Punjab
ਭਾਵਨਾਵਾਂ ਦੇ ਪ੍ਰਗਟਾਵੇ ਲਈ ਭਾਸ਼ਾ ’ਤੇ ਪਕੜ ਜ਼ਰੂਰੀ : ਮਾਧਵੀ ਕਟਾਰੀਆ

ਪਟਿਆਲਾ :
ਭਾਸ਼ਾ ਵਿਭਾਗ ਪੰਜਾਬ ਵੱਲੋਂ ਇੱਥੇ ਸ਼ੇਰਾਂਵਾਲਾ ਗੇਟ ਵਿਖੇ ਸਥਿਤ ਮੁੱਖ ਦਫਤਰ ਵਿਖੇ ਹਰ ਸਾਲ ਦੀ ਤਰ੍ਹਾਂ ਹਿੰਦੀ ਦਿਵਸ ਮਨਾਇਆ ਗਿਆ। ਇਸ ਸਮਾਗਮ ਦੌਰਾਨ ਮਾਧਵੀ ਕਟਾਰੀਆ ਆਈ.ਏ.ਐਸ. ਡਾਇਰੈਕਟਰ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਮਾਧਵੀ ਕਟਾਰੀਆ ਨੇ ਕਿਹਾ ਕਿ ਹਰੇਕ ਭਾਸ਼ਾ ਆਪਣੇ ਆਪ ‘ਚ ਸਮਰੱਥ ਤੇ ਸੰਪੂਰਨ ਹੁੰਦੀ ਹੈ। ਇਸ ਕਰਕੇ ਹਰ ਵਿਅਕਤੀ ਨੂੰ ਕਿਸੇ ਨਾ ਕਿਸੇ ਭਾਸ਼ਾ ‘ਚ ਪ੍ਰਪੱਕ ਹੋਣਾ ਚਾਹੀਦਾ ਹੈ ਤਾਂ ਹੀ ਉਹ ਆਪਣੀ ਭਾਵਨਾਵਾਂ ਤੇ ਵਿਚਾਰ ਹੋਰਨਾਂ ਨਾਲ ਸੰਪੂਰਨ ਰੂਪ ‘ਚ ਸਾਂਝੇ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਦਵਾਨਾਂ ਦੇ ਕਥਨ ਅਨੁਸਾਰ ਜਿੰਨ੍ਹੀ ਕਿਸੇ ਭਾਸ਼ਾ ਦੀ ਸੀਮਾ ਹੋਵੇਗੀ, ਉਨ੍ਹੀ ਹੀ ਸੰਸਾਰ ਦੀ ਸੰਚਾਰ ਕਰਨ ‘ਚ ਸੀਮਾ ਹੋਵੇਗੀ। ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਆਧੁਨਿਕ ਸੰਚਾਰ ਸਾਧਨਾਂ ਦੀ ਅੰਨ੍ਹੀ ਵਰਤੋਂ ਕਰਨ ਦੌਰਾਨ ਆਪਣੀ ਭਾਸ਼ਾ ਹੀ ਨਹੀਂ ਸਗੋਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਤੋਂ ਵੀ ਵਿਹੂਣੀ ਹੋ ਰਹੀ ਹੈ।
ਡਾ. ਨੀਰਜ ਜੈਨ, ਪ੍ਰੋਫੈਸਰ ਹਿੰਦੀ ਵਿਭਾਗ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ‘ਹਿੰਦੀ ਕੇਵਲ ਭਾਸ਼ਾ ਨਹੀਂ ਭਾਰਤੀਯ ਜਨਮਾਨਸ ਕੀ ਅਭਿਵਿਅਕਤੀ ਹੈ’ ਵਿਸ਼ੇ ‘ਤੇ ਵਿਸ਼ੇਸ਼ ਤੌਰ ‘ਤੇ ਆਪਣੇ ਵਿਚਾਰ ਪੇਸ਼ ਕੀਤੇ। ਡਾ. ਵੀਰਪਾਲ ਕੌਰ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਵਿਭਾਗ ਦੀਆਂ ਵੱਖ-ਵੱਖ ਭਾਸ਼ਾਵਾਂ ਨੂੰ ਪ੍ਰਫੁੱਲਤ ਕਰਨ ਸਬੰਧੀ ਕੀਤੇ ਜਾ ਰਹੇ ਉਪਰਾਲਿਆਂ ਤੇ ਸਰਗਰਮੀਆਂ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਨਾਮਵਰ ਵਿਦਵਾਨ ਡਾ. ਰਤਨ ਸਿੰਘ ਜੱਗੀ, ਡਾ. ਜਸਵਿੰਦਰ ਸਿੰਘ, ਡਾ. ਧਨਵੰਤ ਕੌਰ, ਡਾ. ਮਨਮੋਹਨ ਸਹਿਗਲ, ਡਾ. ਮਹੇਸ਼ ਗੌਤਮ ਸਮੇਤ ਬਹੁਤ ਸਾਰੇ ਸਾਹਿਤਕਾਰ ਮੌਜੂਦ ਸਨ।
ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਮਾਧਵ ਕੌਸ਼ਿਕ ਮੀਤ ਪ੍ਰਧਾਨ ਸਾਹਿਤਯ ਅਕਾਦਮੀ ਦਿੱਲੀ ਨੇ ਕਿਹਾ ਕਿ ਭਾਰਤੀ ਭਾਸ਼ਾਵਾਂ ਮਿਸਾਲ ਵਜੋਂ ਪੰਜਾਬੀ, ਹਿੰਦੀ, ਮਰਾਠੀ ਤੇ ਬੰਗਾਲੀ ਆਦਿ ਉਨ੍ਹਾਂ ਭਾਸ਼ਾਵਾਂ ‘ਚ ਸ਼ਾਮਲ ਹਨ ਜਿਨ੍ਹਾਂ ‘ਚ ਰਚਿਆ ਸਾਹਿਤ ਪੜ੍ਹਨ ਲਈ ਹੋਰਨਾਂ ਭਾਸ਼ਾਵਾਂ ਵਾਲੇ ਲੋਕ ਉਕਤ ਭਾਸ਼ਾਵਾਂ ਸਿੱਖਦੇ ਆ ਰਹੇ ਹਨ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਿਛਲੇ 75 ਸਾਲਾਂ ‘ਚ ਭਾਰਤੀ ਭਾਸ਼ਾਵਾਂ ਦੀ ਤਰੱਕੀ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਦੁਨੀਆ ਦੇ ਵੱਡੇ ਪਬਲਿਸ਼ਰ, ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਸੰਚਾਲਕ, ਭਾਰਤੀ ਭਾਸ਼ਾਵਾਂ ‘ਚ ਆਪਣੇ ਕਾਰੋਬਾਰ ਕਰਨ ਲੱਗੇ ਹਨ। ਡਾ. ਮਾਧਵ ਨੇ ਕਿਹਾ ਕਿ ਜੋ ਮੌਲਿਕਤਾ ਵਿਅਕਤੀ ਦੀ ਮਾਤਭਾਸ਼ਾ ‘ਚ ਹੁੰਦੀ ਹੈ ਉਹ ਹੋਰ ਕਿਸੇ ਭਾਸ਼ਾ ‘ਚ ਨਹੀਂ ਹੁੰਦੀ। ਇਸ ਲਈ ਸਾਨੂੰ ਗਿਆਨ ਹਾਸਿਲ ਕਰਨ ਲਈ ਹੋਰ ਭਾਸ਼ਾ ਸਿੱਖਣ ‘ਤੇ ਊਰਜਾ ਖਰਚ ਕਰਨ ਦੀ ਬਜਾਏ ਆਪਣੀ ਮਾਤਭਾਸ਼ਾ ‘ਚ ਪ੍ਰਵੀਨ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਹਿਰ ਸਮੇਂ ਹਿੰਦੀ ਭਾਸ਼ਾ ਨੇ ਦੇਸ਼ ਦੇ ਹਰ ਖਿੱਤੇ ਦੇ ਦੇਸ਼ ਭਗਤਾਂ ਨੂੰ ਇੱਕ ਲੜੀ ‘ਚ ਪ੍ਰੋਣ ਦੀ ਭੂਮਿਕਾ ਨਿਭਾਈ।
ਵਿਸ਼ੇਸ਼ ਬੁਲਾਰੇ ਡਾ. ਨੀਰਜ ਜੈਨ ਨੇ ਹਿੰਦੀ ਭਾਸ਼ਾ ‘ਚ ਘੱਟ ਰਹੇ ਰੁਜ਼ਗਾਰ ਦੇ ਸਾਧਨਾਂ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਹਿੰਦੀ ਦੀ ਅਹਿਮੀਅਤ ਸਮਝਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਹਿੰਦੀ ਦੁਨੀਆ ਦੀ ਭਾਸ਼ਾ ਬਣ ਚੁੱਕੀ ਹੈ ਅਤੇ 160 ਯੂਨੀਵਰਸਿਟੀਆਂ ‘ਚ ਪੜ੍ਹਾਈ ਜਾ ਰਹੀ ਹੈ।
ਇਸ ਮੌਕੇ ‘ਨਾਟਕ ਵਾਲਾ’ ਗਰੁੱਪ ਪਟਿਆਲਾ ਵੱਲੋਂ ਮੁਨਸ਼ੀ ਪ੍ਰੇਮ ਚੰਦ ਦੀ ਕਹਾਣੀ ‘ਸਵਾ ਸਰ ਗੇਹੂੰ’ ‘ਤੇ ਅਧਾਰਿਤ ਨਾਟਕ, ਰਾਜੇਸ਼ ਸ਼ਰਮਾ ਦੀ ਨਿਰਦੇਸ਼ਨਾ ‘ਚ ਖੇਡਿਆ ਗਿਆ। ਡਾ. ਜਸਪ੍ਰੀਤ ਫਲਕ ਨੇ ਹਿੰਦੀ ਕਵਿਤਾ ਅਤੇ ਸ਼ਕਤੀ ਨੇ ਹਿੰਦੀ ਗੀਤ ਪੇਸ਼ ਕੀਤਾ। ਸਮਾਗਮ ਦੇ ਅਖੀਰ ‘ਚ ਡਿਪਟੀ ਡਾਇਰੈਕਟਰ ਹਰਪ੍ਰੀਤ ਕੌਰ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਜਿਲ੍ਹਾ ਭਾਸ਼ਾ ਅਫਸਰ ਚੰਦਨਦੀਪ ਕੌਰ, ਸਹਾਇਕ ਨਿਰਦੇਸ਼ਕਾ ਹਰਭਜਨ ਕੌਰ, ਸਤਨਾਮ ਸਿੰਘ, ਅਮਰਿੰਦਰ ਸਿੰਘ, ਪਰਵੀਨ ਕੁਮਾਰ, ਤੇਜਿੰਦਰ ਸਿੰਘ ਗਿੱਲ, ਸੁਰਿੰਦਰ ਕੌਰ, ਜਸਪ੍ਰੀਤ ਕੌਰ ਅਤੇ ਵੱਡੀ ਗਿਣਤੀ ‘ਚ ਸਾਹਿਤ ਪ੍ਰੇਮੀ ਹਾਜ਼ਰ ਸਨ। ਮੰਚ ਸੰਚਾਲਨ ਡਾ. ਮਨਜਿੰਦਰ ਸਿੰਘ ਨੇ ਕੀਤਾ। ਅਖੀਰ ਵਿੱਚ ਸਾਰੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ।