇ ਪਖ਼ਾਨੇ, ਬਿਜਲੀ, ਪਾਣੀ, ਬੈਂਚ, ਦੀਵਾਰਾਂ ਆਦਿ ਜਿਹੀਆਂ ਮੁਢਲੀਆਂ ਸਹੂਲਤਾਂ ਹੋਣੀਆਂ ਲਾਜ਼ਮੀ ਹਨ। ਉਨ੍ਹਾਂ ਕਿਹਾ, “ਮੇਰੀ ਤਰਜੀਹ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਉਚ ਮਿਆਰੀ ਸਿੱਖਿਆ ਮੁਹੱਈਆ ਕਰਨਾ ਹੈ। ਇਸ ਲਈ ਮੈਂ ਸਕੂਲਾਂ ਵਿੱਚ ਛਾਪੇਮਾਰੀ ਨਹੀਂ ਕਰਾਂਗਾ, ਸਗੋਂ ਜ਼ਮੀਨੀ ਹਕੀਕਤ ਜਾਣਨ ਲਈ ਬਤੌਰ ਸਿੱਖਿਆ ਮੰਤਰੀ ਸਕੂਲਾਂ ਦਾ ਦੌਰਾ ਕੀਤਾ ਜਾਵੇਗਾ।”

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਮੁੱਖ ਉਦੇਸ਼ ਆਪਣੇ ਅਧਿਆਪਕਾਂ ਨੂੰ ਵਿਦੇਸ਼ਾਂ ਦੀਆਂ ਬਿਹਤਰੀਨ ਸੰਸਥਾਵਾਂ ਤੋਂ ਵਿਸ਼ਵ-ਪੱਧਰੀ ਸਿਖਲਾਈ ਦਿਵਾਉਣਾ ਹੈ, ਜਿਸ ਲਈ ਹਾਲੀਆ ਬਜਟ ਵਿੱਚ ਪ੍ਰਬੰਧ ਵੀ ਕੀਤਾ ਗਿਆ ਹੈ। ਮੰਤਰੀ ਨੇ ਕਿਹਾ ਕਿ ਸਿੱਖਿਆ ਵਿਭਾਗ ਦੀਆਂ ਨੀਤੀਆਂ ਵਿੱਚ ਸੁਧਾਰ ਦੀ ਬਹੁਤ ਲੋੜ ਹੈ ਅਤੇ ਉਨ੍ਹਾਂ ਨੇ ਇਸ ਦਿਸ਼ਾ ਵਿੱਚ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਇਸ ਮੌਕੇ ਉਨ੍ਹਾਂ ਕੋਆਰਡੀਨੇਟਰਾਂ ਅਤੇ ਹੋਰ ਅਧਿਆਪਕਾਂ ਦੇ ਵਿਚਾਰ ਅਤੇ ਸੁਝਾਅ ਵੀ ਸੁਣੇ।