Connect with us

Punjab

ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾ ਕੇ ਗੁਰਬੀਰ ਸਿੰਘ ਨੇ ਘਟਾਏ ਖੇਤੀ ਖਰਚੇ

Published

on

ਪਟਿਆਲਾ:
ਪਟਿਆਲਾ ਜ਼ਿਲ੍ਹੇ ਦੇ ਪਿੰਡ ਬੋਸਰ ਕਲਾਂ ਦਾ ਨੌਜਵਾਨ ਅਗਾਂਹਵਧੂ ਕਿਸਾਨ ਗੁਰਬੀਰ ਸਿੰਘ ਸੱਤ ਸਾਲਾਂ ਤੋਂ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਹੀ ਮਿਲਾ ਕੇ ਤੇ ਝੋਨੇ ਦੀ ਸਿੱਧੀ ਬਿਜਾਈ ਕਰਕੇ ਵਾਤਾਵਰਣ ਦੀ ਸ਼ੁੱਧਤਾ ਲਈ ਆਪਣਾ ਉਸਾਰੂ ਯੋਗਦਾਨ ਪਾਉਂਦਾ ਆ ਰਿਹਾ ਹੈ ਅਤੇ ਹੋਰਨਾਂ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਖੇਤੀਬਾੜੀ ਵਿਭਾਗ ਵੱਲੋਂ ਲਗਾਏ ਜਾਂਦੇ ਜਾਗਰੂਕਤਾ ਕੈਂਪਾਂ ਵਿੱਚ ਕਿਸਾਨਾਂ ਨਾਲ ਆਪਣੇ ਤਜਰਬੇ ਸਾਂਝੇ ਕਰਨ ਵਿੱਚ ਵੀ ਮੋਹਰੀ ਭੂਮਿਕਾ ਨਿਭਾਅ ਕੇ ਕਿਸਾਨਾਂ ਦਾ ਮਾਰਗ ਦਰਸ਼ਨ ਕਰ ਰਿਹਾ ਹੈ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਗੁਰਬੀਰ ਸਿੰਘ ਤੇ ਅਜਿਹੇ ਹੋਰਨਾਂ ਕਿਸਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਕੰਮ ਕਰ ਰਹੇ ਅਜਿਹੇ ਨੌਜਵਾਨ ਕਿਸਾਨ ਖੇਤੀ ਖੇਤਰ ਵਿੱਚ ਉਸਾਰੂ ਤਬਦੀਲੀ ਲਿਆਉਣ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਤੇ ਫ਼ਸਲਾਂ ਦੀ ਰਹਿੰਦ ਖੂੰਹਦ ਦਾ ਸਹੀ ਤਰ੍ਹਾਂ ਨਿਪਟਾਰਾ ਸਮੇਂ ਦੀ ਮੰਗ ਹੈ ਜੇਕਰ ਅਸੀ ਹੁਣ ਵੀ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਦੇ ਨਤੀਜੇ ਘਾਤਕ ਨਿਕਲਣਗੇ। ਉਨ੍ਹਾਂ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਦੀ ਵਰਤੋਂ ਕਰਕੇ ਫ਼ਸਲਾਂ ਦੀ ਰਹਿੰਦ ਖੂੰਹਦ ਦਾ ਸਹੀ ਤਰ੍ਹਾਂ ਨਿਪਟਾਰਾ ਕਰਨ ਦਾ ਸੱਦਾ ਦਿੱਤਾ।

32 ਸਾਲਾ ਗੁਰਬੀਰ ਸਿੰਘ ਨੇ ਆਪਣੇ 22 ਏਕੜ ਰਕਬੇ ਵਿੱਚ ਕੀਤੀ ਜਾ ਰਹੀ ਖੇਤੀ ਦੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਪਿਛਲੇ ਸੱਤ ਸਾਲਾਂ ਤੋਂ ਪਰਾਲੀ ਦੀ ਰਹਿੰਦ ਖੂੰਹਦ ਨੂੰ ਬਿਨ੍ਹਾਂ ਅੱਗ ਲਗਾਏ ਮਲਚਰ ਤੇ ਪਲਟਾਂਵੇ ਹਲਾਂ ਦੀ ਵਰਤੋਂ ਨਾਲ ਖੇਤਾਂ ਵਿੱਚ ਮਿਲਾਕੇ ਕਣਕ ਅਤੇ ਆਲੂ ਦੀ ਬਿਜਾਈ ਕਰਦਾ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਜਿਹਾ ਕਰਨ ਨਾਲ ਜਿਥੇ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੋਇਆ ਹੈ, ਉਥੇ ਹੀ ਮਿੱਟੀ ਦੀ ਦਸਾਂ ਵਿੱਚ ਵੀ ਸੁਧਾਰ ਹੋਣ ਦੇ ਨਾਲ ਨਾਲ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਮਿੱਟੀ ਵਿੱਚ ਮਿਲਾਉਣ ਨਾਲ ਆਲੂ ਦੀ ਫ਼ਸਲ ਨੂੰ ਬਹੁਤ ਲਾਭ ਹੋਇਆ ਹੈ ਤੇ ਇਹ ਆਲੂ ਲਈ ਦੇਸੀ ਘਿਓ ਵਰਗਾ ਕੰਮ ਕਰਦੀ ਹੈ।

ਉਨ੍ਹਾਂ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 2015 ਵਿੱਚ ਪਹਿਲਾਂ ਉਨ੍ਹਾਂ ਝੋਨੇ ਦੀ ਸਿੱਧੀ ਬਿਜਾਈ ਚਾਰ ਏਕੜ ਰਕਬੇ ਵਿੱਚ ਸ਼ੁਰੂ ਕੀਤੀ ਅਤੇ ਔਸਤਨ ਡੇਢ ਕੁਇੰਟਲ ਪ੍ਰਤੀ ਏਕੜ ਵੱਧ ਝਾੜ ਪ੍ਰਾਪਤ ਕੀਤਾ ਅਤੇ ਹੁਣ ਸਾਰੇ 22 ਏਕੜ ਵਿੱਚ ਸਿੱਧੀ ਬਿਜਾਈ ਨਾਲ ਝੋਨਾ ਲਗਾਇਆ ਜਾ ਰਿਹਾ ਹੈ ਤੇ ਔਸਤਨ ਝਾੜ ਰਿਵਾਇਤੀ ਪਨੀਰੀ ਰਾਹੀਂ ਲਗਾਏ ਝੋਨੇ ਨਾਲੋਂ ਡੇਢ ਕੁਇੰਟਲ ਜ਼ਿਆਦਾ ਨਿਕਲਦਾ ਹੈ ਅਤੇ ਉਲੀਨਾਸ਼ਕ ਤੇ ਕੀਟਨਾਸ਼ਕ ਦਵਾਈਆਂ ਦਾ ਖਰਚਾ ਵੀ ਬੇਹੱਦ ਘੱਟ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਿੱਧੀ ਬਿਜਾਈ ਦੇ ਸਫਲ ਤਜਰਬੇ ਤੋਂ ਬਾਅਦ ਪਿੰਡ ਦੇ ਲਗਭਗ 70 ਫ਼ੀਸਦੀ ਕਿਸਾਨਾਂ ਨੇ ਵੀ ਸਿੱਧੀ ਬਿਜਾਈ ਨੂੰ ਅਪਣਾਇਆ ਹੈ।