Punjab
ਸਰਕਾਰੀ ਬਿਕਰਮ ਕਾਲਜ ਵਿਖੇ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਤਹਿਤ ਕਰਵਾਈਆਂ ਵੱਖ ਵੱਖ ਗਤੀਵਿਧੀਆਂ
ਪਟਿਆਲਾ:
ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਵਿਖੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ‘ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ’ ਪ੍ਰੋਗਰਾਮ ਤਹਿਤ ਉਲੀਕੇ ਗਏ ਪ੍ਰੋਗਰਾਮਾਂ ਦੀ ਲੜੀ ਦੇ ਦੂਜੇ ਦਿਨ ਕਾਲਜ ਵਿਖੇ ਤਿਰੰਗੇ ਦੇ ਰੰਗ ਵਿਚ ਰੰਗਿਆ ਇੱਕ ਪ੍ਰੋਗਰਾਮ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਪ੍ਰੋ. (ਡਾ.) ਕੁਸੁਮ ਲਤਾ ਦੀ ਅਗਵਾਈ ‘ਚ ਕਰਵਾਏ ਪ੍ਰੋਗਰਾਮ ਦੀ ਸ਼ੁਰੂਆਤ ਸਟਾਫ਼ ਅਤੇ ਵਿਦਿਆਰਥੀਆਂ ਵਿਚ ਆਜ਼ਾਦੀ ਦਿਵਸ ਦਾ ਜੋਸ਼ ਭਰਨ ਲਈ ‘ਸਾਰੇ ਜਹਾਂ ਸੇ ਅੱਛਾ’ ਗੀਤ ਨਾਲ ਕੀਤੀ ਗਈ। ਇਸ ਮੌਕੇ ਡੈਫ ਐਂਡ ਡੰਬ ਕਲੱਬ ਤੋਂ ਆਏ ਮਹਿਮਾਨਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵਿਦਿਆਰਥੀਆਂ ਨੂੰ ਸ਼ਹੀਦ ਹੋਏ ਫ਼ੌਜੀ ਜਵਾਨਾਂ ਦੇ ਪਰਿਵਾਰਾਂ ਵੱਲੋਂ ਕਿਵੇਂ ਦੀ ਜ਼ਿੰਦਗੀ ਬਤੀਤ ਕੀਤੀ ਜਾ ਰਹੀ ਹੈ, ਉਨ੍ਹਾਂ ਨੂੰ ਕੀ ਕੀ ਸਮੱਸਿਆਵਾਂ ਆ ਰਹੀਆਂ ਹਨ, ਸਬੰਧੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵੁਮੈਨ ਸਟੱਡੀ ਸੈਂਟਰ ਵੱਲੋਂ ਤਿਆਰ ਕੀਤੀ ਗਈ ਇੱਕ ਡਾਕੂਮੈਂਟਰੀ ਫ਼ਿਲਮ ਵੀ ਦਿਖਾਈ ਗਈ। ਜਿਸ ਨਾਲ ਵਿਦਿਆਰਥੀਆਂ ਨੂੰ ਇਹ ਪਤਾ ਲੱਗ ਸਕੇ ਕਿ ਜਿਹੜੀ ਆਜ਼ਾਦੀ ਅਸੀਂ ਮਾਣ ਰਹੇ ਹਾਂ ਉਸ ਪਿੱਛੇ ਬਹੁਤ ਲੋਕਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ।
ਡਾ. ਅਪਰਾ ਵੱਲੋਂ ਰਾਸ਼ਟਰੀ ਝੰਡੇ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਕਾਲਜ ਦੇ ਐਚ.ਈ.ਆਈ.ਐਸ ਵਿਭਾਗ ਵੱਲੋਂ ਪੀ.ਪੀ.ਟੀ ਰਾਹੀਂ ਰਾਸ਼ਟਰੀ ਝੰਡੇ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਵਿਦਿਆਰਥੀਆਂ ਦੇ ਆਜ਼ਾਦੀ ਨਾਲ ਸਬੰਧਿਤ ਵਿਸ਼ੇ ‘ਤੇ ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ, ਲੇਖ ਰਚਨਾ, ਭਾਸ਼ਣ ਪ੍ਰਤੀਯੋਗਤਾ ਅਤੇ ਤਿਰੰਗੇ ਝੰਡੇ ਨਾਲ ਬੈਸਟ ਸੈੱਲਫ਼ ਪ੍ਰਤੀਯੋਗਤਾ ਕਰਵਾਈ ਗਈ। ਇਨ੍ਹਾਂ ਮੁਕਾਬਲਿਆਂ ‘ਚ ਜੇਤੂ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਕਾਲਜ ਦੇ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਨੂੰ ਸੰਸਥਾ ਪ੍ਰਤੀ ਵਡਮੁੱਲੀਆਂ ਸੇਵਾਵਾਂ ਨਿਭਾਉਣ ਲਈ ਸਨਮਾਨਿਤ ਕੀਤਾ ਗਿਆ।
ਪ੍ਰੋਗਰਾਮ ਦੇ ਅਖੀਰ ਵਿਚ ਵਿਦਿਆਰਥੀਆਂ ਅਤੇ ਸਟਾਫ਼ ਵੱਲੋਂ ਤਿਰੰਗੇ ਝੰਡੇ ਹੱਥ ਵਿੱਚ ਲੈ ਕੇ ਆਜ਼ਾਦੀ ਦਿਵਸ ਨੂੰ ਸਮਰਪਿਤ ਰੈਲੀ ਕੱਢੀ ਗਈ। ਪ੍ਰੋ. ਰਾਮ ਕੁਮਾਰ ਵੱਲੋਂ ਧੰਨਵਾਦ ਮਤਾ ਪੇਸ਼ ਕੀਤਾ ਗਿਆ। ਸਾਰਾ ਪ੍ਰੋਗਰਾਮ ਡਾ. ਅਪਰਾ (ਐਸਿ. ਪ੍ਰੋ.) ਅਤੇ ਡਾ. ਜੋਤੀ ਤਿਰਥਾਨੀ (ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ) ਵੱਲੋਂ ਸਾਰੇ ਸਟਾਫ਼ ਦੇ ਸਹਿਯੋਗ ਨਾਲ ਕਰਵਾਇਆ ਗਿਆ। ਪ੍ਰੋਗਰਾਮ ਦਾ ਅੰਤ ਰਾਸ਼ਟਰੀ ਗਾਣ ਨਾਲ ਕੀਤਾ ਗਿਆ।
