Connect with us

Punjab

ਫਸਲਾਂ ਤੇ ਨਸਲਾਂ ਨੂੰ ਬਚਾਉਣ ਲਈ ਭਗਵੰਤ ਮਾਨ ਸਰਕਾਰ ਦਾ ਵੱਡਾ ਐਲਾਨ

Published

on

ਚੰਡੀਗੜ੍ਹ: ਭਗਵੰਤ ਮਾਨ ਸਰਕਾਰ ਵਲੋਂ ਫਸਲਾਂ ਅਤੇ ਨਸਲਾਂ ਨੂੰ ਬਚਉਣ ਲਈ ਅਹਿਮ ਫੈਸਲਾ ਲੈਂਦਿਆਂ ਲੋਕਾਂ ਦੀ ਸਿਹਤ ਲਈ ਨੁਕਸਾਨਦੇਹ ਕੀਟ ਨਾਸ਼ਕ ਸੂਬੇ ਵਿਚ ਨਾ ਵਿਕਣ ਦੇਣ ਸਬੰਧੀ ਸਖਤ ਫੈਸਲਾ ਲਿਆ ਹੈ। ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਕੀਟਨਾਸ਼ਕ ਕੰਪਨੀਆਂ ਦੇ ਨੁਮਾਇੰਦਿਆਂ ਦੇ ਇੱਕ ਵਫਦ ਨਾਲ ਮੀਟਿੰਗ ਦੌਰਾਨ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਾਫ ਤੌਰ ‘ਤੇ ਕਹਿ ਦਿੱਤਾ ਕਿ ਕਿਸੇ ਨੂੰ ਵੀ ਸੂਬੇ ਦੇ ਲੋਕਾਂ ਦੀ ਸਿਹਤ ਅਤੇ ਵਾਤਾਵਰਣ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। 

ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਪਹਿਲਾਂ ਹੀ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ ਕਿ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਤਹਿ ਮਾਪਦੰਡਾਂ ਦੇ ਅਨੁਸਾਰ ਹੀ ਕੀਟ ਨਾਸ਼ਕ ਵੇਚਣ ਦੀ ਹੀ ਪ੍ਰਵਾਨਗੀ ਦਿੱਤੀ ਜਾਵੇ। ਉਨ੍ਹਾਂ ਨਾਲ ਹੀ ਚਿਤਾਵਨੀ ਜਾਰੀ ਕੀਤੀ ਕਿ ਤਹਿ ਮਾਪਦੰਡਾਂ ਉਲੰਘਣਾ ਕਰਨ ਵਾਲਿਆਂ ਖਿਲਾਫ ਭਗਵੰਤ ਮਾਨ ਸਰਕਾਰ ਵਲੋਂ ਸਖਤੀ ਵਰਤੀ ਜਾਵੇਗੀ।

ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਦੇ ਢਿੱਲ ਮੱਠ ਵਾਲੇ ਰਵੱਈਏ ਕਾਰਨ ਸੂਬੇ ਵਿਚ ਜ਼ਹਿਰੀਲੇ ਕੀਟ ਨਾਸ਼ਕ ਅਤੇ ਦਵਾਈਆਂ ਵਿਕਦੀਆਂ ਰਹੀਆਂ, ਜਿਸ ਕਾਰਨ ਸੂਬੇ ਦੀ ਫਸਲਾਂ, ਮਿੱਟੀ, ਪੌਣ ਪਾਣੀ ਅਤੇ ਲੋਕਾਂ ਦੀ ਸਿਹਤ ‘ਤੇ ਬਹੁਤ ਮਾੜੇ ਅਸਰ ਪਏ ਹਨ। ਉਨ੍ਹਾਂ ਕਿਹਾ ਕਿ ਇਥੋਂ ਤੱਕ ਕਿ ਸਾਡੀ ਮਿੱਟੀ ਅਤੇ ਪਾਣੀ ਪਲੀਤ ਹੋ ਗਿਆ ਹੈ ਅਤੇ ਲੋਕਾਂ ਨੂੰ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਨੇ ਜਕੜ ਲਿਆ ਹੈ।ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ।

ਇਸ ਦੇ ਨਾਲ ਹੀ ਖੇਤੀਬਾੜੀ ਮੰਤਰੀ ਨੇ ਨਕਲੀ ਕੀਟਨਾਸ਼ਕ ਅਤੇ ਦਵਾਈਆਂ ਵੇਚਣ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬਜ਼ਾਰ ਵਿਚ ਅਜਿਹਾ ਕਰਦਾ ਕੋਈ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਸਖਤ ਹੁਕਮ ਜਾਰੀ ਕੀਤੇ ਹਨ ਕਿ ਉਹ ਨਕਲੀ ਦਵਾਈਆਂ ਅਤੇ ਕੀਟਨਾਸ਼ਕ ਵੇਚਣ ਵਾਲਿਆਂ ਵਿਰੁੱਧ ਪੂਰੀ ਚੌਕਸੀ ਵਰਤਣ ਅਤੇ ਸਖਤ ਕਾਰਵਾਈ ਕਰਨ।